ਮਨਮੋਹਨ ਸਰਕਾਰ ਆਰ ਐੱਸ ਐੱਸ ਦੇ ਮੁਖੀ ਨੂੰ ਅੱਤਵਾਦੀ ਸੂਚੀ ਵਿੱਚ ਪਾਉਣਾ ਚਾਹੁੰਦੀ ਸੀ!

congress
ਨਵੀਂ ਦਿੱਲੀ, 16 ਜੁਲਾਈ (ਪੋਸਟ ਬਿਊਰੋ)- ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਪਿਛਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਅੱਤਵਾਦੀਆਂ ਦੀ ਸੂਚੀ ਵਿੱਚ ਪਾਉਣਾ ਚਾਹੁੰਦੀ ਸੀ। ਇਸ ਦਾ ਖੁਲਾਸਾ ਇੱਕ ਅੰਗਰੇਜ਼ੀ ਨਿਊਜ਼ ਚੈਨਲ ਨੇ ਕੀਤਾ ਹੈ।
ਆਪਣੇ ਕੋਲ ਮੌਜੂਦ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਚੈਨਲ ਨੇ ਕਿਹਾ ਕਿ ਯੂ ਪੀ ਏ ਸਰਕਾਰ ਆਪਣੇ ਅੰਤਲੇ ਦਿਨਾਂ ਵਿੱਚ ਮੋਹਣ ਭਾਗਵਤ ਨੂੰ ਹਿੰਦੂ ਅੱਤਵਾਦੀ ਮਾਮਲੇ ਫਸਾਉਣਾ ਚਾਹੁੰਦੀ ਸੀ। ਇਸ ਦੇ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਕੋਸ਼ਿਸ਼ ਵਿੱਚ ਲੱਗੇ ਰਹੇ ਸਨ। ਇਸ ਚੈਨਲ ਦੇ ਦਾਅਵੇ ਅਨੁਸਾਰ ਅਜਮੇਰ ਅਤੇ ਮਾਲੇਗਾਂਉਂ ਵਿੱਚ ਹੋਈ ਕੱਟੜਪੰਥੀ ਹਿੰਸਾ ਮਗਰੋਂ ਯੂ ਪੀ ਏ ਸਰਕਾਰ ਨੇ ਸਾਰੇ ਦੇਸ਼ ਵਿੱਚ ਹਿੰਦੂ ਅੱਤਵਾਦ ਦਾ ਮੁੱਦਾ ਉਛਾਲਿਆ ਅਤੇ ਐੱਨ ਆਈ ਏ ਉੱਤੇ ਇਸ ਗੱਲ ਦਾ ਦਬਾਅ ਪਾਇਆ ਸੀ ਕਿ ਮੋਹਣ ਭਾਗਵਤ ਨੂੰ ਘੇਰਿਆ ਜਾਵੇ। ਅਧਿਕਾਰੀ ਯੂ ਪੀ ਏ ਦੇ ਮੰਤਰੀਆਂ ਦੇ ਹੁਕਮ ਉੱਤੇ ਕੰਮ ਕਰ ਰਹੇ ਸਨ, ਜਿਸ ਵਿੱਚ ਉਸ ਵਕਤ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਸ਼ਾਮਲ ਸਨ। ਇਹ ਅਧਿਕਾਰੀ ਭਾਗਵਤ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣਾ ਚਾਹੰੁਦੇ ਸਨ। ਐੱਨ ਆਈ ਏ ਵੱਲੋਂ ਬਣਾਈਆਂ ਫਾਈਲਾਂ ਦੀ ਨੋਟਿੰਗ ਅਨੁਸਾਰ ਜਾਂਚ ਅਧਿਕਾਰੀ ਅਤੇ ਸੀਨੀਅਰ ਪੁਲਸ ਅਧਿਕਾਰੀ ਅਭਿਨਵ ਭਾਰਤ ਸੰਗਠਨ ਦੀ ਅਜਮੇਰ ਅਤੇ ਹੋਰ ਧਮਾਕਿਆਂ ਵਿੱਚ ਦੋਸ਼ੀ ਭੂਮਿਕਾ ਕਾਰਨ ਮੋਹਨ ਭਾਗਵਤ ਕੋਲੋਂ ਇਸ ਕੇਸ ਵਿੱਚ ਪੁੱਛਗਿੱਛ ਕਰਨਾ ਚਾਹੁੰਦੇ ਸਨ। ਇਨ੍ਹਾਂ ਐੱਨ ਆਈ ਏ ਅਧਿਕਾਰੀਆਂ ਨੂੰ ਸਿੱਧੇ ਯੂ ਪੀ ਏ ਦੇ ਮੰਤਰੀਆਂ ਤੋਂ ਹੁਕਮ ਮਿਲ ਰਹੇ ਸਨ। ਯੂ ਪੀ ਏ ਸਰਕਾਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਹੇ ਸੁਸ਼ੀਲ ਕੁਮਾਰ ਸ਼ਿੰਦੇ ਨੇ ਕੱਲ੍ਹ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਪ੍ਰਮੁੱਖ ਮੋਹਨ ਭਾਗਵਤ ਨੂੰ ‘ਹਿੰਦੂ ਅੱਤਵਾਦੀ’ ਵਜੋਂ ਫਸਾਉਣ ਲਈ ਯੂ ਪੀ ਏ ਦੇ ਰਾਜ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਉੱਤੇ ਦਬਾਅ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਸ਼ਿੰਦੇ ਨੇ ਇਸ ਸੰਬੰਧ ਵਿੱਚ ਪੁੱਛੇ ਸਵਾਲ ਵਿੱਚ ਕਿਹਾ, ‘ਇਸ ਤਰ੍ਹਾਂ ਦਾ ਮੁੱਦਾ ਕਦੇ ਮੇਰੀ ਜਾਣਕਾਰੀ ਵਿੱਚ ਨਹੀਂ ਆਇਆ। ਕੇਂਦਰ ਵਿੱਚ ਭਾਜਪਾ ਅਤੇ ਆਰ ਐੱਸ ਐੱਸ ਦੇ ਕੰਟਰੋਲ ਵਾਲੀ ਸਰਕਾਰ ਹੈ। ਇਸ ਲਈ ਉਸ ਨੂੰ ਸਾਰੇ ਤੱਥ ਉਜਾਗਰ ਕਰਨੇ ਚਾਹੀਦੇ ਹਨ।’