ਮਨਮੋਹਨ ਵਾਰਿਸ ਨੇ ਗਾਇਕੀ ਦੇ ਕੀਤੇ 25 ਸਾਲ ਪੂਰੇ

‘ਪੰਜਾਬੀ ਵਿਰਸਾ’ 2018 ਟਰਾਂਟੋ `ਚ 15 ਸਤੰਬਰ ਨੂੰ
ਟਰਾਂਟੋ (ਕੰਵਲਜੀਤ ਸਿੰਘ ਕੰਵਲ) ਇੱਥੋਂ ਦੇ ਲਾਗਲੇ ਸ਼ਹਿਰ ਬਰੈਮਪਟਨ ਵਿਚਲੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਦੇ ਖੱਚਾ ਖੱਚ ਭਰੇ ਹਾਲ ਚ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਆਯੋਜਿਤ ਇਕ ਸ਼ਾਂਮ ਜਿਸ ਵਿੱਚ ਪੰਜਾਬੀ ਗਾਇਕੀ ਦੇ ਹਸਤਾਖਰ ਮਨਮੋਹਨ ਵਾਰਿਸ ਦੇ ਸੰਗੀਤਕ 25 ਵਰੇ੍ਹ ਪੂਰੇ ਕੀਤੇ ਜਾਣ ਤੇ ਤੇ ਸ਼ਾਮ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦੀਪਕ ਬਾਲੀ ਨੇ ਮਨਮੋਹਨ ਵਾਰਿਸ ਦੇ ਗਾਇਕੀ ਦੇ ਇਸ ਲੰਬੇ ਸਫਰ ਦੀ ਦਾਸਤਾਨ ਦਾ ਜਿ਼ਕਰ ਕਰਦਿਆਂ ਕਿਹਾ ਕਿ ਭਾਂਵੇਂ ਸਾਫ ਸੁਥਰੀ ਗਾਇਕੀ ਦੇ ਪੰਧ ਤੇ ਚਲਦਿਆਂ ਉਹਨਾਂ ਨੂੰ ਕਈ ਬਿਖੜੇ ਰਾਹਾਂ ਤੇ ਚੱਲਣਾਂ ਪਿਆ ਪਰ ਉਹਨਾਂ ਨੇ ਕਦੇ ਵੀ ਪੰਜਾਬੀਆਂ ਨੂੰ ਲੱਚਰ ਨਹੀਂ ਪਰੋਸਿਆ। ਕਮਲ ਹੀਰ ਨੇ ਪੰਜਾਬੀ ਗਾਇਕੀ ਦੇ ਇਸ ਸਫਰ ਚ ਆਪਣੇ ਭਰਾਵਾਂ ਚੋਂ ਉਮਰ ਚ ਸੱਭ ਤੋਂ ਛੋਟਾ ਹੋਣ ਦੇ ਬਾਵਜੂਦ ਬਹੁਤ ਕੁਝ ਸਿਖਿੱਆ ਅਤੇ ਆਪਣਾਂ ਸਰਦਾ ਬਣਦਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਇਆ। ਮਨਮੋਹਨ ਵਾਰਿਸ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ 1993 ਤੋਂ ਸ਼ੁਰੂ ਹੋਏ ਗਾਇਕੀ ਦੇ ਇਸ ਸਫਰ ਦੌਰਾਨ ਉਹਨਾਂ ਨੂੰ ਦੁਨੀਆਂ ਭਰ ਚ ਵੱਸਦੇ ਪੰਜਾਬੀਆਂ ਵੱਲੋਂ ਮਿਲੇ ਵੱਡੇ ਹੁੰਗਾਰੇ ਲਈ ਉਹ ਪੰਜਾਬੀ ਭਾਈਚਾਰੇ ਦੇ ਦਿਲੋਂ ਰਿਣੀ ਹਨ ਜਿਹਨਾਂ ਨੇ ਵਾਰਿਸ ਭਰਾਵਾਂ ਦੀ ਪਰਿਵਾਰਿਕ ਸਾਫ ਸੁਥਰੀ ਅਤੇ ਪੰਜਾਬੀ ਸਭਿਅਚਾਰ ਨੂੰ ਜਿਊਂਦੀ ਜਾਗਦੀ ਰੱਖਣ ਵਾਲੀ ਗਾਇਕੀ ਨੂੰ ਗਲੇ ਲਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਰਾਹ ਪੱਧਰਾ ਕੀਤਾ ਅਤੇ ਉਹਨਾਂ ਦੀ ਗਾਇਕੀ ਨੂੰ ਮਾਣਿਆ। ੳਹਨਾਂ ਆਸ ਪਰਗਟ ਕੀਤੀ ਕਿ ਭਵਿੱਖ ਵਿੱਚ ਵੀ ਪੰਜਾਬੀ ਭਾਈਚਾਰਾ ਸਾਫ ਸੁਥਰੀ ਗਾਇਕੀ ਦੇ ਨਿਮਾਣੇ ਜਿਹੇ ਸੇਵਾਦਾਰਾਂ ਨਾਲ ਏਸੇ ਤਰਾਂ੍ਹ ਮੋਢੇ ਨਾਲ ਮੋਢਾ ਜੋੜੀ ਰੱਖਣਗੇ। ਉਹਨਾਂ ਦੁਨੀਆਂ ਭਰ ਚ ਕੰਮ ਕਰਦੇ ਪੰਜਾਬੀ ਮੀਡੀਏ ਦਾ ਧੰਨਵਾਦ ਵੀ ਕੀਤਾ ਜਿਹਨਾਂ ਨੇ ਉਹਨਾਂ ਦੀ ਗਾਇਕੀ ਲਈ ਸਮੇਂ ਸਮੇਂ ਲਿਖੇ ਆਪਣੇ ਸ਼ਬਦਾਂ ਰਾਹੀਂ ਪ੍ਰੇਰਿਆ ਵੀ ਅਤੇ ਸੇਧ ਵੀ ਦਿੱਤੀ। ਇਸ ਮੌਕੇ ਪੰਜਾਬੀ ਭਾਈਚਾਰੇ ਨੂੰ ਗਰੇਟਰ ਟਰਾਂਟੋ ਚ ਵੱਡੇ ਸਫਲ ਸ਼ੋਅ ਆਯੋਜਿਤ ਕਰਨ ਵਾਲੀ “ਟੀਮ ਫੋਰ ਐਂਟਰਟੇਮੈਂਟ” ਵੱਲੋਂ ਇਸ ਵਰੇ੍ਹ ਦੇ ਪੰਜਾਬੀ ਵਿਰਸਾ 2018 ਸ਼ੋਅ ਜੋ ਕਿ 15 ਸਤੰਬਰ ਨੂੰ ਬਰੈਂਮਪਟਨ ਦੇ ਸੀ ਏ ਏ (ਪਾਵਰਏਡ) ਸੈਂਟਰ ਚ ਕਰਵਾਇਆ ਜਾ ਰਿਹਾ ਹੈ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਜਿੱਥੇ ਵਾਰਿਸ ਭਰਾ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰਨਗੇ। ਟੀਮ ਵੱਲੋਂ ਆਸ ਕੀਤੀ ਗਈ ਕਿ ਲੋਕਾਂ ਦੇ ਵੱਡੇ ਉਤਸ਼ਾਹ ਤੋਂ ਲੱਗਦਾ ਹੈ ਕਿ ਬੀਤੇ ਵਰ੍ਹਿਆਂ ਵਾਂਗੂੰ ਵੀ ਇਹ ਸ਼ੋਅ ਵੀ ਸਮੇਂ ਤੋਂ ਪਹਿਲਾਂ ਹੀ ਸੋਲਡ ਆਊਟ ਹੋ ਜਾਵੇਗਾ।