ਮਨਪ੍ਰੀਤ ਸਿੰਘ ਬਾਦਲ ਨੇ ਪੁਲਸ ਦੀ ਸੁਰੱਖਿਆ ਤੇ ਕਾਰ ਲੈਣੋਂ ਨਾਂਹ ਕੀਤੀ

manpreet* ‘ਆਪ’ ਪਾਰਟੀ ਦੇ ਨੇਤਾ ਹਾਲੇ ਤੱਕ ਫੈਸਲਾ ਹੀ ਨਹੀਂ ਲੈ ਸਕੇ
ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਰਾਜ ਦੇ ਇਹੋ ਜਿਹੇ ਪਹਿਲੇ ਵਜ਼ੀਰ ਬਣ ਗਏ ਹਨ, ਜਿਨ੍ਹਾਂ ਨੇ ਪੁਲੀਸ ਸੁਰੱਖਿਆ ਲੈਣੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਤੇ ਵਿਧਾਇਕ ਵਜੋਂ ਸਰਕਾਰੀ ਗੱਡੀ ਵੀ ਨਹੀਂ ਲਈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅਜੇ ਤੱਕ ਪੁਲੀਸ ਸੁਰੱਖਿਆ ਤੇ ਸਰਕਾਰੀ ਗੱਡੀਆਂ ਲੈਣ ਦਾ ਫ਼ੈਸਲਾ ਹੀ ਨਹੀਂ ਕੀਤਾ।
ਅੱਜ ਦੇ ਸਹੁੰ ਚੁੱਕ ਸਮਾਗਮ ਲਈ ਮਨਪ੍ਰੀਤ ਸਿੰਘ ਬਾਦਲ ਰਾਜ ਭਵਨ ਤੱਕ ਆਪਣੀ ਟੋਇਟਾ ਫਾਰਚੂਨਰ ਨਿੱਜੀ ਕਾਰ ਵਿੱਚ ਪੁੱਜੇ, ਜਿਸ ਨਾਲ ਕੋਈ ਸੁਰੱਖਿਆ ਗਾਰਡ ਨਹੀਂ ਸੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀਆਂ ਤੇ ਵਿਧਾਇਕਾਂ ਹੀ ਨਹੀਂ, ਸਗੋਂ ਹਾਕਮ ਧਿਰ ਵੱਲੋਂ ਥਾਪੇ ਹੋਏ ਵਿਵਾਦ ਗ੍ਰਸਤ ਹਲਕਾ ਇੰਚਾਰਜਾਂ ਨੂੰ ਵੀ ਦਰਜਨਾਂ ਦੇ ਹਿਸਾਬ ਪੁਲੀਸ ਜਵਾਨ ਸੁਰੱਖਿਆ ਦੇ ਨਾਂਅ ਉੱਤੇ ਮਿਲੇ ਹੋਏ ਸਨ। ਹੋਰ ਤਾਂ ਹੋਰ, ਪਿਛਲੀ ਸਰਕਾਰ ਨੇ ਦਿੱਲੀ ਦੇ ਅਕਾਲੀ ਆਗੂਆਂ ਨੂੰ ਵੀ 20-20 ਤੱਕ ਸੁਰੱਖਿਆ ਜਵਾਨ ਦੇ ਰੱਖੇ ਸਨ। ਮਨਪ੍ਰੀਤ ਸਿੰਘ ਬਾਦਲ ਦਾ ਕਦਮ ਪੰਜਾਬ ਦੇ ਗੰਨਮੈਨ ਸੱਭਿਆਚਾਰ ਦਾ ਖ਼ਾਤਮਾ ਕਰਨ ਵੱਲ ਸੇਧਤ ਹੈ।
ਆਮ ਆਦਮੀ ਪਾਰਟੀ ਨੇ ਇਹ ਮੁੱਦਾ ਖ਼ਾਸ ਤੌਰ ਉੱਤੇ ਉਭਾਰਿਆ ਤੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਦੇ ਖ਼ਾਤਮੇ ਦੀ ਗੱਲ ਆਖੀ ਸੀ। ਕਾਂਗਰਸ ਦਾ ਮੈਨੀਫੈਸਟੋ ਤਿਆਰ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਵਿੱਚ ਵੀ ਵਿੱਤ ਮੰਤਰੀ ਹੁੰਦਿਆਂ ਸੁਰੱਖਿਆ ਤੇ ਸਰਕਾਰੀ ਗੱਡੀ ਨਹੀਂ ਲਈ ਸੀ।
ਦੂਜੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਸੁਰੱਖਿਆ ਲੈ ਲਈ ਹੈ, ਪਰ ਵੀਹ ਵਿਧਾਇਕਾਂ ਵਾਲੀ ‘ਆਪ’ ਪਾਰਟੀ ਛੇਤੀ ਹੀ ਮੀਟਿੰਗ ਕਰ ਕੇ ਸੁਰੱਖਿਆ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਕਰੇਗੀ। ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਨੇ ਆਖਿਆ ਕਿ ਹਾਲ ਦੀ ਘੜੀ ਪਾਰਟੀ ਦੇ ਕਿਸੇ ਵਿਧਾਇਕ ਨੇ ਪੁਲੀਸ ਸੁਰੱਖਿਆ ਜਾਂ ਗੱਡੀ ਨਹੀਂ ਲਈ। ਉਨ੍ਹਾ ਕਿਹਾ, ‘ਅਸੀਂ ਵੀ ਆਈ ਪੀ ਸੱਭਿਆਚਾਰ ਤੇ ਤਾਕਤ ਦੇ ਮੁਜ਼ਾਹਰੇ ਦੇ ਖ਼ਿਲਾਫ਼ ਹਾਂ। ਉਂਜ ਕੁਝ ਵਿਧਾਇਕਾਂ ਨੂੰ ਅਮਲ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ, ਜਿਨ੍ਹਾਂ ਕੋਲ ਆਪਣੀ ਗੱਡੀ ਨਹੀਂ ਹੈ। ਅਸੀਂ ਛੇਤੀ ਹੀ ਮੀਟਿੰਗ ਕਰ ਕੇ ਇਸ ਬਾਰੇ ਵਿਚਾਰ ਕਰਾਂਗੇ।’ ਪਾਰਟੀ ਦੇ ਚੀਫ਼ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਪਾਰਟੀ ਵਿਧਾਇਕ ਛੇਤੀ ਇਸ ਬਾਰੇ ਫ਼ੈਸਲਾ ਲੈਣਗੇ। ਕੁਝ ‘ਆਪ’ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚਲੇ ਥਾਣਾ ਮੁਖੀਆਂ ਨੇ ਉਨ੍ਹਾਂ ਦੀ ਲੋੜ ਮੁਤਾਬਕ ਇਕ ਸਿਪਾਹੀ ਦੀ ਤਾਇਨਾਤੀ ਕੀਤੀ ਹੋਈ ਹੈ। ‘ਆਪ’ ਪਾਰਟੀ ਦੇ ਇਕ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਫੇਰਾ-ਤੋਰਾ ਵਧਣ, ਬੇਅਦਬੀ ਦੀਆਂ ਘਟਨਾਵਾਂ ਤੇ ਸਿਆਸੀ ਬਦਲਾਖੋਰੀ ਦੇ ਹਮਲਿਆਂ ਦੇ ਖ਼ਤਰੇ ਦੇ ਕਾਰਨ ਸੁਰੱਖਿਆ ਗਾਰਦ ਲਾਜ਼ਮੀ ਹੋ ਸਕਦੀ ਹੈ।