ਮਨਪ੍ਰੀਤ ਬਾਦਲ ਨੇ ਕਿਹਾ, ਅਫਸਰਾਂ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ


ਚੰਡੀਗੜ੍ਹ, 13 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਨੇ ਆਈ ਏ ਐਸ ਅਫਸਰਾਂ ਨਾਲ ਵਿਵਾਦ ਖੜਾ ਕਰ ਲਿਆ ਹੈ।
ਇਕ ਪ੍ਰੋਗਰਾਮ ‘ਚ ਮਨਪ੍ਰੀਤ ਸਿੰਘ ਬਾਦਲ ਨੇ ਅਫਸਰਾਂ ‘ਤੇ ਤਨਜ਼ ਕੱਸਦਿਆਂ ਕਿਹਾ, ‘ਸਿਰਫ ਇਕ ਦੋ ਆਈ ਏ ਐਸ ਅਫਸਰਾਂ ਨੂੰ ਹੀ ਸਹੀ ਅੰਗਰੇਜ਼ੀ ਲਿਖਣੀ ਆਉਂਦੀ ਹੈ। ਬਾਕੀਆਂ ਨੂੰ ਇਹ ਤੱਕ ਨਹੀਂ ਪਤਾ ਕਿ ਆਖਰ ਅੰਗਰੇਜ਼ੀ ਕਿਵੇਂ ਲਿਖੀ ਜਾਂਦੀ ਹੈ।’ ਆਪਣੇ ਭਾਸ਼ਣ ਵਿੱਚ ਅਕਸਰ ਹੀ ਉਰਦੂ ਫਾਰਸੀ ਦੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਕੱਲ੍ਹ ਸ਼ਾਮ ਪੰਜਾਬ ਯੂਨੀਵਰਸਿਟੀ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ‘ਚ ਬੋਲ ਰਹੇ ਸਨ। ਮੰਤਰੀ ਦੀ ਇਸ ਟਿੱਪਣੀ ‘ਤੇ ਕਿਸੇ ਅਫਸਰ ਨੇ ਖੁੱਲ੍ਹੇਆਮ ਕੁਝ ਨਹੀਂ ਕਿਹਾ, ਪਰ ਵਟਸਐਪ ਉੱਤੇ ਗੁੱਸਾ ਕੱਢਿਆ। ਅਫਸਰ ਇਸ ਟਿੱਪਣੀ ਨਾਲ ਅੰਦਰੋਂ-ਅੰਦਰੀ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਇਕ ਵਟਸਐਪ ਗਰੁੱਪ ‘ਚ ਪੰਜ ਛੇ ਅਧਿਕਾਰੀਆਂ ਨੇ ਇਸ ‘ਤੇ ਤਿੱਖੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਕ ਸੀਨੀਅਰ ਆਈ ਏ ਐਸ ਅਧਿਕਾਰੀ ਨੇ ਇਥੋਂ ਤੱਕ ਲਿਖ ਦਿੱਤਾ ਕਿ ਦੇਸ਼ ਵਿੱਚ ਲੱਖਾਂ ਲੋਕ ਆਈ ਏ ਐਸ ਬਣਨ ਲਈ ਯੂ ਪੀ ਐਸ ਸੀ ਦੀ ਪ੍ਰੀਖਿਆ ਦਿੰਦੇ ਹਨ, ਉਨ੍ਹਾਂ ਵਿੱਚੋਂ ਕੁਝ ਕੁ ਹੀ ਚੁਣੇ ਜਾਂਦੇ ਹਨ। ਅਕਾਲੀ ਭਾਜਪਾ ਸਰਕਾਰ ‘ਚ ਉਚ ਅਹੁਦੇ ‘ਤੇ ਰਹੇ ਇਕ ਸੀਨੀਅਰ ਅਧਿਕਾਰੀ ਨੇ ਲਿਖਿਆ ਕਿ ਮੰਤਰੀ ਨੇ ਤਾਂ ਯੂ ਪੀ ਐਸ ਸੀ ਦੀ ਭਰੋਸੇਯੋਗਤਾ ‘ਤੇ ਹੀ ਸਵਾਲ ਖੜਾ ਕਰ ਦਿੱਤਾ ਹੈ। ਇਹ ਮੰਤਰੀ ਲਈ ਚੰਗੀ ਗੱਲ ਨਹੀਂ।