ਮਦਰ ਟੈਰੇਸਾ ਦੀ ਸੰਸਥਾ ਨੇ ਨੌਂ ਅਰਬ ਰੁਪਏ ਦਾ ਵਿਦੇਸ਼ੀ ਫੰਡ ਲਿਆ


ਰਾਂਚੀ, 10 ਜੁਲਾਈ (ਪੋਸਟ ਬਿਊਰੋ)- ਨਵਜੰਮੇ ਬੱਚਿਆਂ ਦੀ ਤਸਕਰੀ ਦੇ ਬਾਅਦ ਚਰਚਾ ਵਿੱਚ ਆਈ ਮਦਰ ਟੈਰੇਸਾ ਦੀ ਸੰਸਥਾ ‘ਮਿਸ਼ਨਰੀਜ ਆਫ ਚੈਰਿਟੀ’ ਦਾ ਇੱਕ ਹੋਰ ਭੇਦ ਖੁੱਲ੍ਹਾ ਹੈ। ਇਸ ਸੰਸਥਾ ਨੇ ਸਾਲ 2006-07 ਤੋਂ 2016-17 ਦੇ ਵਿੱਚ 10 ਸਾਲ ਦੇ ਅੰਦਰ ਨੌਂ ਅਰਬ 17 ਕਰੋੜ 62 ਲੱਖ ਰੁਪਏ ਵਿਦੇਸ਼ੀ ਫੰਡ ਲਿਆ ਹੈ। ਇਹ ਰਕਮ ਐੱਫ ਸੀ ਆਰ ਏ ਦੇ ਤਹਿਤ ਮਿਲੀ ਹੈ। ਫੰਡ ਦਾ ਇਹ ਅੰਕੜਾ ਕੋਲਕਾਤਾ ਰੀਜਨ ਦਾ ਹੈ, ਜਿਸ ਦੇ ਤਹਿਤ ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਮਿਸ਼ਨਰੀਜ ਆਫ ਚੈਰਿਟੀ ਦੀਆਂ ਸੰਸਥਾਵਾਂ ਆਉਂਦੀਆਂ ਹਨ।
ਝਾਰਖੰਡ ਸਰਕਾਰ ਮਿਸ਼ਨਰੀਜ ਆਫ ਚੈਰਿਟੀ ਅਤੇ ਕਈ ਹੋਰਨਾਂ ਐੱਨ ਜੀ ਓ ਦੇ ਐੱਫ ਸੀ ਆਰ ਏ ਨੂੰ ਰੱਦ ਕਰਨ ਲਈ ਕੇਂਦਰ ਨੂੰ ਅਪੀਲ ਕਰਨ ਜਾ ਰਹੀ ਹੈ। ਫੰਡ ਦੀ ਦੁਰਵਰਤੋਂ ਦੀ ਵੀ ਜਾਂਚ ਹੋਵੇਗੀ। ਐੱਫ ਸੀ ਆਰ ਦੀ ਦੁਰਵਰਤੋਂ ਵਿੱਚ ਇਹ ਨਿਯਮ ਹੈ ਕਿ ਇੱਕ ਕਰੋੜ ਤੋਂ ਘੱਟ ਰਾਸ਼ੀ ਵਾਲੇ ਮਾਮਲੇ ਦੀ ਜਾਂਚ ਸੂਬਾ ਪੂਲਸ ਦੀ ਸੀ ਆਈ ਡੀ ਕਰਦੀ ਹੈ, ਜਦ ਕਿ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਵਾਲੇ ਮਾਮਲੇ ਦੀ ਜਾਂਚ ਸੀ ਬੀ ਆਈ ਕਰਦੀ ਹੈ। ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ 2011 ਤੋਂ 2017 ਦੇ ਵਿੱਚ 18868 ਐੱਨ ਜੀ ਓ ਦੀ ਰਜਿਸਟਰੇਸ਼ਨ ਰੱਦ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਗ੍ਰਹਿ ਮੰਤਰਾਲੇ ਦੇ ਹੁਕਮ ਅਨੁਸਾਰ ਫਾਰੇਨ ਕੰਟ੍ਰੀਬਿਊਸ਼ਨ (ਰੈਗੂਲੇਸ਼ਨ) ਐਕਟ 2010 ਦੇ ਤਹਿਤ ਕਿਸੇ ਵਿਅਕਤੀ, ਐਸੋਸੀਏਸ਼ਨ ਅਤੇ ਕੰਪਨੀ ਨੂੰ ਮਿਲਣ ਵਾਲੀ ਵਿਦੇਸ਼ੀ ਮਦਦ ਜਾਂ ਫੰਡ ਦੇ ਲਈ ਰੈਗੂਲੇਸ਼ਨ ਦਾ ਨਿਯਮ ਹੈ। ਐੱਫ ਸੀ ਆਰ ਏ ਰੱਦ ਕਰਨ ਲਈ ਪਹਿਲਾਂ ਵੀ ਖੁਫੀਆ ਏਜੰਸੀ ਸਰਕਾਰ ਨੂੰ ਰਿਪੋਰਟ ਕਰ ਚੁੱਕੀ ਹੈ। ਬੀਤੇ ਸਾਲ ਖੁਫੀਆ ਏਜੰਸੀ ਨੇ ਸਰਕਾਰ ਨੂੰ ਭੇਜੀ ਰਿਪੋਰਟ ਵਿੱਚ ਪਰਦਾ ਫਾਸ਼ ਕੀਤਾ ਸੀ ਕਿ ਸਾਲ 2012-13 ਤੋਂ 2014-2015 ਤੱਕ ਤਿੰਨ ਸਾਲ ਦੇ ਅੰਦਰ 100 ਤੋਂ ਵੱਧ ਈਸਾਈ ਮਿਸ਼ਨਰੀਆਂ ਨੇ 310 ਅਰਬ ਦਾ ਵਿਦੇਸ਼ੀ ਫੰਡ ਲਿਆ ਸੀ। ਅਜਿਹੀਆਂ ਸੰਸਥਾਵਾਂ ਦੇ ਐੱਫ ਸੀ ਆਰ ਏ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ, ਜੋ ਹੁਣ ਤੱਕ ਵਿਚਾਰ ਅਧੀਨ ਹੈ।