ਮਣੀਪੁਰ ਵਿੱਚ ਚਾਰ ਮਹੀਨਿਆਂ ਤੋਂ ਚੱਲਦੀ ਆਰਥਕ ਨਾਕਾਬੰਦੀ ਹੁਣ ਖਤਮ ਹੋਈ

manipur
ਇੰਫਾਲ, 20 ਮਾਰਚ (ਪੋਸਟ ਬਿਊਰੋ)- ਭਾਰਤ ਦੇ ਉੱਤਰ ਪੂਰਬੀ ਰਾਜ ਮਣੀਪੁਰ ਵਿੱਚ 130 ਦਿਨਾਂ ਤੋਂ ਚੱਲ ਰਹੀ ਯੂਨਾਈਟਿਡ ਨਾਗਾ ਕੌਂਸਲ (ਯੂ ਐੱਨ ਸੀ) ਦੀ ਆਰਥਕ ਨਾਕਾਬੰਦੀ ਇਸ ਐਤਵਾਰ ਅਤੇ ਸੋਮਵਾਰ ਦਰਮਿਆਨ ਰਾਤ ਨੂੰ ਖਤਮ ਹੋ ਗਈ। ਕੇਂਦਰ, ਰਾਜ ਸਰਕਾਰ ਅਤੇ ਨਾਗਾ ਜਥੇਬੰਦੀਆਂ ਵਿਚਾਲੇ ਗੱਲਬਾਤ ਤੋਂ ਬਾਅਦ ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਤਿੰਨ ਧਿਰੀ ਗੱਲਬਾਤ ਪਿੱਛੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂ ਐੱਨ ਸੀ ਨੇਤਾਵਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇਗਾ ਅਤੇ ਆਰਥਕ ਨਾਕਾਬੰਦੀ ਬਾਰੇ ਨਾਗਾ ਜਾਤੀ ਦੇ ਨੇਤਾਵਾਂ ਅਤੇ ਵਿਦਿਆਰਥੀਆਂ ਵਿਰੁੱਧ ਚੱਲਦੇ ਕੇਸਾਂ ਨੂੰ ਖਤਮ ਕੀਤਾ ਜਾਵੇਗਾ। ਸੂਬੇ ਦੇ ਸਾਬਕਾ ਮੁੱਖ ਮੰਤਰੀ ਇਬੋਬੀ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੱਤ ਨਵੇਂ ਜ਼ਿਲ੍ਹੇ ਬਣਾਏ ਜਾਣ ਦੇ ਫੈਸਲੇ ਵਿਰੁੱਧ ਯੂ ਐੱਨ ਸੀ ਨੇ ਪਹਿਲੀ ਨਵੰਬਰ 2016 ਨੂੰ ਆਰਥਕ ਨਾਕਾਬੰਦੀ ਸ਼ੁਰੂ ਕੀਤੀ ਸੀ।
ਸਮਝੌਤੇ ਦੇ ਇਸ ਬਿਆਨ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਜਾਇੰਟ ਸਕੱਤਰ ਸਤੇਂਦਰ ਗਰਗ, ਵਧੀਕ ਮੁੱਖ ਸਕੱਤਰ (ਗ੍ਰਹਿ) ਜੇ ਸੁਰੇਸ਼ ਬਾਬੂ ਅਤੇ ਮਣੀਪੁਰ ਸਰਕਾਰ ਦੇ ਕਮਿਸ਼ਨਰ ਰਾਧਾ ਕੁਮਾਰ ਸਿੰਘ ਅਤੇ ਯੂ ਐੱਨ ਸੀ ਦੇ ਜਨਰਲ ਸਕੱਤਰ ਐਸ ਮਿਲਨ ਤੋਂ ਬਿਨਾਂ ਆਲ ਨਾਗਾ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸੇਠ ਸਤਸੰਗ ਦੇ ਦਸਖਤ ਹਨ। ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਬੀਤੀ ਸੱਤ ਫਰਵਰੀ ਨੂੰ ਨੈਸ਼ਨਲ ਹਾਈਵੇ ਦੀ ਨਾਕਾਬੰਦੀ ਖਤਮ ਕਰਨ ਲਈ ਤਿੰਨ ਧਿਰਾਂ ਦੀ ਗੱਲਬਾਤ ਬੇਨਤੀਜਾ ਰਹੀ ਸੀ। ਵਰਨਣ ਯੋਗ ਹੈ ਕਿ ਭਾਜਪਾ ਨੇ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਆਰਥਕ ਨਾਕਾਬੰਦੀ ਦਾ ਮੁੱਦਾ ਉਠਾ ਕੇ ਇਸ ਨੂੰ ਖਤਮ ਕਰਾਉਣ ਦਾ ਵਾਅਦਾ ਕੀਤਾ ਸੀ।