ਭੱਦੇ ਕੁਮੈਂਟ ਕਰਨ ਵਾਲਿਆਂ ਦੀ ਸੂਹ ਕੱਢਣ ਦਾ ਪ੍ਰਬੰਧ ਹੋ ਗਿਆ


ਵਾਸ਼ਿੰਗਟਨ, 13 ਜੂਨ (ਪੋਸਟ ਬਿਊਰੋ)- ਸੋਸ਼ਲ ਮੀਡੀਆ ਸਾਈਟ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਆਦਿ ‘ਤੇ ਗੰਦੀਆਂ ਤੇ ਅਸ਼ਲੀਲ ਟਿੱਪਣੀਆਂ ਕਰਕੇ ਕਿਸੇ ਯੂਜ਼ਰ ਨੂੰ ਮਾਨਸਿਕ ਪੱਖੋਂ ਪਰੇਸ਼ਾਨ ਕਰਨਾ ਵੱਡੀ ਸਮੱਸਿਆ ਬਣ ਗਿਆ ਹੈ। ਭੱਦੀਆਂ ਟਿੱਪਣੀਆਂ ਕਰਨ ਵਾਲਿਆਂ ਦੀ ਪਛਾਣ ਲਈ ਵਿਗਿਆਨਕਾਂ ਨੇ ਇਕ ਸਿਸਟਮ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀ ਪੋਸਟ ਹੁੰਦੇ ਹੀ ਨੈਟਵਰਕ ਪ੍ਰਬੰਧਾਂ ਨੂੰ ਅਲਰਟ ਮੈਸੇਜ ਚਲਾ ਜਾਵੇਗਾ।
ਸਿਸਟਮ ਤਿਆਰ ਕਰਨ ਵਾਲੇ ਅਮਰੀਕਾ ਦੇ ਯੂਨੀਵਰਸਿਟੀ ਆਫ ਕੋਲੋਰਾਡੋ ਬਾਊਲਡਰ ਦੇ ਖੋਜ ਕਰਤਾਵਾਂ ‘ਚ ਮੌਜੂਦ ਇਕ ਭਾਰਤਵੰਸ਼ੀ ਪ੍ਰੋਫੈਸਰ ਸ਼ਿਵਕਾਂਤ ਮਿਸ਼ਰ ਵੀ ਸ਼ਾਮਲ ਹਨ। ਇਸ ਨੂੰ ਬਣਾਉਣ ‘ਚ ਪਹਿਲਾਂ ਤੋਂ ਮੌਜੂਦ ਟੂਲ ਦੇ ਮੁਕਾਬਲੇ ਪੰਜ ਗੁਣਾ ਘੱਟ ਕੰਪਿਊਟਿੰਗ ਵਸੀਲਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਇੰਸਟਾਗ੍ਰਾਮ ਦੇ ਬਰਾਬਰ ਨੈਟਵਰਕ ਵਾਲੇ ਸਾਈਟ ਦੀ ਆਸਾਨੀ ਨਾਲ ਨਿਗਰਾਨੀ ਕਰ ਸਕਦਾ ਹੈ। ਪ੍ਰੋਫੈਸਰ ਰਿਚਰਡ ਹਾਨ ਨੇ ਦੱਸਿਆ, ਹੁਣੇ ਜਿਹੇ ਫੇਕ ਨਿਊਜ਼ ‘ਤੇ ਕੰਟਰੋਲ ਰੱਖਣ ਲਈ ਸੋਸ਼ਲ ਮੀਡੀਆ ਸਾਈਟਾਂ ਨੇ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਅਸ਼ਲੀਲ ਟਿੱਪਣੀਆਂ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਸਿਸਟਮ ਦਾ ਟੂਲ ਬਾਕਸ ਤਿਆਰ ਕਰਨ ਲਈ ਕੰਪਿਊਟਰ ਪ੍ਰੋਗਰਾਮ ਨੂੰ ਚੰਗੇ ਤੇ ਭੱਦੇ ਕੁਮੈਂਟ ‘ਚ ਫਰਕ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਫਿਰ ਹਾਸਪਿਟਲ ਟ੍ਰੀਆਜ ਦੀ ਤਰਜ਼ ‘ਤੇ ਸਿਸਟਮ ਨੂੰ ਵਿਕਸਿਤ ਕੀਤਾ ਗਿਆ। ਜਿਸ ਤਰ੍ਹਾਂ ਹਸਪਤਾਲ ‘ਚ ਗੰਭੀਰ ਰੋਗੀਆਂ ‘ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ, ਉਸ਼ੇ ਤਰ੍ਹਾਂ ਇਹ ਸਿਸਟਮ ਵੀ ਕਿਸੇ ਪੋਸਟ ‘ਤੇ ਕੀਤੇ ਗਏ ਸਾਰੇ ਕੁਮੈਂਟ ਨੂੰ ਸਕੈਨ ਕਰਕੇ ਇਹ ਤੈਅ ਕਰਦਾ ਹੈ ਕਿ ਉਸ ‘ਚ ਕੋਈ ਇਤਰਾਜ਼ ਯੋਗ ਟਿੱਪਣੀ ਤਾਂ ਨਹੀਂ। ਇਤਰਾਜ਼ਯੋਗ ਟਿੱਪਣੀ ਹੋਣ ਦੀ ਸਥਿਤੀ ‘ਚ ਪੋਸਟ ਨੂੰ ਅਗਲੀ ਜਾਂਚ ਲਈ ਪਹਿਲ ਦਿੱਤੀ ਜਾਂਦੀ ਹੈ। ਇਸ ਸਿਸਟਮ ਦੀ ਵਰਤੋਂ ਵੀਡੀਓ ਸ਼ੇਅਰਿੰਗ ਸਾਈਟ ਵਾਈਨ ਤੇ ਇੰਸਟਾਗ੍ਰਾਮ ‘ਤੇ ਕੀਤੀ ਗਈ ਜਿਸ ‘ਚ ਇਹ 70 ਫੀਸਦੀ ਸਫਲ ਰਿਹਾ।