ਭ੍ਰਿਸ਼ਟਾਚਾਰ ਦੇ ਕੁੱਝ ਮਾਮਲਿਆਂ ਵਿੱਚ ਪੁਲਿਸ ਨੇ ਨੇਤਨਾਯਾਹੂ ਤੋਂ ਚਾਰ ਘੰਟੇ ਕੀਤੀ ਪੁੱਛਗਿੱਛ


ਯੇਰੂਸ਼ਲੇਮ, 19 ਨਵੰਬਰ (ਪੋਸਟ ਬਿਊਰੋ) : ਇਜ਼ਰਾਇਲੀ ਪੁਲਿਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਤੋਂ ਭ੍ਰਿਸ਼ਟਾਚਾਰ ਦੇ ਕੁੱਝ ਮਾਮਲਿਆਂ ਵਿੱਚ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਨੇਤਨਾਯਾਹੂ ਸੱਭ ਤੋਂ ਲੰਮੇਂ ਸਮੇਂ ਤੱਕ ਸੱਤਾ ਵਿੱਚ ਬਣੇ ਰਹਿਣ ਵਾਲੇ ਇਜ਼ਰਾਇਲੀ ਆਗੂ ਹਨ।
ਨੇਤਨਾਯਾਹੂ ਦੇ ਸ਼ਾਸਨ ਨੂੰ ਡਗਮਗਾਉਣ ਦੀ ਸਮਰੱਥਾ ਵਾਲੇ ਦੋ ਘਪਲਿਆਂ ਦੇ ਸਬੰਧ ਵਿੱਚ ਪੁਲਿਸ ਛੇਵੀਂ ਵਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਲੂਬਾ ਸਮੀਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਾਂਚਕਾਰ ਐਤਵਾਰ ਸਵੇਰੇ ਨੇਤਨਾਯਾਹੂ ਦੀ ਸਰਕਾਰੀ ਰਿਹਾਇਸ਼ਗਾਹ ਉੱਤੇ ਗਏ ਸਨ। ਪਹਿਲੇ ਮਾਮਲੇ ਵਿੱਚ ਨੇਤਨਾਯਾਹੂ ਉੱਤੇ ਕਥਿਤ ਤੌਰ ਉੱਤੇ ਇਹ ਦੋਸ਼ ਹੈ ਕਿ ਉਨ੍ਹਾਂ ਆਸਟਰੇਲੀਆਈ ਬਿਲੀਅਨੇਅਰ ਜੇਮਜ਼ ਪੈਕਰ ਤੇ ਹਾਲੀਵੁੱਡ ਪ੍ਰੋਡੀਊਸਰ ਆਰਨਨ ਮਿਲਚੈਨ ਸਮੇਤ ਆਪਣੇ ਅਮੀਰ ਸਮਰਥਕਾਂ ਕੋਲੋਂ ਮਹਿੰਗੇ ਤੋਹਫੇ ਸਵੀਕਾਰ ਕੀਤੇ। ਦੂਜੇ ਮਾਮਲੇ ਵਿੱਚ ਨੇਤਨਾਯਾਹੂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਅਖਬਾਰਾਂ ਵਿੱਚ ਆਪਣੀ ਕਵਰੇਜ ਵਧਾਉਣ ਲਈ ਤੇ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਕਾਨੂੰਨ ਦਾ ਪ੍ਰਚਾਰ ਕਰਨ ਵਾਸਤੇ ਯੈਡੀਅਟ ਆਰਹੋਨੌਟ ਅਖਬਾਰ ਦੇ ਪਬਲਿਸਰ ਆਰਨਨ ਮੋਜੇਜ਼ ਨਾਲ ਕਰਾਰ ਕੀਤਾ।
ਇਨ੍ਹਾਂ ਮਾਮਲਿਆਂ ਵਿੱਚ ਨੇਤਨਾਯਾਹੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਰਿਸ਼ਵਤਖੋਰੀ,ਫਰਾਡ ਤੇ ਵਿਸ਼ਵਾਸਘਾਤ ਕਰਨ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹਨ। ਜਿ਼ਕਰਯੋਗ ਹੈ ਕਿ ਨੇਤਨਾਯਾਹੂ ਦਾ ਇੱਕ ਸਾਬਕਾ ਨੇੜਲਾ ਸਹਾਇਕ ਇਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਖਿਲਾਫ ਸਰਕਾਰੀ ਗਵਾਹ ਬਣ ਗਿਆ ਹੈ। ਪਰ ਨੇਤਨਾਯਾਹੂ ਵਾਰੀ ਵਾਰੀ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕਰਦੇ ਆ ਰਹੇ ਹਨ। ਉਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਵਿਰੋਧੀਆਂ ਵੱਲੋਂ ਮੀਡੀਆ ਨਾਲ ਰਲ ਕੇ ਉਨ੍ਹਾਂ ਖਿਲਾਫ ਇਹ ਸਾਜਿ਼ਸ਼ ਕੀਤੀ ਜਾ ਰਹੀ ਹੈ।
ਨੇਤਨਾਯਾਹੂ ਖਿਲਾਫ ਇੱਕ ਹੋਰ ਜਾਂਚ ਜਰਮਨੀ ਦੀਆਂ ਪਨਡੁੱਬੀਆਂ ਖਰੀਦਣ ਦੇ ਸਬੰਧ ਵਿੱਚ ਵੀ ਚੱਲ ਰਹੀ ਹੈ। ਇਸ ਵਿੱਚ 2 ਬਿਲੀਅਨ ਡਾਲਰ ਦਾ ਫਾਇਦਾ ਹੋਇਆ ਦੱਸਿਆ ਜਾਂਦਾ ਹੈ। ਨੇਤਨਾਯਾਹੂ ਦੇ ਨਿਜੀ ਅਟਾਰਨੀ, ਜੋ ਕਿ ਉਨ੍ਹਾਂ ਦਾ ਕਜ਼ਨ ਵੀ ਹੈ, ਵੱਲੋਂ ਇਸ ਸੌਦੇ ਵਿੱਚ ਸਾਮਲ ਜਰਮਨੀ ਦੀ ਫਰਮ ਦੀ ਨੁਮਾਇੰਦਗੀ ਕੀਤੀ ਗਈ ਤੇ ਇਹ ਸੌਦਾ ਕਰਨ ਵਿੱਚ ਨੇਤਨਾਯਾਹੂ ਉੱਤੇ ਦਬਾਅ ਵੀ ਪਾਇਆ ਗਿਆ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀਆਂ ਤੇ ਉੱਘੇ ਸਾਬਕਾ ਨੇਵੀ ਤੇ ਸਕਿਊਰਿਟੀ ਅਧਿਕਾਰੀਆਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ। ਨੇਤਨਾਯਾਹੂ ਇਸ ਜਾਂਚ ਵਿੱਚ ਮਸ਼ਕੂਕ ਨਹੀਂ ਹਨ।