ਭੋਲਾ ਦੇ ਮਾਪਿਆਂ ਦੇ ਸਾਰੇ ਕੇਸ ਇਕੱਠੇ ਕਰਨ ਲਈ ਇਨਫੋਰਸਮੈਂਟ ਵੱਲੋਂ ਅਦਾਲਤ ਵਿੱਚ ਅਰਜ਼ੀ


ਮੋਹਾਲੀ, 6 ਜਨਵਰੀ (ਪੋਸਟ ਬਿਊਰੋ)- ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਕੇਸਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਡਿਸਮਿਸ ਹੋ ਚੁੱਕੇ ਡੀ ਐਸ ਪੀ ਜਗਦੀਸ਼ ਭੋਲਾ ਦੇ ਮਾਤਾ ਪਿਤਾ ਅਤੇ ਹੋਰ ਪਰਵਾਰਕ ਮੈਂਬਰਾਂ ਖਿਲਾਫ ਸੀ ਬੀ ਆਈ ਦੀ ਅਦਾਲਤ ਵਿੱਚ ਚੱਲਦੇ ਵੱਖ-ਵੱਖ ਕੇਸਾਂ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਸਾਂ ਨੂੰ ਇਕੱਠਾ ਕਰਨ ਵਾਸਤੇ ਈ ਡੀ ਵੱਲੋਂ ਸੀ ਬੀ ਆਈ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਗਈ ਹੈ। ਅਦਾਲਤ ਨੇ ਇਸ ਤਰ੍ਹਾਂ ਦੀ ਅਰਜ਼ੀ ਨੂੰ ਸੁਣਵਾਈ ਲਈ ਪੈਂਡਿੰਗ ਰੱਖ ਲਿਆ ਹੈ।
ਦੂਸਰੇ ਪਾਸੇ ਜਗਦੀਸ਼ ਭੋਲਾ ਅਤੇ ਹੋਰਨਾਂ ਖਿਲਾਫ ਬਨੂੰੜ ਥਾਣੇ ਵਿੱਚ ਦਰਜ ਕੇਸ ਹੇਠ ਚੱਲਦੀ ਸੁਣਵਾਈ ਸੀ ਬੀ ਆਈ ਦੀ ਅਦਾਲਤ ਵਿੱਚ ਹੋਈ ਤਾਂ ਪੰਚਕੂਲਾ ਦੇ ਕਮਿਊਨਿਟੀ ਸੈਂਟਰ ਦੇ ਮੈਨੇਜਰ ਨੇ ਆ ਕੇ ਗਵਾਹੀ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਸ ਕੇਸ ਦੇ ਇਕ ਮੁਲਜ਼ਮ ਨੇ ਪੁਲਸ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਉਸ ਨੇ ਉਕਤ ਕਮਿਊਨਿਟੀ ਸੈਂਟਰ ਵਿੱਚ ਮੁਲਜ਼ਮ ਸਤਿੰਦਰ ਧਾਮਾ ਦੇ ਰਹਿਣ ਲਈ ਕਮਰਾ ਬੁੱਕ ਕਰਾਇਆ ਸੀ।