ਭੈਣ ਦੀ ਬਿਮਾਰੀ ਦੇ ਬਾਵਜੂਦ ਐਂਗਸ ਨੇ ਸਿਆਸੀ ਪਿੜ ਵਿੱਚ ਕੀਤੀ ਵਾਪਸੀ, ਕੈਂਪੇਨ ਵੀ ਜਾਰੀ ਰੱਖਣਗੇ

2ਓਟਵਾ, 8 ਅਗਸਤ (ਪੋਸਟ ਬਿਊਰੋ) : ਐਨਡੀਪੀ ਲੀਡਰਸਿ਼ਪ ਉਮੀਦਵਾਰ ਚਾਰਲੀ ਐਂਗਸ ਕੁੱਝ ਸਮੇਂ ਲਈ ਸਿਆਸੀ ਪਿੜ ਤੋਂ ਪਾਸੇ ਰਹਿਣ ਤੋਂ ਬਾਅਦ ਮੁੜ ਕੈਂਪੇਨ ਦੇ ਰੌਂਅ ਵਿੱਚ ਆ ਗਏ ਹਨ। ਉਹ ਥੋੜ੍ਹੇ ਸਮੇਂ ਲਈ ਆਪਣੀ ਬਿਮਾਰ ਭੈਣ ਦੀ ਦੇਖਭਾਲ ਲਈ ਹੀ ਸਿਆਸੀ ਦ੍ਰਿਸ਼ ਵਿੱਚੋਂ ਗਾਇਬ ਹੋਏ ਸਨ। ਓਨਟਾਰੀਓ ਦੇ ਐਮਪੀ ਲਈ ਨਿਜੀ ਤੇ ਸਿਆਸੀ ਮੰਗਾਂ ਵਿਚਾਲੇ ਫੈਸਲਾ ਕਰਨਾ ਕਾਫੀ ਔਖਾ ਹੋ ਰਿਹਾ ਹੈ।
ਪਿਛਲੇ ਹਫਤੇ ਵਿਕਟੋਰੀਆ, ਬੀਸੀ ਵਿੱਚ ਲੀਡਰਸਿ਼ਪ ਡਿਬੇਟ ਵਿੱਚ ਵੀ ਉਹ ਸ਼ਮੂਲੀਅਤ ਨਹੀਂ ਸਨ ਕਰ ਸਕੇ। ਐਂਗਸ ਨੇ ਆਖਿਆ ਕਿ ਉਨ੍ਹਾਂ ਫੈਸਲਾ ਕਰ ਲਿਆ ਹੈ ਕਿ ਉਹ ਆਪਣੇ ਕੈਂਪੇਨ ਜਾਰੀ ਰੱਖਣ ਦੇ ਨਾਲ ਨਾਲ ਆਪਣੀ ਭੈਣ ਦੀ ਸਿਹਤ ਦਾ ਖਿਆਲ ਵੀ ਰੱਖਣਗੇ। ਉਨ੍ਹਾਂ ਮੰਗਲਵਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੋ ਪ੍ਰਤੀਕਿਰਿਆ ਉਨ੍ਹਾਂ ਨੂੰ ਲੋਕਾਂ ਕੋਲੋਂ ਮਿਲ ਰਹੀ ਹੈ ਉਹ ਕਾਫੀ ਦਿਲ ਟੁੰਬਣ ਵਾਲੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਭੈਣ ਦਾ ਇਲਾਜ ਵੀ ਚੱਲਦਾ ਰਹੇਗਾ ਤੇ ਨਾਲ ਹੀ ਉਹ ਸਿਆਸੀ ਸਰਗਰਮੀ ਵੀ ਜਾਰੀ ਰੱਖਣਗੇ।
ਐਂਗਸ ਨੇ ਇਹ ਵੀ ਆਖਿਆ ਕਿ ਮਲਕੇਅਰ ਦੀ ਥਾਂ ਲੈਣ ਲਈ ਇਹ ਕਾਫੀ ਸਖ਼ਤ ਮੁਕਾਬਲਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਟੀਮ ਢੁਕਵਾਂ ਸੰਤੁਲਨ ਬਣਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਸਮਝਾਉਣਾ ਕਾਫੀ ਔਖਾ ਹੈ ਕਿ ਇੱਕ ਪਾਸੇ ਤੁਹਾਨੂੰ ਆਪਣੀ ਬਿਮਾਰ ਭੈਣ ਦੀ ਤੀਮਾਰਦਾਰੀ ਕਰਨ ਵੱਲ ਵੀ ਧਿਆਨ ਹੈ ਤੇ ਦੂਜੇ ਪਾਸੇ ਆਪਣੀ ਕੈਂਪੇਨ ਨੂੰ ਅੱਗੇ ਧੱਕਣ ਲਈ ਵੀ ਤੁਹਾਨੂੰ ਪੂਰਾ ਜੋ਼ਰ ਲਾਉਣਾ ਪੈ ਰਿਹਾ ਹੈ।
ਐਂਗਸ ਨੇ ਅੱਗੇ ਆਖਿਆ ਕਿ ਅਗਲੇ ਕੁੱਝ ਹਫਤੇ ਲੀਡਰਸਿ਼ਪ ਦੌੜ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਲੀਡਰਸਿ਼ਪ ਦੌੜ ਵਿੱਚ ਓਨਟਾਰੀਓ ਤੋਂ ਵਿਧਾਇਕ ਜਗਮੀਤ ਸਿੰਘ, ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਤੇ ਕਿਊਬਿਕ ਤੋਂ ਐਮਪੀ ਗਾਇ ਕੈਰਨ ਸ਼ਾਮਲ ਹਨ। ਸਾਰੇ ਆਗੂਆਂ ਦਾ ਜ਼ੋਰ 17 ਅਗਸਤ ਤੋਂ ਪਹਿਲਾਂ ਵੱਧ ਤੋਂ ਵੱਧ ਮੈਂਬਰ ਜੁਟਾਉਣ ਵਿੱਚ ਲੱਗਿਆ ਹੋਇਆ ਹੈ। ਐਨਡੀਪੀ ਦੇ ਸਾਬਕਾ ਆਗੂ ਜੈੱਕ ਲੇਅਟਨ ਦੀ ਸਾਬਕਾ ਡਾਇਰੈਕਟਰ ਆਫ ਸਟਰੈਟੇਜਿਕ ਕਮਿਊਨਿਕੇਸ਼ਨਜ਼ ਰਹੀ ਕੈਥਲੀਨ ਮੌਂਕ, ਦਾ ਕਹਿਣਾ ਹੈ ਕਿ ਉਮੀਦਵਾਰ ਇਸ ਅਰਸੇ ਵਿੱਚ ਗਤੀ ਦਾ ਮੁਜ਼ਾਹਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਇਹ ਵੀ ਖੁਲਾਸਾ ਕਰ ਸਕਦੇ ਹਨ ਕਿ ਕਿੰਨੇ ਐਮਪੀ ਤੇ ਪ੍ਰੋਵਿੰਸ਼ੀਅਲ ਲੈਜਿਸਲੇਟਰਜ਼ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਹੁਣ ਤੱਕ ਸਪਸ਼ਟ ਮੁਕਾਬਲਾ ਜਗਮੀਤ ਸਿੰਘ ਤੇ ਐਂਗਸ ਦਰਮਿਆਨ ਹੀ ਨਜ਼ਰ ਆ ਰਿਹਾ ਹੈ। ਅਗਲੇ ਕੁੱਝ ਹਫਤਿਆਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੋਈ ਹੋਰ ਲੀਡਰਸਿ਼ਪ ਉਮੀਦਵਾਰ ਇਨ੍ਹਾਂ ਦੀ ਬਰਾਬਰੀ ਉੱਤੇ ਆ ਸਕਦਾ ਹੈ ਜਾਂ ਕਿਹੜਾ ਉਮੀਦਵਾਰ ਆਪ ਪਿੱਛੇ ਹਟ ਕੇ ਆਪਣੇ ਸਮਰਥਕਾਂ ਨੂੰ ਕਿਸ ਲੀਡਰਸਿ਼ਪ ਆਗੂ ਦੀ ਹਮਾਇਤ ਕਰਨ ਲਈ ਆਖ ਸਕਦਾ ਹੈ। ਮਈ ਦੇ ਅੱਧ ਵਿੱਚ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਹੁਣ ਤੱਕ ਜਗਮੀਤ ਸਿੰਘ 353,944 ਡਾਲਰ ਇੱਕਠੇ ਕਰ ਚੁੱਕੇ ਹਨ ਜਦਕਿ ਐਂਗਸ ਅਪਰੈਲ ਦੇ ਸ਼ੁਰੂ ਤੋਂ ਲੈ ਕੇ ਜੂਨ ਦੇ ਅੰਤ ਤੱਕ 123,574 ਡਾਲਰ ਹੀ ਜੁਟਾ ਪਾਏ ਹਨ।