ਭੈਣ ਦੀ ਫੋਟੋ ਰੱਖਣ ਵਾਲੇ ਨੌਜਵਾਨ ਦੇ ਟੋਟੇ ਕਰਕੇ ਕੁੱਤਿਆਂ ਨੂੰ ਪਾਏ


ਲੁਧਿਆਣਾ, 11 ਜਨਵਰੀ (ਪੋਸਟ ਬਿਊਰੋ)- ਆਪਣੀ ਭੈਣ ਦੀ ਇਤਰਾਜ਼ ਯੋਗ ਫੋਟੋ ਰੱਖਣ ਦੇ ਦੋਸ਼ ‘ਚ ਭਰਾ ਨੇ ਆਪਣੇ ਦੋਸਤ ਨਾਲ ਮਿਲ ਕੇ ਇਕ ਨੌਜਵਾਨ ਦੇ ਟੋਟੇ ਕਰਕੇ ਕੁੱਤਿਆਂ ਨੂੰ ਪਾ ਦਿੱਤੇ। ਮ੍ਰਿਤਕ ਦੇ ਪਰਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਜਾਂਚ ਕਰੀ ਪੁਲਸ ਜਲੰਧਰ ਪੁੱਜੀ ਤੇ ਜਗਰਾਓਂ ਨਿਵਾਸੀ ਗੁਰਪ੍ਰੀਤ (22) ਦੇ ਟੁਕੜੇ ਬਰਾਮਦ ਕਰਕੇ ਲੁਧਿਆਣੇ ਲੈ ਗਈ। ਪੁਲਸ ਨੇ ਮੁਲਜ਼ਮ ਜਲੰਧਰ ਦੇ ਮਹੇੜੂ ਦੇ ਲਵਦੀਸ਼ ਸਿੰਘ ਤੇ ਪਿੰਡ ਲਾਂਬੜਾ ਦੇ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ, ਪਰ ਇਸ ਦੀ ਪੁਸ਼ਟੀ ਨਹੀਂ ਕਰ ਰਹੀ।
ਉਂਜ ਪੁਲਸ ਦੇ ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਜਲੰਧਰ ਦੀ ਵਸਨੀਕ ਕੁੜੀ ਦੇ ਸੰਪਰਕ ਵਿੱਚ ਫੇਸਬੁੱਕ ਰਾਹੀਂ ਆਇਆ ਸੀ, ਜਿਸ ਦੀਆਂ ਇਤਰਾਜ਼ਯੋਗ ਤਸਵੀਰਾਂ ਉਸ ਦੇ ਕੋਲ ਸਨ। ਇਸ ਬਾਰੇ ਜਦੋਂ ਕੁੜੀ ਦੇ ਭਰਾ ਲਵਦੀਸ਼ ਅਤੇ ਗਿੱਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁਰਪ੍ਰੀਤ ਤੋਂ ਫੋਟੋ ਵਾਪਸ ਮੰਗੀਆਂ। ਇਸ ਲਈ 30 ਦਸੰਬਰ ਦਾ ਦਿਨ ਨਿਸ਼ਚਤ ਕੀਤਾ ਗਿਆ। ਉਸ ਦਿਨ ਗੁਰਪ੍ਰੀਤ ਲੁਧਿਆਣੇ ਪੁੱਜ ਗਿਆ, ਪਰ ਦੋਸ਼ੀ ਨਹੀਂ ਆਏ। ਫਿਰ ਉਹ ਫੋਟੋ ਦੇਣ ਲਈ ਜਲੰਧਰ ਗਿਆ। ਪਿੰਡ ਮਹੇੜੂ ਕੋਲ ਜਾ ਕੇ ਦੋਸ਼ੀਆਂ ਨੂੰ ਫੋਨ ਕਰਕੇ ਉਥੇ ਸੱਦਿਆ ਤਾਂ ਦੋਵਾਂ ਦੀ ਬਹਿਸ ਹੋ ਗਈ ਤੇ ਉਨ੍ਹਾਂ ਨੇ ਗੁਰਪ੍ਰੀਤ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਟੁਕੜੇ-ਟੁਕੜੇ ਕਰਕੇ ਉਸ ਨੂੰ ਪੁਲ ਦੇ ਹੇਠਾਂ ਕੁੱਤਿਆਂ ਅੱਗੇ ਸੁੱਟ ਦਿੱਤਾ।
ਇਸ ਦੌਰਾਨ ਗੁਰਪ੍ਰੀਤ ਦੇ ਪਿਤਾ ਜਸਬੀਰ ਸਿੰਘ ਨੇ ਥਾਣਾ ਹਨੂਰ ਵਿੱਚ ਪੁੱਤਰ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾ ਦਿੱਤੀ, ਪਰ ਕਈ ਦਿਨਾਂ ਤੱਕ ਉਸ ਦਾ ਪਤਾ ਨਾ ਲੱਗਾ। ਛੇ ਜਨਵਰੀ ਨੂੰ ਗੁਰਪ੍ਰੀਤ ਦੇ ਦੋਸਤ ਹਰਮਨ ਨੇ ਦੱਸਿਆ ਕਿ ਉਸ ਦੀ 30 ਦਸੰਬਰ ਨੂੰ ਗੁਰਪ੍ਰੀਤ ਨਾਲ ਗੱਲ ਹੋਈ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਜਲੰਧਰ ਜਾ ਰਿਹਾ ਹੈ। ਅੱਠ ਜਨਵਰੀ ਨੂੰ ਪੁਲਸ ਨੇ ਦੱਸਿਆ ਕਿ ਗੁਰਪ੍ਰੀਤ ਬਾਰੇ ਕੁਝ ਸਬੂਤ ਮਹੇੜੂ ਪਿੰਡ ਕੋਲ ਮਿਲੇ ਹਨ। ਉਥੇ ਪੁੱਜਣ ‘ਤੇ ਉਸ ਦੇ ਕੱਪੜੇ ਤੇ ਉਸ ਦੀ ਲਾਸ਼ ਦੇ ਟੁਕੜੇ ਮਿਲੇ, ਜਿਨ੍ਹਾਂ ਨੂੰ ਕੁੱਤੇ ਖਾ ਰਹੇ ਸਨ। ਪੁਲਸ ਨੇ ਉਨ੍ਹਾਂ ਟੁਕੜਿਆਂ ਨੂੰ ਇਕੱਠਿਆਂ ਕੀਤਾ ਤੇ ਲੁਧਿਆਣੇ ਲੈ ਆਈ। ਪੁਲਸ ਗੁਰਪ੍ਰੀਤ ਦੀ ਫੋਨ ਕਾਲ ਡਿਟੇਲ ਜ਼ਰੀਏ ਮੁਲਜ਼ਮਾਂ ਤੱਕ ਪੁੱਜ ਗਈ।