ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਵਿਰੋਧੀ ਤੇ ਹਾਕਮ ਧਿਰ ਆਪੋ ਵਿੱਚ ਖਹਿਬੜੇ

parliament
ਨਵੀਂ ਦਿੱਤੀ, 31 ਜੁਲਾਈ, (ਪੋਸਟ ਬਿਊਰੋ)- ਭੀੜਾਂ ਵੱਲੋਂ ਇੱਕ ਜਾਂ ਦੂਸਰੇ ਦੋਸ਼ ਹੇਠ ਹਮਲਾ ਕਰ ਕੇ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਤੋਂ ਅੱਜ ਲੋਕ ਸਭਾ ਵਿੱਚ ਵਿਰੋਧੀ ਧਿਰ ਅਤੇ ਹਾਕਮ ਗੱਠਜੋੜ ਆਹਮੋ ਸਾਹਮਣੇ ਆ ਗਏ। ਵਿਰੋਧੀ ਪਾਰਟੀਆਂ ਨੇ ਭੀੜਾਂ ਵੱਲੋਂ ਕੀਤੇ ਜਾਂਦੇ ਕਤਲਾਂ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਆਖਿਆ। ਹਾਕਮ ਧਿਰ ਨੇ ਕਿਹਾ ਕਿ ਇਹੋ ਜਿਹੇ ਜੁਰਮਾਂ ਨਾਲ ਨਿਪਟਣ ਲਈ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸਦਨ `ਚ ਅੱਜ ਜਦੋਂ ਇਸ ਮੁੱਦੇ ਤੋਂ ਬਹਿਸ ਸ਼ੁਰੂ ਹੋਈ ਤਾਂ ਸਾਰੀਆਂ ਪਾਰਟੀਆਂ ਨੇ ਗਊ ਰੱਖਿਆ ਦੇ ਨਾਮ ਉੱਤੇ ਕੀਤੇ ਜਾਣ ਵਾਲੇ ਕਤਲਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਕਾਂਗਰਸ ਅਤੇ ਤ੍ਰਿਣਾਮੂਲ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਉੱਤੇ ਦੋਸ਼ ਲਾਇਆ ਕਿ ਉਹ ਹਿੰਸਾ ਲਈ ਜ਼ਿੰਮੇਵਾਰ ਗਊ ਰੱਖਿਅਕਾਂ ਨੂੰ ਸ਼ਹਿ ਦੇਂਦੀ ਹੈ। ਜਵਾਬ ਵਿੱਚ ਹਾਕਮ ਧਿਰ ਨੇ ਰਮਾਇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਰਾਖ਼ਸ਼ਾਂ ਨੇ ਪਵਿੱਤਰਤਾ ਦਾ ਚੋਲਾ ਪਾ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਫੜਿਆ ਹੋਇਆ ਹੈ ਅਤੇ ਹਿੰਸਾ ਉੱਤੇ ਕਾਬੂ ਪਾਉਣਾ ਕੇਂਦਰ ਦਾ ਨਹੀਂਂ, ਰਾਜ ਸਰਕਾਰਾਂ ਦਾ ਕੰਮ ਹੈ।
ਅੱਜ ਦੀ ਇਸ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਹਿੰਦੁਸਤਾਨ ਨੂੰ ਭੀੜਾਂ ਵੱਲੋਂ ਕੀਤੇ ਜਾਣ ਵਾਲੇ ਕਤਲਾਂ ਦਾ ਦੇਸ਼ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਦੇ ਖ਼ਿਲਾਫ਼ ਹੈ ਤੇ ਇਨ੍ਹਾਂ ਵਰਗਾਂ ਨੂੰ ਭੀੜਾਂ ਦੀ ਹਿੰਸਾ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈ ਰਿਹਾ ਹੈ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹੋ ਜਿਹੀ ਹਿੰਸਾ ਦੀ ਵਿਰੋਧਤਾ ਕੀਤੀ ਹੈ, ਪਰ ਕਾਰਵਾਈ ਕੋਈ ਨਹੀਂ ਕੀਤੀ। ਉਨ੍ਹਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ ਉੱਤੇ ਦੋਸ਼ ਲਾਇਆ ਕਿ ਉਹ ਭੀੜਾਂ ਵੱਲੋਂ ਕੀਤੀ ਜਾਂਦੀ ਹਿੰਸਾ ਵਿੱਚ ਸ਼ਾਮਲ ਹਨ। ਖੜਗੇ ਨੇ ਭਾਜਪਾ ਦੀਆਂ ਸਰਕਾਰਾਂ ਵਾਲੇ ਝਾਰਖੰਡ ਤੇ ਮੱਧ ਪ੍ਰਦੇਸ਼ ਨੂੰ ਭੀੜਾਂ ਦੀ ਹਿੰਸਾਂ ਦਾ ਕੇਂਦਰ ਕਰਾਰ ਦਿੰਦਿਆਂ ਕਿਹਾ ਕਿ ਇਹ ਘਟਨਾਵਾਂ ਇਸ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈਆਂ ਹਨ। ਇਸ ਮੌਕੇ ਰਾਜਾਂ ਦੇ ਮਾਮਲੇ ਅਦਾਲਤਾਂ ਵਿੱਚ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੰਦਿਆਂ ਭਾਜਪਾ ਮੈਂਬਰਾਂ ਨੇ ਰੌਲਾ ਪਾਇਆ। ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਇੱਕ ਭਾਸ਼ਣ ਦਾ ਹਵਾਲਾ ਦੇਣ ਉੱਤੇ ਵੀ ਇਤਰਾਜ਼ ਕੀਤਾ ਅਤੇ ਕਿਹਾ ਕਿ ਇਹ ਨਿਯਮਾਂ ਵਿਰੁੱਧ ਹੈ।
ਬਾਅਦ ਵਿੱਚ ਕਾਂਗਰਸ ਆਗੂ ਮਲਿਕਾਰੁਜਨ ਖੜਗੇ ਦੇ ਦੋਸ਼ਾਂ ਦਾ ਜਵਾਬ ਦਿੰਦੇ ਵਕਤ ਭਾਜਪਾ ਮੈਂਬਰ ਹੁਕਮਦੇਵ ਨਰਾਇਣ ਯਾਦਵ ਨੇ ਸਦਨ ਦਾ ਧਿਆਨ 1984 ਦੇ ਸਿੱਖ ਵਿਰੋਧੀ ਦੰਗਿਆਂ ਵਲ ਦਿਵਾਇਆ ਅਤੇ ਕੇਰਲਾ ਵਿੱਚ ਆਰ ਐਸ ਐਸ ਦੇ ਵਰਕਰ ਦੇ ਕਤਲ ਦਾ ਮੁੱਦਾ ਉਛਾਲ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰਾਏ ਨੇ ਇੱਕ ਮੈਗਜ਼ੀਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਲ 2010 ਤੋਂ ਸਾਲ 2017 ਦੌਰਾਨ ਗਊ ਰੱਖਿਆ ਦੇ ਨਾਂਅ ਉੱਤੇ 63 ਹਿੰਸਕ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਨੇ ‘ਮਾਨਵ ਸੁਰੱਕਸ਼ਾ ਕਾਨੂੰਨ` ਬਣਾਉਣ ਦੀ ਮੰਗ ਵੀ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਸੌਗਾਤਾ ਰਾਏ ਦੀਆਂ ਟਿੱਪਣੀਆਂ ਉੱਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਸਦਨ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਭਾਜਪਾ ਦੇ ਐਸ ਐਸ ਆਹਲੂਵਾਲੀਆ ਅਤੇ ਹੋਰ ਮੈਂਬਰਾਂ ਦੀ ਇਸ ਮੌਕੇ ਕਲਿਆਣ ਬੈਨਰਜੀ ਅਤੇ ਟੀ ਐਮ ਸੀ ਮੈਂਬਰਾਂ ਵਿਚਾਲੇ ਗਰਮਾ ਗਰਮ ਬਹਿਸ ਵੀ ਹੋਈ। ਟੀ ਐੱਮ ਸੀ ਦੇ ਸੌਗਾਤਾ ਰਾਏ ਨੇ ਮੁਹੰਮਦ ਅਖ਼ਲਾਕ, ਪਹਿਲੂ ਖ਼ਾਨ ਤੇ ਜੁਨੈਦ ਖ਼ਾਨ ਦੇ ਕਤਲਾਂ ਦਾ ਜ਼ਿਕਰ ਕੀਤਾ ਤਾਂ ਭਾਜਪਾ ਆਗੂ ਟੋਕਾ-ਟਾਕੀ ਕਰਦੇ ਰਹੇ।
ਕੇਂਦਰੀ ਖੁਰਾਕ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਆਗੂ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਭੀੜਾਂ ਵੱਲੋਂ ਕੀਤੇ ਜਾਂਦੇ ਕਤਲਾਂ ਦੀ ਨਿਖੇਧੀ ਕੀਤੀ ਹੈ, ਪਰ ਤਤਕਾਲੀ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵੇਲੇ ਇਹ ਟਿੱਪਣੀ ਕੀਤੀ ਸੀ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਇਸ ਦੇ ਨਾਲ ਰਾਮ ਵਿਲਾਸ ਪਾਸਵਾਨ ਨੇ ਸੁਝਾਅ ਦਿੱਤਾ ਕਿ ਬਹਿਸ ਤੋਂ ਬਾਅਦ ਇਹ ਹਾਊਸ ਭੀੜਾਂ ਵੱਲੋਂ ਕੀਤੇ ਜਾਂਦੇ ਕਤਲਾਂ ਦੀ ਨਿਖੇਧੀ ਕਰੇ ਅਤੇ ਸਾਰੀਆਂ ਪਾਰਟੀਆਂ ਅਤੇ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਜਾਵੇ ਕਿ ਅਜਿਹੇ ਮਾਮਲਿਆਂ ਦੀ ਜਾਂਚ 24 ਘੰਟਿਆਂ ਵਿੱਚ ਕੀਤੀ ਜਾਵੇ। ਮਲਿਕਾਰੁਜਨ ਖੜਗੇ ਨੇ ਕਿਹਾ ਕਿ ਇਹ ਬਹਿਸ ਮੌਜੂਦਾ ਸਰਕਾਰ ਸਮੇਂ ਵਾਪਰੀਆਂ ਘਟਨਾਵਾਂ ਬਾਰੇ ਹੋ ਰਹੀ ਹੈ ਅਤੇ ਉਸ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ, ਸਾਲ 1984 ਦਾ ਮੁੱਦਾ ਇਸ ਵੇਲੇ ਨਹੀਂ ਉਠਾਇਆ ਜਾਣਾ ਚਾਹੀਦਾ, ਜਿਸ ਉੱਤੇ ਸਦਨ ਵਿੱਚ ਪਹਿਲਾਂ ਬਹਿਸ ਹੋ ਚੁੱਕੀ ਹੈ।
ਇਸ ਦੌਰਾਨ ਗੁਜਰਾਤ ਦੇ ਕਾਂਗਰਸ ਵਿਧਾਇਕਾਂ ਨੂੰ ਰਾਜ ਸਭਾ ਚੋਣਾਂ ਲਈ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਦੇਣ ਲਈ ਖਿੱਚਣ ਦਾ ਮਾਮਲਾ ਵੀ ਅੱਜ ਲੋਕ ਸਭਾ ਅਤੇ ਰਾਜ ਸਭਾ ਵਿੱਚ ਗੂੰਜਿਆ। ਕਾਂਗਰਸ ਨੇ ਦੋਵੇਂ ਸਦਨਾਂ ਵਿੱਚ ਦੋਸ਼ ਲਾਇਆ ਕਿ ਭਾਜਪਾ ਵੱਲੋਂ ਕਾਂਗਰਸ ਵਿਧਾਇਕਾਂ ਨੂੰ ਤੋੜਨ ਲਈ 15-15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਲੋਕ ਸਭਾ ਵਿੱਚ ਇਹ ਮਾਮਲਾ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਉਠਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ਵਿਧਾਇਕਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ। ਖੜਗੇ ਅਤੇ ਕਾਂਗਰਸ ਦੇ ਚੀਫ਼ ਵ੍ਹਿਪ ਜੋਤੀਰਾਦਿਤਿਆ ਸਿੰਧੀਆ ਨੇ ਇਸ ਮੁੱਦੇ ਉੱਤੇ ਬਹਿਸ ਦੀ ਮੰਗ ਕੀਤੀ, ਪਰ ਸਪੀਕਰ ਸੁਮਿੱਤਰਾ ਮਹਾਜਨ ਨੇ ਇਹ ਇੱਕ ਰਾਜ ਦਾ ਮਾਮਲਾ ਹੋਣ ਕਰ ਕੇ ਸਦਨ ਵਿੱਚ ਬਹਿਸ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਦੂਸਰੇ ਪਾਸੇ ਰਾਜ ਸਭਾ ਵਿੱਚ ਕਾਂਗਰਸ ਅਤੇ ਭਾਜਪਾ ਦੇ ਮੈਂਬਰ ਇਸ ਮੁੱਦੇ ਤੋਂ ਇੱਕ ਦੂਸਰੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।