ਭਿ੍ਰਸ਼ਟਾਚਾਰ ਬਾਰੇ ਅਮਰਿੰਦਰ ਸਰਕਾਰ ਦੀ ਸਖਤੀ ਨਾਲ 19.29 ਕਰੋੜ ਦੇ ਗਬਨ ਦਾ ਪਰਦਾ ਫਾਸ਼


ਜਲੰਧਰ, 13 ਜੂਨ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਬਾਰੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਵਿੱਤ ਵਿਭਾਗ ਨੇ ਆਡਿਟ ਦੌਰਾਨ 19.29 ਕਰੋੜ ਦੇ ਗਬਨ ਦਾ ਪਰਦਾ ਫਾਸ਼ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਵਿੱਤ ਵਿਭਾਗ ਨੇ ਜਨਤਕ ਫੰਡਾਂ ਦੀ ਵਰਤੋਂ ਬਾਰੇ ਆਡਿਟ ਦਾ ਕਾਰਜ ਸ਼ੁਰੂ ਕੀਤਾ ਸੀ, ਇਸ ਤੋਂ ਇਸ ਗਬਨ ਦਾ ਪਤਾ ਲੱਗਾ ਹੈ। ਇਸ ਤੋਂ ਪਹਿਲਾਂ ਵੀ 4.40 ਕਰੋੜ ਰੁਪਏ ਦੇ ਗਬਨ ਦਾ ਪਰਦਾ ਫਾਸ਼ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਦੇ ਲੋਕਲ ਆਡਿਟ ਵਿੰਗ ਵੱਲੋਂ 2017-18 ਲਈ ਫੰਡਾਂ, ਜਨਤਕ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਆਡਿਟ ਦੇ ਦੌਰਾਨ ਗੰਭੀਰ ਵਿੱਤੀ ਬੇਨਿਯਮੀਆਂ ਦਾ ਪਤਾ ਲਾਇਆ ਹੈ। ਵਿੱਤ ਵਿਭਾਗ ਨੇ ਵਿੱਤੀ ਗੜਬੜਾਂ ਵਿੱਚ ਸ਼ਾਮਲ ਨਿਕਲੇ ਲੋਕਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਉਚ ਅਧਿਕਾਰੀਆਂ ਨੂੰ ਕਿਸੇ ਵੀ ਦੋਸ਼ੀ ਦਾ ਬਚਾਅ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ, ਨਗਰ ਨਿਗਮ ਮੋਗਾ, ਨਗਰ ਕੌਂਸਲ ਰਾਮਪੁਰਾ ਫੂਲ, ਨਗਰ ਕੌਂਸਲ ਬੇਗੋਵਾਲ, ਨਗਰ ਪੰਚਾਇਤ ਮਹਿਤਪੁਰ, ਨਗਰ ਕੌਂਸਲ ਰਾਏਕੋਟ, ਨਗਰ ਪੰਚਾਇਤ ਚਾਊਕੇ (ਬਠਿੰਡਾ), ਨਗਰ ਕੌਂਸਲ ਆਨੰਦਪੁਰ ਸਾਹਿਬ ਅਤੇ ਕਈ ਹੋਰ ਗ੍ਰਾਮ ਪੰਚਾਇਤਾਂ ਵਿੱਚ 19.29 ਕਰੋੜ ਰੁਪਏ ਦੀਆਂ ਵਿੱਤੀ ਗੜਬੜਾਂ ਹੋਈਆਂ ਹਨ। ਆਡਿਟ ਵਿੰਗ ਨੇ 7.62 ਕਰੋੜ ਰੁਪਏ ਦੀ ਰਾਸ਼ੀ ਵਸੂਲ ਕਰ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਨਾ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਜੇ ਉਕਤ ਸੰਸਥਾਵਾਂ ਦਾ ਆਡਿਟ ਨਾ ਕਰਵਾਇਆ ਜਾਂਦਾ ਤਾਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਣਾ ਸੀ।