ਭਿ੍ਰਸ਼ਟਾਚਾਰ ਦੇ ਕੇਸ ਵਿੱਚ ਗੁੰਮ ਹੋਈ ਸੀ ਡੀ ਪੰਜੀਂ ਸਾਲੀ ਲੱਭ ਪਈ

satnam singh dhaliwal
ਲੁਧਿਆਣਾ, 14 ਅਪ੍ਰੈਲ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਥਾਣਾ ਮਿਹਰਬਾਨ ਵਿੱਚ ਕਰੀਬ ਪੰਜ ਸਾਲ ਪਹਿਲਾਂ ਦਰਜ ਕੀਤੇ ਇੱਕ ਕੇਸ ਵਿੱਚ ਸਬੂਤ ਨਾ ਹੋਣ ਉੱਤੇ ਅਦਾਲਤ ਤੋਂ ਬਰੀ ਹੋਏ ਏ ਐੱਸ ਆਈ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਪੁਲਸ ਵੱਲੋਂ ਰਿਸ਼ਵਤ ਲੈਂਦੇ ਸਮੇਂ ਬਣਾਈ ਵੀਡੀਓ ਸੀ ਡੀ ਗੰੁਮ ਹੋਣ ਦੀ ਗੱਲ ਕਹੀ ਗਈ ਸੀ, ਪ੍ਰੰਤੂ ਹੁਣ ਉਹ ਵੀਡੀਓ ਮਿਲ ਚੁੱਕੀ ਹੈ। ਅਦਾਲਤ ਨੇ ਜ਼ਿਲ੍ਹਾ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਇਸ ਕੇਸ ਵਿੱਚ ਜਾਂਚ ਦੇ ਬਾਅਦ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਏ। ਹਿਊਮਨ ਰਾਈਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੁਲਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਹੋਂ ਰੋਡ ਦੀ ਗੌਤਮ ਕਲੋਨੀ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਕਮੇਟੀਆਂ ਪਾਈਆਂ ਸਨ। ਉਹ ਲੋਕਾਂ ਦੀਆਂ ਕਮੇਟੀਆਂ ਦੇ ਨਹੀਂ ਸਕੀ। ਥਾਣਾ ਮਿਹਰਬਾਨ ਵਿੱਚ ਉਸ ਸਮੇਂ ਤੈਨਾਤ ਏ ਐਸ ਆਈ ਹਰਜੀਤ ਸਿੰਘ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਉਸ ਦੇ ਖਿਲਾਫ ਕੇਸ ਦਰਜ ਕਰ ਦੇਵੇਗਾ। ਉਸ ਨੇ ਮਹਿਲਾ ਤੋਂ ਪੈਸਿਆਂ ਦੀ ਮੰਗ ਕੀਤੀ। ਏ ਐਸ ਆਈ ਨੇ ਉਸ ਕੋਲੋਂ 35 ਹਜ਼ਾਰ ਰੁਪਏ ਵੀ ਲੈ ਲਏ ਅਤੇ ਉਸ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ। ਮਹਿਲਾ ਉਸ ਸਮੇਂ ਉਨ੍ਹਾਂ ਦੇ ਕੋਲ ਆਈ ਸੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਓਦੋਂ ਦੇ ਪੁਲਸ ਕਮਿਸ਼ਨਰ ਈਸ਼ਵਰ ਸਿੰਘ ਨੂੰ ਕੀਤੀ। ਉਨ੍ਹਾਂ ਨੇ ਇਸ ਦੀ ਜਾਂਚ ਕਰਾਈ। ਏ ਐੱਸ ਆਈ ਦੀ ਰਿਸ਼ਵਤ ਲੈਂਦੇ ਹੋਏ ਵੀਡੀਓ ਬਣਾਈ ਸੀ ਡੀ ਮਿਲਣ ਉੱਤੇ ਉਸ ਦੇ ਖਿਲਾਫ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਜਦ ਅਦਾਲਤ ਵਿੱਚ ਸਬੂਤ ਪੇਸ਼ ਕਰਨ ਦੀ ਵਾਰੀ ਆਈ ਤਾਂ ਪੁਲਸ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਕਿ ਵੀਡੀਓ ਰਿਕਾਰਡਿੰਗ ਵਾਲੀ ਸੀ ਡੀ ਗੁੰਮ ਹੋ ਗਈ ਹੈ। ਸਬੂਤ ਨਾ ਹੋਣ ‘ਤੇ ਏ ਐੱਸ ਆਈ ਹਰਜੀਤ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਗਿਆ।
ਧਾਲੀਵਾਲ ਨੇ ਕਿਹਾ ਕਿ ਸੰਸਥਾ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਵਿੱਚ ਅਦਾਲਤ ਨੇ ਪੁਲਸ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਸਬੂਤ ਦੀ ਸੀ ਡੀ ਗੰੁਮ ਹੋਣ ਦੀ ਲਾਪਰਵਾਹੀ ਜਿਸ ਪੁਲਸ ਮੁਲਾਜ਼ਮ ਤੋਂ ਹੋਈ ਹੈ, ਉਸ ਉੱਤੇ ਜਾਂਚ ਦੇ ਬਾਅਦ ਕਾਰਵਾਈ ਕੀਤੀ ਜਾਏ। ਪੁਲਸ ਨੇ ਫਿਰ ਅਦਾਲਤ ਵਿੱਚ ਕਿਹਾ ਕਿ ਸੀ ਡੀ ਮਿਲ ਚੁੱਕੀ ਹੈ। ਧਾਲੀਵਾਲ ਨੇ ਕਿਹਾ ਕਿ ਸੰਸਥਾ ਹੁਣ ਪੁਲਸ ਤੋਂ ਮੰਗ ਕਰਦੀ ਹੈ ਕਿ ਉਸ ਕੇਸ ਨੂੰ ਫਿਰ ਤੋਂ ਅਦਾਲਤ ਵਿੱਚ ਖੁੱਲ੍ਹਵਾਇਆ ਜਾਏ। ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੇ ਬਾਰੇ ਵਿੱਚ ਪਤਾ ਲੱਗਾ ਹੈ।