ਭਾਰਤ ਸਮੇਤ 80 ਦੇਸ਼ਾਂ ਦੇ ਨਾਗਰਿਕ ਬਿਨਾ ਵੀਜ਼ਾ ਕਤਰ ਜਾ ਸਕਣਗੇ

without visa qatar
ਦੋਹਾ, 10 ਅਗਸਤ (ਪੋਸਟ ਬਿਊਰੋ)- ਅਰਬ ਦੇਸ਼ਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਕਤਰ ਨੇ 80 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਭਾਰਤ ਦੇ ਇਲਾਵਾ ਬ੍ਰਿਟੇਨ, ਅਮਰੀਕਾ, ਕੈਨੇਡਾ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਸ਼ਾਮਲ ਹਨ। ਪਾਕਿਸਤਾਨ ਨੂੰ ਇਸ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ।
ਕਤਰ ਸੈਰ ਸਪਾਟਾ ਅਥਾਰਟੀ (ਕਿਊ ਟੀ ਏ) ਦੇ ਕਾਰਜਕਾਰੀ ਮੁਖੀ ਹਸਨ ਅਲ ਇਬਰਾਹੀਮ ਨੇ ਬੀਤੇ ਦਿਨ ਦੱਸਿਆ ਕਿ ਵੀਜ਼ਾ ਮੁਕਤ ਯਾਤਰਾ ਹੁਕਮ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੇ ਨਾਲ ਕਤਰ ਖੇਤਰ ਦਾ ਸਭ ਤੋਂ ਜ਼ਿਆਦਾ ਖੁੱਲ੍ਹਾ ਦੇਸ਼ ਹੋ ਗਿਆ ਹੈ। ਸੈਲਾਨੀ ਕਤਰ ਦੀ ਮੇਜ਼ਬਾਨੀ, ਸਭਿਆਚਾਰਕ ਵਿਰਾਸਤ ਤੇ ਕੁਦਰਤੀ ਨਜ਼ਾਰਿਆਂ ਦਾ ਲੁਤਫ ਉਠਾ ਸਕਣਗੇ। ਇਸ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਨੂੰ ਕਤਰ ਆਉਣ ਦੇ ਲਈ ਕੋਈ ਵੀਜ਼ਾ ਅਰਜ਼ੀ ਜਾਂ ਟੈਕਸ ਨਹੀਂ ਦੇਣਾ ਪਵੇਗਾ। ਉਨ੍ਹਾਂ ਨੂੰ ਪ੍ਰਵੇਸ਼ ਸਥਾਨ ‘ਤੇ ਹੀ ਵਿਸ਼ੇਸ਼ ਛੂਟ ਦਿੱਤੀ ਜਾਏਗੀ। ਬੱਸ ਇਸ ਦੇ ਲਈ ਸੰਬੰਧਤ ਵਿਅਕਤੀ ਦੇ ਕੋਲ ਪਾਸਪੋਰਟ (ਘੱਟ ਤੋਂ ਘੱਟ ਛੇ ਮਹੀਨੇ ਦੀ ਮਨਜ਼ੂਰੀ) ਅਤੇ ਵਾਪਸੀ ਦੀ ਟਿਕਟ ਹੋਣੀ ਜ਼ਰੂਰੀ ਹੈ।