ਭਾਰਤ ਵਿੱਚ 128 ਰੂਟਾਂ ਉੱਤੇ ਆਮ ਆਦਮੀ ਲਈ ਉਡਾਣ ਸ਼ੁਰੂ ਹੋਵੇਗੀ

flights
ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- 2500 ਰੁਪਏ ਵਿੱਚ 500 ਕਿਲੋਮੀਟਰ ਦੀ ਯਾਤਰਾ ਵਾਲੀ ਕੇਂਦਰ ਸਰਕਾਰ ਦੀ ਰਿਜਨਲ ਕੁਨੈਕਟੀਵਿਟੀ ਸਕੀਮ (ਆਰ ਸੀ ਐੱਸ) ਯਾਨੀ ਉਡਾਣ ਦੇ ਤਹਿਤ ਪਹਿਲੇ ਦੌਰ ਲਈ ਪੰਜ ਏਅਰਲਾਈਨਜ਼ ਨੂੰ 128 ਰੂਟਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਰੂਟਾਂ ਦੀ ਅਲਾਟਮੈਂਟ ਦਾ ਐਲਾਨ ਕੀਤਾ ਹੈ ਅਤੇ ਏਅਰਲਾਈਨਜ਼ ਨੂੰ ਅਲਾਟਮੈਂਟ ਸਰਟੀਫਿਕੇਟ ਵੀ ਦਿੱਤੇ। ਉਨ੍ਹਾਂ ਕਿਹਾ ਕਿ ਆਰ ਸੀ ਐੱਸ ਦੇ ਤਹਿਤ ਪਹਿਲੀ ਫਲਾਈਟ ਅਪ੍ਰੈਲ ਵਿੱਚ ਸ਼ੁਰੂ ਹੋਣ ਦੀ ਆਸ ਹੈ, ਜਦੋਂ ਕਿ ਜਹਾਜ਼ ਸੇਵਾ ਕੰਪਨੀਆਂ ਨੂੰ ਉਡਾਣ ਸ਼ੁਰੂ ਕਰ ਲਈ ਵੱਧਤੋਂ ਵੱਧ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਨਾਲ ਮੌਜੂਦਾ ਨੈਟਵਰਕ ਵਿੱਚ 31 ਨਵੇਂ ਏਅਰਪੋਰਟ ਮੁੜ ਜਾਣਗੇ, ਜਦੋਂ ਕਿ ਪ੍ਰਤੀ ਹਫਤੇ ਸੱਤ ਤੋਂ ਘੱਟ ਉਡਾਣਾਂ ਵਾਲੇ 12 ਹਵਾਈ ਅੱਡਿਆਂ ‘ਤੇ ਟ੍ਰੈਫਿਕ ਵਧੇਗੀ। ਹਰ ਇੱਕ ਉਡਾਣ ਵਿੱਚ ਪੰਜਾਹ ਫੀਸਦੀ ਸੀਟਾਂ ਲਈ ਵੱਧ ਤੋਂ ਵੱਧ ਕਿਰਾਏ ਦੀ ਹੱਦ 2500 ਰੁਪਏ ਪ੍ਰਤੀ ਸੀਟ (ਇੱਕ ਘੰਟਾ) ਰਾਖਵੀਂ ਰਹੇਗੀ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਕਿਹਾ ਕਿ ਇਸ ਯੋਜਨਾ ਹੇਠ ਕਈ ਲਾਭ ਦਿੱਤੇ ਜਾਣਗੇ। ਮਿਸਾਲ ਵੱਜੋਂ ਕਿਸੇ ਤਰ੍ਹਾਂ ਦੀ ਹਵਾਈ ਅੱਡਾ ਫੀਸ ਨਹੀਂ ਵਸੂਲੀ ਜਾਵੇਗੀ ਤੇ ਇਨ੍ਹਾਂ ਮਾਰਗਾਂ ‘ਤੇ ਤਿੰਨ ਸਾਲ ਤੱਕ ਇਨ੍ਹਾਂ ਕੰਪਨੀਆਂ ਨੂੰ ਫਲਾਈਟਾਂ ਦੀ ਆਗਿਆ ਹੋਵੇਗੀ।
ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਨੇ ਆਰ ਸੀ ਐਸ ਯਾਨੀ ਉਡਾਣ ਦੇ ਤਹਿਤ ਨੁਕਸਾਨ ਪੂਰਤੀ ਜਾਂ ਵਾਈਬਿਲਟੀ ਗੈਪ ਫੰਡਿੰਗ (ਵੀ ਜੇ ਐੱਫ) ਨਹੀਂ ਮੰਗਿਆ ਹੈ। ਯੋਜਨਾ ਤਹਿਤ ਸਰਕਾਰ ਨੇ ਦੂਰੀ ਦੇ ਹਿਸਾਬ ਨਾਲ ਵੱਧ ਤੋਂ ਵੱਧ ਕਿਰਾਇਆ ਤੈਅ ਕਰ ਦਿੱਤਾ ਹੈ। ਰੂਟਾਂ ਦੀ ਅਲਾਟਮੈਂਟ ਮੋੜਵੀਂ ਬੋਲੀ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਵਿੱਚ ਸਭ ਤੋਂ ਘੱਟ ਵੀ ਜੇ ਐੱਫ ਮੰਗਣ ਵਾਲੇ ਨੂੰ ਪਹਿਲ ਦਿੱਤੀ ਗਈ ਹੈ। ਇਨ੍ਹਾਂ ਉਡਾਣਾਂ ਨਾਲ 20 ਤੋਂ ਜ਼ਿਆਦਾ ਸੂਬਿਆਂ ਅਤੇ ਕੇਂਦਰੀ ਪ੍ਰਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਜੋੜਿਆ ਜਾਵੇਗਾ। ਇਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਕਰਨਾਟਕਾ, ਤਾਮਿਲ ਨਾਡੂ ਅਤੇ ਪੁਡੂਚੇਰੀ ਸ਼ਾਮਲ ਹਨ। ਉਡਾਣ ਨਾਲ ਜੋ ਹੋਰ ਹਵਾਈ ਅੱਡੇ ਜੁੜਨਗੇ ਉਨ੍ਹਾਂ ਵਿੱਚ ਬਠਿੰਡਾ, ਸ਼ਿਮਲਾ, ਬਿਲਾਸਪੁਰ, ਨੇਵੇਲੀ, ਕੂਚ ਬਿਹਾਰ, ਨਾਂਦੇੜ ਅਤੇ ਕਡਾਪਾ ਸ਼ਾਮਲ ਹਨ।