ਭਾਰਤ ਵਿੱਚ ਵੀ ਜਿੰਨਾ ਪੈਂਡਾ, ਓਨਾ ਟੌਲ ਟੈਕਸ ਲਾਗੂ ਕੀਤਾ ਜਾਵੇਗਾ


ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਜਲਦੀ ਹੀ ਨੈਸ਼ਨਲ ਹਾਈਵੇਜ਼ ਉੱਤੇ ਜਿੰਨੀ ਦੂਰੀ ਦਾ ਸਫਰ ਕੋਈ ਗੱਡੀ ਵਿੱਚ ਤੈਅ ਕਰੇਗਾ, ਉਸ ਕੋਲੋਂ ਟੋਲ ਵੀ ਓਨਾ ਹੀ ਟੌਲ ਟੈਕਸ ਲਿਆ ਜਾਵੇਗਾ। ਜਦੋਂ ਵੀ ਨੈਸ਼ਨਲ ਹਾਈਵੇਜ਼ ਉੱਤੇ ਟੋਲ ਅਦਾ ਕੀਤਾ ਤਾਂ ਸੜਕ ਉੱਤੇ ਵਾਹਨ ਵੱਲੋਂ ਤੈਅ ਕੀਤੀ ਅਸਲ ਦੂਰੀ ਉੱਤੇ ‘ਜਿਓ-ਫੈਂਸਿੰਗ’ ਨਾਲ ਨਜ਼ਰ ਰੱਖੀ ਜਾਵੇਗੀ। ਇਸ ਦਾ ਪ੍ਰੀਖਣ ਅਗਲੇ ਕੁਝ ਹਫਤਿਆਂ ਵਿੱਚ ਦਿੱਲੀ-ਮੁੰਬਈ ਰਸਤੇ ਉੱਤੇ ਹੋਣ ਦੀ ਉਮੀਦ ਹੈ।
‘ਜਿਓ-ਫੈਂਸਿੰਗ’ ਵਿੱਚ ਜੀ ਪੀ ਐੱਸ ਜਾਂ ਰੇਡੀਓ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਮਦਦ ਨਾਲ ਸਾਫਟਵੇਅਰ ਇਹ ਦੱਸ ਸਕਦਾ ਹੈ ਕਿ ਗੱਡੀ ਕਦੋਂ ਸੰਬੰਧਤ ਖੇਤਰ ਵਿੱਚ ਦਾਖਲ ਹੋਈ ਤੇ ਕਦੋਂ ਉਸ ਖੇਤਰ ਤੋਂ ਬਾਹਰ ਨਿਕਲੀ। ਇਕ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਨਵੀਂ ਤਕਨੀਕ ਦਾ ਪ੍ਰੀਖਣ ਅਗਲੇ ਦੋ ਤੋਂ ਤਿੰਨ ਹਫਤਿਆਂ ਦੌਰਾਨ ਦਿੱਲੀ-ਮੁੰਬਈ ਨੈਸ਼ਨਲ ਹਾਈਵੇਜ਼ ਉੱਤੇ ਸ਼ੁਰੂ ਕੀਤਾ ਜਾਵੇਗਾ। ਇਸ ਵਾਸਤੇ ਹਾਈਵੇ ਦੇ ਹਰ ਐਗਜਿ਼ਟ ਅਤੇ ਨਿਕਾਸੀ ਸਥਾਨ ਉੱਤੇ ਟੋਲ ਪਲਾਜ਼ਾ ਸਥਾਪਤ ਕੀਤਾ ਜਾ ਸਕਦਾ ਹੈ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਯਾਤਰੀ ਕੋਲੋਂ ਸਿਰਫ ਤੈਅ ਕੀਤੀ ਗਈ ਦੂਰੀ ਲਈ ਹੀ ਟੋਲ ਚਾਰਜ ਕੀਤਾ ਗਿਆ ਹੈ। ਜਿਓ ਫੈਂਸਿੰਗ ਦਾ ਮਕਸਦ ਨੈਸ਼ਨਲ ਹਾਈਵੇਜ਼ ਉੱਤੇ ਯਾਤਰਾ ਨੂੰ ਸੌਖਾ ਕਰਨਾ ਤੇ ਜਾਮ ਵਰਗੇ ਹਾਲਾਤ ਖਤਮ ਕਰਨਾ ਹੈ। ਇਸ ਨਾਲ ਟੋਲ ਟੈਕਸ ਦੀ ਚੋਰੀ ਉੱਤੇ ਵੀ ਲਗਾਮ ਲੱਗੇਗੀ। ਸਰਕਾਰ ਟੋਲ ਪਲਾਜ਼ਿਆਂ ਉੱਤੇ ਭੀੜ ਘੱਟ ਕਰਨ ਲਈ ਪਹਿਲਾਂ ਫਾਸਟੈਗ ਵਿਵਸਥਾ ਸ਼ੁਰੂ ਕਰ ਚੁੱਕੀ ਹੈ, ਜਿਸ ਵਿੱਚ ਵਾਹਨਾਂ ਦੇ ਸ਼ੀਸ਼ੇ ਉੱਤੇ ਸੈਂਸਰ ਲੱਗਾ ਹੁੰਦਾ ਹੈ। ਇਸ ਵਾਸਤੇ ਟੋਲ ਪਲਾਜ਼ਿਆਂ ਉੱਤੇ ਵੱਖਰੀ ਲੇਨ ਬਣਾਈ ਗਈ ਹੈ, ਜਿੱਥੇ ਵਾਹਨਾਂ ਨੂੰ ਲਾਈਨਾਂ ਵਿੱਚ ਖੜ੍ਹੇ ਨਹੀਂ ਹੋਣਾ ਪੈਂਦਾ ਅਤੇ ਟੋਲ ਟੈਕਸ ਦਾ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਹੋ ਜਾਂਦਾ ਹੈ। ਹੁਣ ਨਵੀਂ ਤਕਨੀਕ ਦੀ ਵਰਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਨੈਸ਼ਨਲ ਹਾਈਵੇਜ਼ ਉੱਤੇ ਗੱਡੀ ਜਿੰਨੀ ਦੂਰੀ ਦਾ ਸਫਰ ਕਰੇਗੀ, ਓਨੀ ਦੂਰੀ ਦਾ ਟੋਲ ਟੈਕਸ ਭਰਨਾ ਹੋਵੇਗਾ।