ਭਾਰਤ ਲਈ ਵੇਕ-ਅਪ ਕਾਲ ਹੈ ਫੇਸਬੁਕ ਡਾਟਾ ਲੀਕ ਮੁੱਦਾ


-ਭਾਰਤ ਹਿਤੈਸ਼ੀ
ਫੇਸਬੁਕ ਡਾਟਾ ਲੀਕ ਨੂੰ ਲੈ ਕੇ ਮੱਚੇ ਹੋਏ ਘਮਾਸਾਨ ਤੋਂ ਬਾਅਦ ਸੱਤਾਧਾਰੀ ਐਡ ਡੀ ਏ ਸਰਕਾਰ ਨੇ ਫੇਸਬੁੱਕ ਨੂੰ ਨਿਸ਼ਾਨੇ ਉਤੇ ਲੈ ਲਿਆ ਹੈ। ਸਰਕਾਰ ਨੇ ਭਾਰਤ ‘ਚ ਹੋਣ ਵਾਲੀਆਂ ਚੋਣਾਂ ‘ਚ ਦਖਲ ਦੇਣ ਦੀ ਸੂਰਤ ਵਿੱਚ ਫੇਸਬੁੱਕ ਦੇ ਸੀ ਈ ਓ ਮਾਰਕ ਜ਼ੁਕਰਬਰਗ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ਹੈ। ਮਾਰਕ ਜ਼ੁਕਰਬਰਗ ਨੇ ਚੁੱਪ ਤੋੜਦਿਆਂ ਆਪਣੇ ਪੱਧਰ ਉਤੇ ਫੇਸਬੁਕ ਦੀ ਵਰਤੋਂ ਕਰਨ ਵਾਲੇ ਦੋ ਸੌ ਕਰੋੜ ਲੋਕਾਂ ਤੋਂ ਉਨ੍ਹਾਂ ਦਾ ਭਰੋਸਾ ਤੋੜਨ ਦੀ ਮੁਆਫੀ ਮੰਗੀ ਹੈ ਤੇ ਨਾਲ ਉਨ੍ਹਾਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਈ ਕਦਮ ਚੁੱਕਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸਾਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣ ਦੀ ਹੈ ਕਿ ਭਵਿੱਖ ਵਿੱਚ ਦੁਬਾਰਾ ਅਜਿਹਾ ਨਾ ਹੋਵੇ।’
ਵਿਵਾਦ ਇਥੇ ਹੀ ਖਤਮ ਨਹੀਂ ਹੋਇਆ। ਭਾਜਪਾ ਨੇ ਵਿਰੋਧੀ ਪਾਰਟੀ ਕਾਂਗਰਸ ਉਤੇ ਕੈਬਰਿਜ਼ ਐਨਾਲਿਟਿਕਾ ਦੀ ਚੋਣਾਂ ਵਿੱਚ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਤੇ ਭਾਜਪਾ ਦੋਵੇਂ ਇੱਕ-ਦੂਜੀ ‘ਤੇ ਦੋਸ਼ ਲਾ ਰਹੀਆਂ ਹਨ, ਚੋਣਾਂ ਦੌਰਾਨ ਸੋਸ਼ਲ ਮੀਡੀਆ, ਖਾਸ ਕਰ ਕੇ ਫੇਸਬੁਕ ਦੀ ਵਰਤੋਂ ਵੱਡੇ ਪੱਧਰ ‘ਤੇ ਹੁੰਦੀ ਹੈ। ਤੱਥ ਇਹ ਵੀ ਹੈ ਕਿ 2014 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਨੇ ਭਾਜਪਾ ਲਈ ਬਿਹਤਰੀਨ ਕੰਮ ਕੀਤਾ ਸੀ। ਕਾਂਗਰਸ ਨੇ ਹੁਣ ਇਸੇ ਮੁੱਦੇ ‘ਤੇ ਵਾਰ ਕੀਤਾ ਹੈ। ਇਲੈਕਟ੍ਰਾਨਿਕ ਡਾਟਾ ਜੇ ਇੱਕ ਵਾਰ ਚੋਰੀ ਹੋ ਜਾਂਦਾ ਹੈ ਤਾਂ ਬੜੀ ਆਸਾਨੀ ਨਾਲ ਉਸ ਦੀ ਹੇਰਾਫੇਰੀ ਅਤੇ ਅਨੁਵਾਦਿਤ ਕੀਤਾ ਜਾ ਸਕਦਾ ਹੈ।
ਕੀ ਫੇਸਬੁੱਕ ਕੈਂਬਰਿਜ ਐਨਾਲਿਟਿਕਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਅਤੇ ਬ੍ਰੈਗਜ਼ਿਟ ਰਾਇਸ਼ੁਮਾਰੀ ਵਿੱਚ ਵੀ ਸਹਾਇਕ ਸਿੱਧ ਹੋਈ ਸੀ? ਦੋਸ਼ ਏਥੋਂ ਤੱਕ ਵੀ ਹਨ ਕਿ ਕੈਂਬਰਿਜ ਐਨਾਲਿਟਿਕਾ ਨੇ ਕੈਂਬਰਿਜ ਯੂਨੀਵਰਸਿਟੀ ਦੇ ਇੱਕ ਰਿਸਰਚਰ ਨੇ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਨੂੰ ਇੱਕ ਨਿੱਜੀ ਕੁਇਜ਼ ਐਪ ਇਸਤੇਮਾਲ ਕਰਨ ਲਈ ਲੁਭਾਇਆ ਸੀ। ਇਹ ਐਪ ਕੁਇਜ਼ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਉਨ੍ਹਾਂ ਦੇ ਦੋਸਤਾਂ ਦਾ ਡਾਟਾ ਇਕੱਠਾ ਕਰਦੀ ਸੀ। ਇਸ ਵਿੱਚ ਸਟੇਟਸ ਅਪਡੇਟ ਅਤੇ ਫੇਸਬੁਕ ਲਾਈਕਸ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਸਨ। ਕੈਂਬਰਿਜ ਐਨਾਲਿਟਿਕਾ ਨੇ 50-60 ਮਿਲੀਅਨ ਲੋਕਾਂ ਦਾ ਇੱਕ ਡਾਟਾ ਬੇਸ ਤਿਆਰ ਕੀਤਾ, ਜਿਸ ‘ਚ ਨਿੱਜੀ ਜਾਣਕਾਰੀਆਂ ਤੇ ਸਿਆਸੀ ਧਾਰਨਾਵਾਂ ਦਾ ਜ਼ਿਕਰ ਸੀ। 20 ਕਰੋੜ ਤੋਂ ਜ਼ਿਆਦਾ ਭਾਰਤੀ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ ਤੇ ਇਸ ਮਾਮਲੇ ਵਿੱਚ ਭਾਰਤ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਭੇਤ ਗੁਪਤ ਰੱਖਣ ਦੀ ਉਲੰਘਣਾ ਦਾ ਇਹ ਬਹੁਤ ਡਰਾਉਣਾ ਕੇਸ ਹੈ।
ਵਿਸ਼ੇਸ਼ ਵੋਟਰ ਗਰੁੱਪਾਂ ਦਾ ਚੋਣ ਉਦੇਸ਼ ਕੁਝ ਸਮੇਂ ਲਈ ਹੋ ਸਕਦਾ ਹੈ, ਚਲਾਕੀ ਅਤੇ ਧੋਖੇਬਾਜ਼ੀ ਦਾ ਕੰਮ ਸ਼ਾਇਦ ਲੰਬੇ ਸਮੇਂ ਤੱਕ ਚੱਲੇ। ਜ਼ੁਕਰਬਰਗ ਨੇ ਇਸ ਨੂੰ ਵਿਸ਼ਵਾਸਘਾਤ ਕਰਨਾ ਕਿਹਾ ਹੈ ਅਤੇ ਅਕਾਦਮਿਕ ਵਰਤੋਂ ਲਈ ਲੋਕਾਂ ਦਾ ਡਾਟਾ ਇਕੱਠਾ ਕਰਨ ਨੂੰ ‘ਪਾਬੰਦੀ’ ਕਰਾਰ ਦਿੰਦੇ ਹਨ। ਮੁਖਬਰ ਕ੍ਰਿਸਟੋਫਰ ਵਾਇਲੀ ਦੇ ਖੁਲਾਸੇ ਤੋਂ ਬਾਅਦ ਫੇਸਬੁੱਕ ਨੇ ਇੱਕ ਚਲਾਕੀ ਭਰਿਆ ਤਰੀਕਾ ਅਪਣਾਇਆ ਤੇ ਵੱਡੇ ਪੱਧਰ ‘ਤੇ ਕੰਪਨੀ ਦੇ ਸਰਵਰ ਤੋਂ ਡਾਟਾ ਦੇ ਪ੍ਰਵਾਹ ਨੂੰ ਤੁਰੰਤ ਨਹੀਂ ਰੋਕਿਆ। ਜਦੋਂ ਤੱਕ ਫੇਸਬੁਕ ਸੁਧਾਰ ਕਰਦਾ, ਉਦੋਂ ਤੱਕ ਨੁਕਸਾਨ ਹੋ ਚੁੱਕਾ ਸੀ। ਇਸ ਮਾਮਲੇ ਵਿੱਚ ਸੰਸਾਰਕ ਪੱਧਰ ‘ਤੇ ਇੱਕ ਵੱਡੀ ਜਾਂਚ ਦੀ ਲੋੜ ਹੈ ਤਾਂ ਕਿ ਅਜਿਹੀਆਂ ਪ੍ਰਥਾਵਾਂ ਦੀ ਪਛਾਣ ਹੋ ਸਕੇ।
ਕੇਂਦਰੀ ਸੂਚਨਾ ਤੇ ਟੈਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਜ਼ੁਕਰਬਰਗ ਨੂੰ ਭਾਰਤ ਬੁਲਾਉਣ ਦੀਆਂ ਆਪਣੀਆਂ ਤਾਕਤਾਂ ਬਾਰੇ ਚਿਤਾਵਨੀ ਦੇ ਚੁੱਕੇ ਹਨ। ਇਹ ਵਿਵਾਦ ਪ੍ਰੈਸ ਲਈ ਵੀ ਵੇਕ-ਅਪ ਕਾਲ ਵਾਂਗ ਹੈ। ਕੈਂਬਰਿਜ ਐਨਾਲਿਟਿਕਾ ਦੇ ਇੱਕ ਸਾਬਕਾ ਮੁਲਾਜ਼ਮ ਕ੍ਰਿਸ ਵਿਲੀ ਦੇ ਇਸ ਖੁਲਾਸੇ ਨੇ ਤੂਫਾਨ ਖੜ੍ਹਾ ਕਰ ਦਿੱਤਾ ਹੈ ਕਿ ਕੰਪਨੀ ਨੇ ਕਿਸ ਤਰ੍ਹਾਂ ਇੱਕ ਮੀਡੀਆ ਗੁਰੂ ਸਟੀਵ ਬੈਨਨ ਨੂੰ ਮਨੋ-ਵਿਗਿਆਨਕ ਜੰਗ ਲਈ ਤੈਨਾਤ ਕੀਤਾ ਤੇ ਅਮਰੀਕਾ ਵਿੱਚ ਟਰੰਪ ਦੇ ਪੱਖ ਵਿੱਚ ਵਿਚਾਰਧਾਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਂਬਰਿਜ ਐਨਾਲਿਟਿਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲੈਕਜ਼ੈਂਡਰ ਨਿਕਸ ਨੂੰ ਬ੍ਰਿਟਿਸ਼ ਟੀ ਵੀ ਬ੍ਰਾਡਕਾਸਟਿੰਗ ਦੀ ਖੁਫੀਆ ਰਿਪੋਰਟ ਆਉਣ ਤੋਂ ਬਾਅਦ ਕੁਝ ਦਿਨ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਇਹ ਕੰਪਨੀ ਦੁਨੀਆ ਭਰ ਦੇ ਪ੍ਰੋਜੈਕਟਾਂ ਵਿੱਚ ਕਈ ਸ਼ੱਕੀ ਤਰੀਕੇ ਇਸਤੇਮਾਲ ਕਰਦੀ ਸੀ ਤੇ ਕਲਾਈਂਟ ਦੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ‘ਹਨੀ ਟਰੈਪ’ ਤੱਕ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਕੈਂਬਰਿਜ ਐਨਾਲਿਟਿਕਾ ਦਾ ਮੁੱਦਾ ਭਾਰਤ ਸਰਕਾਰ ਲਈ ਵੇਕਅਪ ਕਾਲ ਹੈ। ਸਰਕਾਰ ਅਜੇ ਤੱਕ ਵੀ ਡਾਟਾ ਦੀ ਸੁਰੱਖਿਆ ਲਈ ਕੋਈ ਵਿਆਪਕ ਅਤੇ ਠੋਸ ਕਾਨੂੰਨ ਬਣਾਉਣ ਤੋਂ ਆਪਣੇ ਪੈਰ ਪਿਛਾਂਹ ਖਿੱਚ ਰਹੀ ਹੈ। ਰਵੀਸ਼ੰਕਰ ਪ੍ਰਸਾਦ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪ੍ਰੈੱਸ, ਭਾਸ਼ਣ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਪੂਰਾ ਸਹਿਯੋਗ ਦੇਣਗੇ, ਸੋਸ਼ਲ ਮੀਡੀਆ ‘ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਪੂਰਾ ਸਹਿਯੋਗ ਦੇਣਗੇ, ਪਰ ਸੋਸ਼ਲ ਮੀਡੀਆ, ਜਿਸ ਵਿੱਚ ਫੇਸਬੁੱਕ ਵੀ ਸ਼ਾਮਲ ਹੈ, ਦੇ ਰਾਹੀਂ ਭਾਰਤੀ ਚੋਣ ਪ੍ਰਣਾਲੀ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਨਾ ਸਲਾਹੀਆਂ ਜਾਣਗੀਆਂ ਤੇ ਨਾ ਹੀ ਸਹਿਣ ਕੀਤੀਆਂ ਜਾਣਗੀਆਂ। ਜੇ ਲੋੜ ਪਈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ।
ਫੌਰੀ ਪ੍ਰਭਾਵ ਇਹ ਪਿਆ ਕਿ ਇਸ ਨਾਲ ਫੇਸਬੁੱਕ ਦੇ ਸ਼ੇਅਰ ਨੌਂ ਫੀਸਦੀ ਤੱਕ ਡਿਗ ਗਏ। ਇਹ ਖੁਲਾਸਾ ਹੁੰਦਿਆਂ ਹੀ ਇੱਕ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲਿਆਂ ਦੀ ਨਿੱਜਤਾ ਨਾਲੋਂ ਪੰਜਾਹ ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ। ਸ਼ੇਅਰਾਂ ਦਾ ਡਿੱਗਣਾ ਜਾਰੀ ਰਿਹਾ ਤੇ ਇਸ ਦੌਰਾਨ ਕੈਂਬਰਿਜ ਐਨਾਲਿਟਿਕਾ ਦੇ ਕਾਰਜਕਾਰੀ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਗਿਆ।
ਇਸ ਸੰਬੰਧ ਵਿੱਚ ਫੇਸਬੁਕ ‘ਤੇ ਜ਼ੁਕਰਬਰਗ ਦਾ ਪੂਰਾ ਬਿਆਨ ਕੁਝ ਇਸ ਤਰ੍ਹਾਂ ਸੀ :
ਕੈਂਬਰਿਜ ਐਨਾਲਿਟਿਕਾ ਬਾਰੇ ਮੈਂ ਕੁਝ ਅਪਡੇਟ ਸ਼ੇਅਰ ਕਰਨਾ ਚਾਹੁੰਦਾ ਹਾਂ। ਸਥਿਤੀ ਮੁਤਾਬਕ ਅਸੀਂ ਪਹਿਲਾਂ ਹੀ ਕਦਮ ਚੁੱਕ ਲਏ ਹਨ। ਸਾਡੇ ਅਗਲੇ ਕਦਮ ਇਸ ਖਾਸ ਵਿਸ਼ੇ ਦਾ ਪਤਾ ਲਾਉਣ ਬਾਰੇ ਹੋਣਗੇ। ਤੁਹਾਡੇ ਡਾਟਾ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜੇ ਅਸੀਂ ਅਜਿਹਾ ਨਾ ਕਰ ਸਕੇ ਤਾਂ ਤੁਹਾਨੂੰ ਸਰਵਿਸ ਦੇਣ ਦਾ ਸਾਨੂੰ ਕੋਈ ਹੱਕ ਨਹੀਂ। ਆਖਰ ਜੋ ਹੋਇਆ, ਕਿਵੇਂ ਹੋਇਆ ਤੇ ਦੁਬਾਰਾ ਅਜਿਹਾ ਨਾ ਹੋਵੇ, ‘‘ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ। ਚੰਗੀ ਖਬਰ ਇਹ ਹੈ ਕਿ ਅਜਿਹੀ ਘਟਨਾ ਨਾ ਹੋਵੇ, ਇਸ ਦੇ ਲਈ ਅਸੀਂ ਕਈ ਸਾਲ ਪਹਿਲਾਂ ਹੀ ਵਡੇ ਕਦਮ ਚੁੱਕ ਲਏ ਸਨ। ਗਲਤੀਆਂ ਸਾਡੇ ਤੋਂ ਵੀ ਹੋ ਜਾਂਦੀਆਂ ਹਨ, ਇਸ ਲਈ ਸਾਨੂੰ ਹੋਰ ਵੀ ਬਹੁਤ ਕੁਝ ਕਰਨਾ ਪਵੇਗਾ ਤੇ ਅਸੀਂ ਕਰਾਂਗੇ ਵੀ।”