ਭਾਰਤ-ਪਾਕਿ ਵਿਚਾਲੇ ਗ਼ੈਰ-ਰਸਮੀ ਡਿਪਲੋਮੇਟਿਕ ਤਾਲਮੇਲ ਫਿਰ ਸ਼ੁਰੂ


ਇਸਲਾਮਾਬਾਦ, 1 ਮਈ, (ਪੋਸਟ ਬਿਊਰੋ)- ਭਾਰਤ ਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿੱਚ ਪੈਦਾ ਹੋਏ ਅੜਿੱਕਿਆਂ ਨੂੰ ਹਟਾ ਕੇ ਅਤੇ ਆਪੋ ਵਿੱਚ ਗ਼ੈਰ-ਰਸਮੀ ਡਿਪਲੋਮੇਸੀ (ਟਰੈਕ-2 ਡਿਪਲੋਮੇਸੀ) ਨਾਲ ਨਵੀਂ ਸ਼ੁਰੂਆਤ ਕਰਨ ਲਈ ਭਾਰਤ ਦੇ ਕੂਟਨੀਤਕ ਮਾਹਰਾਂ ਦੇ ਇਕ ਗਰੁੱਪ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਦਾ ਦੌਰਾ ਕਰਨ ਦੀ ਖਬਰ ਆਈ ਹੈ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਆਪਸੀ ਸੰਬਧਾਂ ਨੂੰ ਕਈ ਪੱਖਾਂ ਤੋਂ ਮੁੜ ਕੇ ਵਿਚਾਰਿਆ ਗਿਆ ਹੈ।
ਦੋਵਾਂ ਦੇਸ਼ਾਂ ਦੇ ਸੀਨੀਅਰ ਡਿਪਲੋਮੇਟਿਕ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਤੋਂ ਮਾਹਰਾਂ ਦੇ ਇਸ ਦੌਰੇ ਨਾਲ ਨੀਮ-ਰਾਣਾ ਵਾਰਤਾ ਵਜੋਂ ਚਰਚਿਤ ਦੋਵਾਂ ਦੇਸ਼ਾਂ ਵਿਚਾਲੇ ਗ਼ੈਰ-ਰਸਮੀ ਡਿਪਲੋਮੇਸੀ ਦੀ ਨਵੀਂ ਸ਼ੁਰੂਆਤ ਹੋਈ ਹੈ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਦੇ ਭਾਰਤ ਵਿੱਚ ਆਣ ਕੇ ਕੀਤੇ ਜਾਣ ਵਾਲੇ ਹਮਲਿਆਂ ਅਤੇ ਹੋਰ ਵਿਵਾਦ ਵਾਲੇ ਮੁੱਦਿਆਂ ਦੇ ਸਿਰ ਕਾਰਨ ਦੁਵੱਲੇ ਸੰਬੰਧ ਖਰਾਬ ਹੋ ਗਏ ਸਨ ਤੇ ਨਰਿੰਦਰ ਮੋਦੀ ਦੀ ਆਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਨਾ ਕਰਨ ਦਾ ਪੈਂਤੜਾ ਮੱਲ ਲਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਵਿਚਾਲੇ ਗ਼ੈਰ-ਰਸਮੀ ਡਿਪਲੋਮੇਸੀ ਦੀ ਸ਼ੁਰੂਆਤ ਕਰਨ ਪਾਕਿਸਤਾਨ ਗਈ ਭਾਰਤੀ ਟੀਮ ਦੀ ਅਗਵਾਈ ਸਾਬਕਾ ਵਿਦੇਸ਼ ਸੈਕਟਰੀ ਵਿਵੇਕ ਕਾਟਜੂ ਨੇ ਕੀਤੀ ਸੀ ਅਤੇ ਇਸ ਟੀਮ ਵਿੱਚ ਪ੍ਰਸਿੱਧ ਵਿਦਿਅਕ ਮਾਹਰ ਜੇ ਐਸ ਰਾਜਪੂਤ ਤੇ ਹੋਰ ਲੋਕ ਸ਼ਾਮਲ ਸਨ। ਪਾਕਿਸਤਾਨ ਵਾਲੇ ਪਾਸਿਓਂ ਉਸ ਦੇਸ਼ ਦੇ ਸਾਬਕਾ ਵਿਦੇਸ਼ ਸੈਕਟਰੀ ਇਨਾਮੁਲ ਹੱਕ ਨੇ ਟੀਮ ਦੀ ਅਗਵਾਈ ਕੀਤੀ ਸੀ, ਜਿਸ ਵਿੱਚ ਪਾਕਿਸਤਾਨ ਸਟੇਟ ਬੈਂਕ ਦੇ ਸਾਬਕਾ ਗਵਰਨਰ ਇਸ਼ਰਤ ਹੁਸੈਨ ਸ਼ਾਮਲ ਹਨ। ਉੱਚ ਪੱਧਰੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ 28 ਤੋਂ 30 ਅਪਰੈਲ ਦੌਰਾਨ ਹੋਈ ਸੀ। ਇਹ ਗੱਲ ਜਿ਼ਕਰ ਯੋਗ ਹੈ ਕਿ ਅਗਲੇ ਜੁਲਾਈ ਵਿੱਚ ਹੋ ਰਹੀਆਂ ਪਾਕਿਸਤਾਨੀ ਪਾਰਲੀਮੈਂਟ ਚੋਣਾਂ ਦੇ ਦੌਰਾਨ ਓਥੋਂ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਇਸ ਵੇਲੇ ਮੀਡੀਆ ਵਿੱਚ ਇਸ਼ਰਤ ਹੁਸੈਨ ਦਾ ਨਾਂ ਚਰਚਾ ਵਿੱਚ ਚੱਲ ਰਿਹਾ ਹੈ। ਭਾਰਤ-ਪਾਕਿ ਗ਼ੈਰ-ਰਸਮੀ ਕੂਟਨੀਤਕ ਗੱਲਬਾਤ ਨੂੰ ਪੂਰੀ ਤਰ੍ਹਾਂ ਲੁਕਵੀਂ ਰੱਖਿਆ ਗਿਆ ਤੇ ਇਸ ਸਬੰਧ ਵਿੱਚ ਦੋਵਾਂ ਪਾਸਿਆਂ ਤੋਂ ਸਰਕਾਰੀ ਤੌਰ ਉੱਤੇ ਕੁਝ ਨਹੀਂ ਦੱਸਿਆ ਗਿਆ।
ਇਸ ਸੰਬੰਧ ਵਿੱਚ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਨੀਮ-ਰਾਣਾ ਵਾਰਤਾ ਦਾ ਮੁੱਢ 1990ਵਿਆਂ ਦੇ ਸ਼ੁਰੂ ਵਿੱਚ ਹੋਇਆ ਸੀ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਭਾਵਸ਼ਾਲੀ ਸਾਬਕਾ ਦੂਤ, ਫ਼ੌਜ ਦੇ ਸਾਬਕਾ ਅਧਿਕਾਰੀ ਅਤੇ ਅਕਾਦਮੀਸ਼ੀਅਨ ਲੋਕ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਨੂੰ ਉਸ ਵਕਤ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਵੱਲੋਂ ਅਣ-ਐਲਾਨਿਆ ਸਹਿਯੋਗ ਦਿੱਤਾ ਜਾ ਰਿਹਾ ਸੀ। ਪਿਛਲੇ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਅਜਿਹਾ ਕੋਈ ਗ਼ੈਰ-ਰਸਮੀ ਤਾਲਮੇਲ ਨਾ ਰਹਿ ਜਾਣ ਦੇ ਕਾਰਨ ਆਪਸੀ ਸਬੰਧ ਕਾਫ਼ੀ ਵਿਗੜਦੇ ਚਲੇ ਗਏ ਸਨ। ਪਾਕਿਸਤਾਨ ਵਿਚਲੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਸਾਲ 2016 ਵਿੱਚ ਭਾਰਤ ਵਿੱਚ ਕੀਤੇ ਵੱਡੇ ਹਮਲਿਆਂ ਅਤੇ ਇਸ ਪਿੱਛੋਂ ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਨਾਲ ਆਪਸੀ ਸੰਬੰਧਾਂ ਹੋਰ ਭਾਰੀ ਵਿਗਾੜ ਆਇਆ। ਉਸ ਦੇ ਬਾਅਦ ਪਿਛਲੇ ਸਾਲ ਜਦੋਂ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਤਾਂ ਮਾਮਲਾ ਹੋਰ ਵੀ ਖ਼ਰਾਬ ਹੋ ਗਿਆ ਸੀ। ਇਸ ਸਾਰੇ ਸਮੇਂ ਦੌਰਾਨ ਜੰਮੂ-ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਉਤੇ ਦੋਵੇਂ ਪਾਸੇ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਧ ਗਈਆਂ ਸਨ, ਜਿਸ ਨਾਲ ਬਹੁਤ ਸਾਰੀਆਂ ਗਈਆਂ ਸਨ। ਇਸ ਹਾਲਾਤ ਦੇ ਲਈ ਦੋਵੇਂ ਦੇਸ਼ ਇਕ-ਦੂਜੇ ਉੱਤੇ ਦੋਸ਼ ਲਾਉਂਦੇ ਰਹੇ ਹਨ।