ਭਾਰਤ ਨੇ ਹਾਕੀ ਪ੍ਰੋ-ਲੀਗ ਤੋਂ ਹਟਣ ਦਾ ਫੈਸਲਾ ਲਿਆ

Hockey1ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਭਾਰਤੀ ਹਾਕੀ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੀ ਸਾਲ 2019 ‘ਚ ਸ਼ੁਰੂ ਹੋਣ ਵਾਲੀ ਪ੍ਰੋ-ਲੀਗ ਤੋਂ ਪਿੱਛੇ ਹਟਣ ਦਾ ਫੈਸਲਾ ਕਰ ਲਿਆ ਹੈ। ਇਸ ਫੈਸਲੇ ਨੂੰ ਸਹੀ ਦੱਸਦੇ ਹੋਏ ਭਾਰਤੀ ਹਾਕੀ ਵੱਲੋਂ ਕਿਹਾ ਗਿਆ ਹੈ ਕਿ ਇਸ ਮੁਕਾਬਲੇ ‘ਚ ਬਣੇ ਰਹਿਣ ਨਾਲ ਉਲੰਪਿਕ ਵਿੱਚ ਸਿੱਧੇ ਕੁਆਲੀਫਾਈ ਹੋਣ ਦਾ ਮੌਕਾ ਨਹੀਂ ਮਿਲਦਾ, ਅਜਿਹੇ ‘ਚ ਮਹਿਲਾ ਟੀਮ ਲਈ ਇਹ ਕਿਸੇ ਵੀ ਤਰ੍ਹਾਂ ਨਾਲ ਲਾਭਕਾਰੀ ਨਹੀਂ ਹੈ।
ਭਾਰਤੀ ਹਾਕੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਪ੍ਰੋ-ਲੀਗ ਸਾਲ 2019 ਤੋਂ ਸ਼ੁਰੂ ਹੋਵੇਗੀ, ਇਸ ਨਾਲ ਮਰਦ ਅਤੇ ਮਹਿਲਾ ਦੋਵੇਂ ਵਰਗਾਂ ਵਿੱਚ ਸਿਰਫ ਪਹਿਲੇ ਚਾਰ ਦਰਜੇ ਦੀਆਂ ਟੀਮਾਂ ਨੂੰ ਉਲੰਪਿਕ ਕੁਆਲੀਫਾਇਰ ‘ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਭਾਰਤੀ ਮਰਦ ਟੀਮ ਕੋਲ ਚੰਗਾ ਮੌਕਾ ਹੈ, ਪਰ ਮਹਿਲਾ ਟੀਮ ਹਾਲੇ ਵੀ ਵਿਸ਼ਵ ਦਰਜ਼ਾਬੰਦੀ ‘ਚ 13ਵੇਂ ਸਥਾਨ ‘ਤੇ ਹੈ। ਇਸ ਕਾਰਨ ਮਹਿਲਾ ਟੀਮ ਕੋਲ ਪਹਿਲੇ ਚਾਰ ਸਥਾਨਾਂ ਵਿੱਚ ਕਾਬਜ਼ ਹੋਣਾ ਮੁਸ਼ਕਲ ਹੋਵੇਗਾ। ਦੂਜੇ ਪਾਸੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ ਆਈ ਐਚ) ਨੇ ਇਸ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਭਾਰਤ ਹਾਕੀ ਦੇ ਪ੍ਰੋ-ਲੀਗ ਤੋਂ ਪਿੱਛੇ ਹਟਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਐਫ ਆਈ ਐਚ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਦੇ ਪਿੱਛੇ ਹਟਣ ਤੋਂ ਸਾਨੂੰ ਦੁੱਖ ਹੈ। ਹਾਲਾਂਕਿ ਮੁਕਾਬਲੇ ਨੂੰ ਲਾਗੂ ਕਰਨ ਵਾਲਾ ਸਾਡਾ ਪੈਨਲ ਕਿਸੇ ਟੀਮ ਦੇ ਪਿੱਛੇ ਹਟਣ ਤੋਂ ਪੈਣ ਵਾਲੇ ਪ੍ਰਭਾਵਾਂ ‘ਤੇ ਚਰਚਾ ਕਰਨ ਲਈ ਇਕ ਬੈਠਕ ਬੁਲਾਵੇਗਾ, ਜਿਸ ਵਿੱਚ ਮਰਦ ਅਤੇ ਮਹਿਲਾ ਵਰਗ ਦੀਆਂ ਵਿਕਲਪਿਕ ਟੀਮਾਂ ਨੂੰ ਸੱਦਾ ਦੇਣਾ ਵੀ ਸ਼ਾਮਲ ਹੋਵੇਗਾ।