ਭਾਰਤ ਨੂੰ ਹਿੰਸਕ ਘਟਨਾਵਾਂ ਦੇ ਨਾਲ 80 ਲੱਖ ਕਰੋੜ ਦਾ ਨੁਕਸਾਨ


ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਭਾਰਤੀ ਅਰਥਵਿਵਸਥਾ ਨੂੰ ਕਾਰਜ ਸ਼ਕਤੀ ਸਮਰੱਥਾ (ਪੀ ਪੀ ਪੀ) ਦੇ ਸੰਬੰਧ ਵਿੱਚ ਹਿੰਸਾ ਕਾਰਨ ਪਿਛਲੇ ਸਾਲ 1190 ਅਰਬ ਡਾਲਰ ਯਾਨੀ ਕਰੀਬ ਅੱਸੀ ਲੱਖ ਕਰੋੜ ਰੁਪਏ ਤੋਂ ਵੱਧ ਨੁਕਸਾਨ ਸਹਿਣਾ ਪਿਆ ਹੈ। ਇਹ ਨੁਕਸਾਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਰੀਬ 595.40 ਡਾਲਰ ਯਾਨੀ 40 ਹਜ਼ਾਰ ਰੁਪਏ ਤੋਂ ਵੱਧ ਹੈ। ਗੈਰ ਸਰਕਾਰੀ ਸੰਗਠਨ ਇੰਸਟੀਚਿਊਟ ਫਾਰ ਇਕੋਨਾਮਿਕਸ ਐਂਡ ਪੀਸ ਨੇ 163 ਦੇਸ਼ਾਂ ਅਤੇ ਖੇਤਰਾਂ ਦਾ ਸਰਵੇ ਕਰਨ ਦੇ ਬਾਅਦ ਇਹ ਰਿਪੋਰਟ ਤਿਆਰ ਕੀਤੀ ਹੈ।
ਇਸ ਰਿਪੋਰਟ ਦੇ ਮੁਤਾਬਕ ਹਿੰਸਾ ਨਾਲ 2017 ਵਿੱਚ ਦੇਸ਼ ਦੇ ਸਾਰੇ ਘਰੇਲੂ ਉਤਪਾਦ (ਜੀ ਡੀ ਪੀ) ਦੇ ਨੌਂ ਫੀਸਦੀ ਦੇ ਬਰਾਬਰ ਨੁਕਸਾਨ ਹੋਇਆ ਹੈ। ਇਸ ਦੌਰਾਨ ਹਿੰਸਾ ਨਾਲ ਸੰਸਾਰਕ ਅਰਥ ਵਿਵਸਥਾ ਨੂੰ ਪੀ ਪੀ ਪੀ ਆਧਾਰ ਉੱਤੇ 14.760 ਅਰਬ ਡਾਲਰ ਦਾ ਨੁਕਸਾਨ ਹੋਇਆ। ਇਹ ਸੰਸਾਰਕ ਜੀ ਡੀ ਪੀ ਦਾ 12.4 ਫੀਸਦੀ ਹੈ, ਜੋ ਪ੍ਰਤੀ ਵਿਅਕਤੀ 1988 ਡਾਲਰ ਹੁੰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁੱਲਾਂਕਣ ਵਿੱਚ ਹਿੰਸਾ ਦੇ ਸਿੱਧੇ ਜਾਂ ਅਸਿੱਧੇ ਪ੍ਰਭਾਵਾਂ ਸਮੇਤ ਆਰਥਿਕ ਗੁਣਾਤਮਕ ਪ੍ਰਭਾਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ।