ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਨੂੰ ਵੋਟਿੰਗ ਮਸ਼ੀਨਾਂ ਉੱਤੇ ਪੂਰਾ ਭਰੋਸਾ

evm machines
ਨਵੀਂ ਦਿੱਲੀ, 18 ਮਾਰਚ (ਪੋਸਟ ਬਿਊਰੋ)- ਕੁਝ ਸਿਆਸੀ ਪਾਰਟੀਆਂ ਵੱਲੋਂ ਵੋਟਿੰਗ ਮਸ਼ੀਨਾਂ (ਈ ਵੀ ਐਮ) ਦੀ ਭਰੋਸੇਯੋਗਤਾ ਉੱਤੇ ਸਵਾਲ ਖੜੇ ਕੀਤੇ ਜਾਣ ਪਿੱਛੋਂ ਚੋਣ ਕਮਿਸ਼ਨ ਦੇ ਸਾਬਕਾ ਮੁਖੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਈ ਵੀ ਐਮ ਨੇ ਪਿਛਲੇ 19 ਸਾਲਾਂ ‘ਚ ਆਪਣੀ ਉਪਯੋਗਤਾ ਸਾਬਤ ਕੀਤੀ ਹੈ। ਉਨ੍ਹਾਂ ਨੇ ਚੋਣਾਂ ‘ਚ ਹਾਰਨ ਵਾਲੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਹਾਰ ਦੀ ਨਾਰਾਜ਼ਗੀ ਮਸ਼ੀਨਾਂ ‘ਤੇ ਨਹੀਂ ਉਤਾਰਨ।
ਸਾਬਕਾ ਮੁੱਖ ਚੋਣ ਕਮਿਸ਼ਨਰਾਂ ਐਮ ਐਸ ਗਿੱਲ, ਵੀ ਐਸ ਸੰਪਤ ਅਤੇ ਐਚ ਐਸ ਬ੍ਰਹਮਾ ਨੇ ਕਿਹਾ ਕਿ ਮਸ਼ੀਨਾਂ ਭਰੋਸੇ ਯੋਗ ਹਨ, ਇਨ੍ਹਾਂ ਨਾਲ ਛੇੜਛਾੜ ਨਹੀਂ ਹੋ ਸਕਦੀ ਅਤੇ ਸਿਆਸੀ ਪਾਰਟੀਆਂ ਨੂੰ ਚੋਣ ਹਾਰਨ ‘ਤੇ ਇਨ੍ਹਾਂ ਦੀ ਭਰੋਸੇਯੋਗਤਾ ‘ਤੇ ਸਵਾਲ ਨਹੀਂ ਉਠਾਉਣੇ ਚਾਹੀਦੇ। ਚੋਣ ਕਮਿਸ਼ਨ ਨੇ ਈ ਵੀ ਐਮ ਦੇ ਨਾਲ ਛੇੜਛਾੜ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਤੇ ਅਜੀਬ ਕਰਾਰ ਦਿੰਦੇ ਹੋਏ ਬੀਤੇ ਦਿਨੀਂ ਸਖਤ ਬਿਆਨ ਦੇ ਕੇ ਰੱਦ ਕਰ ਦਿੱਤਾ ਸੀ। ਨਵੰਬਰ 1998 ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਾਤੋਂ ‘ਤੇ ਜ਼ੋਰ ਦੇ ਵਾਲੇ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਈ ਵੀ ਐਮ ਉੱਤੇ ਭਰੋਸਾ ਹੈ। ਬਦਕਿਸਮਤੀ ਨਾਲ ਕੁਝ ਸਿਆਸੀ ਪਾਰਟੀਆਂ ਇਸ ਭਰੋਸੇ ਨੂੰ ਖਤਮ ਕਰ ਰਹੀਆਂ ਹਨ। ਹਾਰ ਗਈਆਂ ਪਾਰਟੀਆਂ ਨੂੰ ਆਪਣੀ ਹਾਰ ਦੀ ਨਾਰਾਜ਼ਗੀ ਮਸ਼ੀਨਾਂ ‘ਤੇ ਨਹੀਂ ਉਤਾਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਪਿਛਲੇ 19 ਸਾਲਾਂ ਤੋਂ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਦੀਆਂ ਉਮੀਦਾਂ ‘ਤੇ ਖਰੀਆਂ ਉਤਰੀਆਂ ਹਨ। ਗਿੱਲ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੇ ਭਾਰਤ ਨੂੰ ਇਕ ਸ਼ਾਂਤੀਪੂਰਨ ਲੋਕਤੰਤਰਿਕ ਪ੍ਰਣਾਲੀ ਦਿੱਤੀ ਹੈ। ਬੈਲੇਟ ਪੇਪਰਾਂ ਦੇ ਦਿਨਾਂ ਨੂੰ ਯਾਦ ਕਰੋ ਅਤੇ ਉਸ ਸਮੇਂ ਲਾਏ ਗਏ ਦੋਸ਼ਾਂ ਨੂੰ ਯਾਦ ਕਰੋ। ਉਨ੍ਹਾਂ ਕਿਹਾ ਕਿ ਸਾਲ 2004 ‘ਚ ਲੋਕ ਸਭਾ ਚੋਣਾਂ ਵਿੱਚ ਸਾਰੇ ਚੋਣਾਂ ਖੇਤਰਾਂ ‘ਚ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। 13 ਲੱਖ ਮਸ਼ੀਨਾਂ ਅਤੇ 75 ਕਰੋੜ ਵੋਟਰ, ਪਰ ਕੋਈ ਗਲਤੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਜੈਲਲਿਤਾ ਨੇ ਮਦਰਾਸ ਹਾਈ ਕੋਰਟ ਵਿੱਚ ਵੋਟਿੰਗ ਮਸ਼ੀਨਾਂ ਦੇ ਇਸਤੇਮਾਲ ਨੂੰ ਚੁਣੌਤੀ ਦਿੱਤੀ ਸੀ ਤੇ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇਸ ਵਿੱਚ ਇਕ ਧਿਰ ਬਣੇ ਸਨ। ਈ ਵੀ ਐਮ ਦੇ ਇਸਤੇਮਾਲ ਦੇ ਖਿਲਾਫ ਇਸ ਮਾਮਲੇ ਅਤੇ ਕਈ ਹੋਰ ਮਾਮਲਿਆਂ ਨੂੰ ਅਦਾਲਤਾਂ ਨੇ ਖਾਰਜ ਕੀਤਾ ਹੈ।
ਇਕ ਹੋਰ ਸਾਬਕਾ ਮੁੱਖ ਚੋਣ ਕਮਿਸ਼ਨਰ ਸੰਪਤ ਨੇ ਕਿਹਾ ਕਿ ਮਸ਼ੀਨਾਂ ਦੀ ਭਰੋਸੇਯੋਗਤਾ ‘ਤੇ ਇਤਰਾਜ਼ ਨਵੇਂ ਨਹੀਂ ਹਨ। ਨੇਤਾਵਾਂ ਨੂੰ ਪਤਾ ਹੈ ਕਿ ਮਸ਼ੀਨ ਨਾਲ ਛੇੜਛਾੜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਹਾਰਦੀਆਂ ਪਾਰਟੀਆਂ ਇਹ ਮਾਮਲਾ ਚੁੱਕਦੀਆਂ ਹਨ। ਜਦੋਂ ਤੱਕ ਮਸ਼ੀਨਾਂ ਦੀ ਸੁਰੱਖਿਆ ਚੋਣ ਕਮਿਸ਼ਨ ਦੇ ਕੋਲ ਹੈ, ਇਨ੍ਹਾਂ ਨਾਲ ਛੇੜਛਾੜ ਨਹੀਂ ਹੋ ਸਕਦੀ। ਚੋਣਾਂ ਤੋਂ ਪਹਿਲਾਂ ਉਮੀਦਵਾਰ ਜਾਂ ਉਨ੍ਹਾਂ ਦੇ ਏਜੰਟ ਇਨ੍ਹਾਂ ਦੀ ਜਾਂਚ ਕਰਦੇ ਹਨ।