ਭਾਰਤ ਦੇ ਕਾਉਂਸਲ ਜਨਰਲ ਵੱਲੋਂ ਮੇਅਰ ਟੋਰੀ ਦੇ ਸਨਮਾਨ ਵਿੱਚ ਚਾਹ ਪਾਰਟੀ ਦਾ ਆਯੋਜਨ

Consul General Mr. Dinesh Bhatia with Mayor John Tory and members of Indo-Canadian business communityਟੋਰਾਂਟੋ, 6 ਮਾਰਚ (ਪੋਸਟ ਬਿਊਰੋ) : ਟੋਰਾਂਟੋ ਵਿਖੇ ਕਾਊਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਵੱਲੋਂ ਭਾਰਤ ਦਾ ਦੌਰਾ ਕਰਨ ਜਾ ਰਹੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਦੇ ਸਨਮਾਨ ਵਿੱਚ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਦੇ ਆਗੂਆਂ, ਫਾਇਨਾਂਸ਼ੀਅਲ ਤੇ ਬੈਂਕਿੰਗ ਇੰਸਟੀਚਿਊਸ਼ਨਜ਼ ਦੇ ਨੁਮਾਇੰਦਿਆਂ, ਯੂਨੀਵਰਸਿਟੀ ਤੇ ਕਾਲਜਾਂ ਦੇ ਨੁਮਾਇੰਦਿਆਂ ਅਤੇ ਜੀਟੀਏ ਦੇ ਉੱਘੇ ਕਾਰੋਬਾਰੀਆਂ ਨੇ ਹਿੱਸਾ ਲਿਆ।
ਇਸ ਵਿੱਚ ਮੇਅਰ ਦੇ ਵਫਦ ਦੇ ਮੈਂਬਰਾਂ ਤੋਂ ਇਲਾਵਾ ਟੋਰਾਂਟੋ ਸਿਟੀ ਕਾਉਂਸਲ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਸਮਾਰੋਹ ਵਿੱਚ 60-65 ਮਹਿਮਾਨਾਂ ਨੇ ਸਿ਼ਰਕਤ ਕੀਤੀ। ਟੋਰਾਂਟੋ ਦੇ ਮੇਅਰ ਦੇ ਪਹਿਲੇ ਭਾਰਤ ਦੌਰੇ ਦੇ ਮੱਦੇਨਜ਼ਰ ਸ੍ਰੀ ਭਾਟੀਆ ਨੇ ਆਖਿਆ ਕਿ ਦੋਵਾਂ ਮੁਲਕਾਂ ਵਿੱਚ ਆਰਥਿਕ ਸਹਿਯੋਗ ਦੀ ਕਾਫੀ ਗੁੰਜਾਇਸ਼ ਹੈ ਤੇ ਕਈ ਖੇਤਰਾਂ ਵਿੱਚ ਕੰਮ ਕੀਤਾ ਜਾਣਾ ਅਜੇ ਬਾਕੀ ਹੈ। ਉਨ੍ਹਾਂ ਆਖਿਆ ਕਿ ਟਰੇਡ ਤੇ ਆਰਥਿਕ ਸਬੰਧ ਭਾਵੇਂ ਪਹਿਲਾਂ ਤੋਂ ਹੀ ਮਜ਼ਬੂਤ ਹਨ ਪਰ ਵੱਡੀ ਇੰਡੋ ਕੈਨੇਡੀਅਨ ਕਮਿਊਨਿਟੀ ਨੂੰ ਵੇਖਦਿਆਂ ਹੋਇਆਂ ਆਰਥਿਕ ਸਬੰਧਾਂ ਨੂੰ ਹੋਰ ਗੂੜ੍ਹਾਂ ਕਰਨ ਦੀਆਂ ਕਾਫੀ ਸੰਭਾਵਨਾਵਾਂ ਹਨ।
ਸ੍ਰੀ ਭਾਟੀਆ ਨੇ ਕੈਨੇਡਾ ਦੀਆਂ ਵਿੱਤੀ ਸੰਸਥਾਵਾਂ ਦੀ ਭਾਰਤ ਪ੍ਰਤੀ ਸਕਾਰਾਤਮਕ ਸੋਚ ਰੱਖਣ ਲਈ ਉਨ੍ਹਾਂ ਦਾ ਸੁ਼ਕਰੀਆ ਅਦਾ ਕੀਤਾ। ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਸੱ਼ਕ ਨਹੀਂ ਭਾਰਤ ਪੂਰੀ ਦੁਨੀਆ ਲਈ ਨਿਵੇਸ਼ ਕਰਨ ਦੀ ਪਸੰਦੀਦਾ ਥਾਂ ਬਣ ਚੁੱਕਿਆ ਹੈ। ਉਨ੍ਹਾਂ ਇੱਥੇ ਮੇਕ ਇਨ ਇੰਡੀਆ, ਸਕਿੱਲ ਇੰਡੀਆ ਤੇ ਸਵੱਛ ਭਾਰਤ ਅਭਿਆਨ ਵਰਗੀਆਂ ਮੁਹਿੰਮਾਂ ਦਾ ਵੀ ਜਿ਼ਕਰ ਕੀਤਾ। ਇਸ ਮੌਕੇ ਮੇਅਰ ਜੌਹਨ ਟੋਰੀ ਨੇ ਦੱਸਿਆ ਕਿ ਉਹ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ 15 ਮਾਰਚ ਤੋਂ ਕਰਨਗੇ ਤੇ ਉਹ ਦਿੱਲੀ, ਮੁੰਬਈ ਤੇ ਹੈਦਰਾਬਾਦ ਜਾਣਗੇ। ਉਨ੍ਹਾਂ ਦੇ ਨਾਲ 20 ਮੈਂਬਰੀ ਵਫਦ ਹੋਵੇਗਾ ਜਿਸ ਵਿੱਚ ਇਨਫਰਮੇਸ਼ਨ ਤਕਨਾਲੋਜੀ, ਇੰਡਸਟਰੀ, ਫਿਲਮ ਤੇ ਐਂਟਰਟੇਨਮੈਂਟ ਇੰਡਸਟਰੀ ਤੇ ਐਜੂਕੇਸ਼ਨ ਖੇਤਰਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਟੋਰੀ ਨੇ ਸ੍ਰੀ ਭਾਟੀਆ ਵੱਲੋਂ ਦਿੱਤੀ ਗਈ ਚਾਹ ਪਾਰਟੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ।