ਭਾਰਤ ਦੇ ਅਸਲਾ ਕਾਰਖਾਨਿਆਂ ਦੇ 13 ਅਫਸਰ ਹਟਾਉਣ ਦਾ ਫੈਸਲਾ

amunations india
ਨਵੀਂ ਦਿੱਲੀ, 1 ਸਤੰਬਰ (ਪੋਸਟ ਬਿਊਰੋ)- ਫੌਜ ਵਿੱਚ ਸੁਧਾਰਾਂ ਵੱਲ ਇਤਿਹਾਸਕ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਕੱਲ੍ਹ ਅਸਲਾ ਕਾਰਖਾਨਿਆਂ ਦਾ ਪ੍ਰਬੰਧ ਸੰਭਾਲਣ ਵਾਲੇ ਇੰਡੀਅਨ ਆਰਡੀਨੈਂਸ ਫੈਕਟਰੀ ਸਰਵਿਸ ਦੇ ਗਰੁੱਪ-ਏ ਦੇ 13 ਅਧਿਕਾਰੀਆਂ ਦਾ ਕੰਮ ਤਸੱਲੀ ਬਖਸ਼ ਨਾ ਹੋਣ ‘ਤੇ ਉਨ੍ਹਾਂ ਦੀ ਅਗੇਤੀ ਸੇਵਾ ਮੁਕਤੀ ਫੈਸਲਾ ਲਿਆ ਹੈ।
ਰੱਖਿਆ ਮੰਤਰਾਲਾ ਦੇ ਸੂਤਰਾਂ ਅਨੁਸਾਰ ਸਰਕਾਰ ਅਸਲਾ ਕਾਰਖਾਨਿਆਂ ਦੇ ਕੰਮ ਵਿੱਚ ਸੁਧਾਰ ਲਿਆਉਣ ਅਤੇ ਇਸ ਨੂੰ ਵਧੀਆ ਬਣਾਉਣ ਲਈ ਕਦਮ ਚੁੱਕ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਕਦਮ ਹੇਠ ਇਸ ਪ੍ਰਮੁੱਖ ਸਰਵਿਸ ਦੇ ਅਧਿਕਾਰੀਆਂ ਦੀ ਨਿਰਧਾਰਤ ਪ੍ਰਕਿਰਿਆ ਦੇ ਤਹਿਤ ਵੱਡੇ ਪੱਧਰ ‘ਤੇ ਸਖਤ ਮੁਲਾਂਕਣ ਕੀਤਾ ਗਿਆ। ਇਸ ਦੇ ਆਧਾਰ ‘ਤੇ ਹੀ ਉਪਰੋਕਤ ਅਧਿਕਾਰੀਆਂ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਲਿਆ ਹੈ। ਅਸਲਾ ਕਾਰਖਾਨਿਆਂ ਦੇ ਅਧਿਕਾਰੀਆਂ ਨੂੰ ਹਥਿਆਰਬੰਦ ਫੌਜਾਂ ਨੂੰ ਮਿਥੇ ਸਮੇਂ ਵਿੱਚ ਗੁਣਵੱਤਾ ਭਰਪੂਰ ਸਾਮਾਨ ਹਾਸਲ ਕਰਾਉਣ ਦੇ ਜਵਾਬਦੇਹ ਬਣਾਇਆ ਜਾ ਰਿਹਾ ਹੈ। ਰੱਖਿਆ ਸੂਤਰਾਂ ਅਨੁਸਾਰ ਅਫਸਰਾਂ ਨੂੰ ਸੇਵਾ ਮੁਕਤ ਕਰਨ ਤੋਂ ਪਹਿਲਾਂ ਤਿੰਨ ਮਹੀਨਿਆਂ ਦਾ ਨੋਟਿਸ ਦਿੱਤਾ ਜਾਵੇਗਾ ਤੇ ਇਸ ਦੇ ਮਗਰੋਂ ਉਨ੍ਹਾਂ ਦੀ ਸੇਵਾ ਖਤਮ ਕਰ ਦਿੱਤੀ ਜਾਵੇਗੀ। ਵਰਣਨ ਯੋਗ ਹੈ ਕਿ ਦੇਸ਼ ਵਿੱਚ 39 ਅਸਲਾ ਕਾਰਖਾਨੇ ਹਨ, ਜਿਨ੍ਹਾਂ ਵਿੱਚ ਲਗਭਗ ਇੱਕ ਲੱਖ ਕਰਮਚਾਰੀ ਕੰਮ ਕਰਦੇ ਹਨ।