ਭਾਰਤ ਦੀਆਂ 23 ਯੂਨੀਵਰਸਿਟੀਆਂ ਜਾਅਲੀ ਨਿਕਲੀਆਂ

ugc1200
ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ)- ਭਾਰਤ ਵਿੱਚ ਸਿੱਖਿਆ ਦਾ ਮਿਆਰ ਪਹਿਲਾਂ ਹੀ ਬਹੁਤ ਡਿੱਗਾ ਹੋਇਆ ਹੈ, ਜਿਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਆਸੀ ਪਾਰਟੀਆਂ ਵੱਡੇ ਦਾਅਵੇ ਕਰਦੀਆਂ ਹਨ। ਇਸ ਦੇ ਬਾਵਜੂਦ ਭਾਰਤ ਵਿੱਚ 23 ਯੂਨੀਵਰਸਿਟੀਆਂ ਦੇ ਜਾਅਲੀ ਹੋਣ ਦਾ ਹੈਰਾਨੀ ਜਨਕ ਖੁਲਾਸਾ ਹੋਇਆ ਹੈ।
ਭਾਰਤ ਵਿੱਚ ਦੀਆਂ 23 ਯੂਨੀਵਰਸਿਟੀਆਂ ਫਰਜ਼ੀ ਨਿਕਲੀਆਂ ਹਨ, ਇੰਨਾ ਹੀ ਨਹੀਂ ਦੇਸ਼ ਦੇ 279 ਤਕਨੀਕੀ ਇੰਸਟੀਚਿਊਟ ਵੀ ਨਕਲੀ ਸਾਬਤ ਹੋਏ ਹਨ। ਇਕ ਅੰਗਰੇਜ਼ੀ ਅਖਬਾਰ ਵਿੱਚ ਛਾਪੀ ਗਈ ਖਬਰ ਦੇ ਮੁਤਾਬਕ ਭਾਰਤ ਦੀ ਰਾਜਧਾਨੀ ਦਿੱਲੀ 66 ਫਰਜ਼ੀ ਕਾਲਜਾਂ ਦੇ ਨਾਲ ਇਸ ਲਿਸਟ ਵਿੱਚ ਸਿਖਰ ਉੱਤੇ ਹੈ। ਇਹ ਕਾਲਜ ਰੈਗੂਲੇਟਰੀ ਦੀ ਇਜਾਜ਼ਤ ਤੋਂ ਬਿਨਾਂ ਇੰਜੀਨੀਅਰਿੰਗ ਤੇ ਹੋਰ ਤਕਨੀਕੀ ਕੋਰਸ ਕਰਵਾ ਰਹੇ ਹਨ। ਇਨ੍ਹਾਂ ਦੇ ਕੋਲ ਵਿਦਿਆਰਥੀਆਂ ਨੂੰ ਡਿਗਰੀ ਦੇਣ ਦਾ ਕੋਈ ਅਧਿਕਾਰ ਨਹੀਂ। ਅਜਿਹੇ ਕਾਲਜਾਂ ਵਲੋਂ ਦਿੱਤੇ ਸਰਟੀਫਿਕੇਟ ਕਾਗਜ਼ ਦੇ ਟੁਕੜੇ ਤੋਂ ਇਲਾਵਾ ਕੁਝ ਵੀ ਨਹੀਂ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਅਤੇ ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਕੌਂਸਲ (ਏ ਆਈ ਸੀ ਟੀ ਈ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਨ੍ਹਾਂ ਨਕਲੀ ਸੰਸਥਾਨਾਂ ਦੀ ਸੂਚੀ ਆਪਣੀ ਵੈੱਬਸਾਈਟ ਉੱਤੇ ਜਾਰੀ ਕੀਤੀ ਅਤੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਤੋਂ ਪਹਿਲਾਂ ਸੁਚੇਤ ਰਹਿਣ ਦੀ ਹਦਾਇਤ ਦਿੱਤੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਅਜਿਹੇ ਸੰਸਥਾਨਾਂ ਖਿਲਾਫ ਢੁੱਕਵੀਂ ਕਾਰਵਾਈ ਕਰਨ ਲਈ ਸਬੰਧਿਤ ਰਾਜ ਅਧਿਕਾਰੀਆਂ ਨੂੰ ਇਨ੍ਹਾਂ ਦੀ ਸੂਚੀ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਅਸੀਂ ਅਖਬਾਰਾਂ ਵਿੱਚ ਵੀ ਇਸ ਵਿਸ਼ੇ ਦਾ ਨੋਟਿਸ ਭੇਜ ਦਿੱਤਾ ਹੈ, ਜਿਸ ਨਾਲ ਵਿਦਿਆਰਥੀ ਇਨ੍ਹਾਂ ਤੋਂ ਬਚ ਸਕਣ। ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ ਵੀ ਨਕਲੀ ਸੰਸਥਾਨਾਂ ਤੋਂ ਬਚੇ ਨਹੀਂ। ਇਥੇ ਵੀ ਕਈ ਨਕਲੀ ਸੰਸਥਾਨ ਚੱਲ ਰਹੇ ਹਨ।