ਭਾਰਤ ਦੀਆਂ ਏ ਟੀ ਐਮ ਮਸ਼ੀਨਾਂ ਵਿੱਚ ਅਜੇ ਵੀ 30 ਫੀਸਦੀ ਨਕਦੀ ਦੀ ਕਮੀ

atm india
ਜਲੰਧਰ, 13 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਬੈਂਕਾਂ ਦੇ ਏ ਟੀ ਐੱਮਜ਼ ਵਿੱਚ ਅਜੇ ਤੱਕ ਤੀਹ ਫੀਸਦੀ ਨਕਦੀ ਦੀ ਕਮੀ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਨੋਟਬੰਦੀ ਲਾਗੂ ਕੀਤੀ ਤਾਂ ਜ਼ਿਆਦਾਤਰ ਏ ਟੀ ਐੱਮਜ਼ ਡਰਾਈ ਹੋ ਗਏ ਸਨ। ਜਨਵਰੀ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਸਰਕੂਲੇਸ਼ਨ ਵਿੱਚ ਪਾਏ ਤਾਂ ਸਥਿਤੀ ਵਿੱਚ ਕੁਝ ਸੁਧਾਰ ਹੋਇਆ, ਪਰ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਏ ਟੀ ਐਮਜ਼ ਵਿੱਚ ਤੀਹ ਫੀਸਦੀ ਨਕਦੀ ਦੀ ਕਮੀ ਚੱਲ ਰਹੀ ਹੈ।
ਕੈਸ਼ ਲਾਜਿਸਟਿਕਸ ਐਸੋਸੀਏਸ਼ਨ ਨੇ ਇਸ ਸੰਬੰਧ ਵਿੱਚ ਆਪਣੀ ਰਿਪੋਰਟ ਜਨਤਕ ਕੀਤੀ ਹੈ, ਜਿਸ ਅਨੁਸਾਰ ਦੇਸ਼ ਵਿੱਚ ਦੋ ਲੱਖ ਤੋਂ ਵੱਧ ਏ ਟੀ ਐਮਜ਼ ਹਨ। ਐਸੋਸੀਏਸ਼ਨ ਦੀ ਰਾਏ ਹੈ ਕਿ ਜਦੋਂ ਮਹੀਨੇ ਦੇ ਸ਼ੁਰੂ ਵਿੱਚ ਮੁਲਾਜ਼ਮਾਂ ਨੂੰ ਤਨਖਾਹ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਬੈਂਕਾਂ ਵੱਲੋਂ ਏ ਟੀ ਐੱਮਜ਼ ਵਿੱਚ ਲੋੜੀਂਦੀ ਮਾਤਰਾ ਵਿੱਚ ਨਕਦੀ ਪਾਈ ਜਾਂਦੀ ਹੈ, ਪਰ ਬਾਅਦ ਵਿੱਚ ਨਕਦੀ ਸਪਲਾਈ ਵਿੱਚ ਕਮੀ ਆ ਜਾਂਦੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਵਿੱਚੋਂ ਨਕਦੀ ਕਢਵਾਉਣ ਵਿੱਚ ਲਾਗੂ ਕੀਤੀਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਅਜਿਹਾ ਹੋਇਆ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਬੈਂਕਾਂ ਤੋਂ ਭਾਰਤੀ ਮਾਤਰਾ ਵਿੱਚ ਨਕਦੀ ਕੱਢਣ ਦਾ ਕੰਮ ਵੀ ਕੀਤਾ ਗਿਆ ਹੈ। ਸੇਵਿੰਗ ਬੈਂਕ ਖਾਤਿਆਂ ਤੋਂ ਨਕਦੀ ਭਾਰੀ ਮਾਤਰਾ ਵਿੱਚ ਕੱਢੀ ਜਾ ਰਹੀ ਹੈ, ਜਿਸ ਦਾ ਅਸਰ ਏ ਟੀ ਐੱਮਜ਼ ਉੱਤੇ ਪੈ ਰਿਹਾ ਹੈ। ਲਾਜਿਸਟਿਕ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਏ ਟੀ ਐੱਮਜ਼ ਦੇ ਡਰਾਈ ਹੋਣ ਦੇ ਮਾਮਲੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਹਨ। ਐਸੋਸੀਏਸ਼ਨ ਦੇ ਸਕੱਤਰ ਐੱਨ ਐੱਸ ਜੀ ਰਾਓ ਨੇ ਕਿਹਾ ਹੈ ਕਿ ਅਜੇ ਵੀ ਕਈ ਬੈਂਕਾਂ ਕੋਲ ਲੋੜੀਂਦੀ ਮਾਤਰਾ ਵਿੱਚ ਕੈਸ਼ ਨਹੀਂ, ਜਿਸ ਨੂੰ ਉਹ ਏ ਟੀ ਐਮਜ਼ ਵਿੱਚ ਪਾ ਕੇ ਲੋਕਾਂ ਦੀ ਨਕਦੀ ਦੀ ਮੰਗ ਪੂਰੀ ਕਰ ਸਕਣ।