ਭਾਰਤ ਦਾ ਸੁੰਦਰ ਪੈਰਾ ਐਥਲੈਟਿਕਸ ਦਾ ਵਿਸ਼ਵ ਚੈਂਪੀਅਨ ਬਣਿਆ

sundar singh para athelatics
ਲੰਡਨ, 16 ਜੁਲਾਈ (ਪੋਸਟ ਬਿਊਰੋ)- ਨੇਜਾ ਸੁੱਟਣ ਵਾਲੇ ਸੁੰਦਰ ਸਿੰਘ ਗੁੱਜਰ ਨੇ ਇਥੇ 2017 ਆਈ ਪੀ ਸੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਪੈਰਾਲੰਪਿਕ ਸੋਨ ਤਮਗਾ ਜੇਤੂ ਦੇਵੇਂਦਰ ਝਝਾੜੀਆਂ ਦੀ ਗੈਰ ਮੌਜੂਦਗੀ ਵਿੱਚ ਸੁੰਦਰ ਨੇ 60.30 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਅਤੇ ਵਿਸ਼ਵ ਚੈਂਪੀਅਨ ਬਣਿਆ।
ਰੀਓ ਉਲੰਪਿਕ 2016 ਵਿੱਚ ਤਕਨੀਕੀ ਕਾਰਨਾਂ ਨਾਲ ਸੁੰਦਰ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਮੁਕਾਬਲੇ ਮਗਰੋਂ ਸੁੰਦਰ ਨੇ ਕਿਹਾ, ਰੀਓ ਤੋਂ ਬਾਅਦ ਮੈਂ ਕਾਫੀ ਨਿਰਾਸ਼ ਸੀ, ਕਿਉਂਕਿ ਮੈਂ ਕਾਫੀ ਮਿਹਨਤ ਕੀਤੀ, ਪਰ ਮੁਕਾਬਲੇ ਵਿੱਚ ਹਿੱਸਾ ਨਹੀਂ ਸੀ ਲੈ ਸਕਿਆ। ਇਸ ਮਗਰੋਂ ਹੌਸਲਾ ਡਿੱਗ ਗਿਆ ਸੀ, ਪਰ ਮੁਕਾਬਲੇ ਵਿੱਚ ਇਸ ਤਰ੍ਹਾਂ ਵਾਪਸੀ ਕਰ ਕੇ ਮੈਂ ਕਾਫੀ ਖੁਸ਼ ਹਾਂ। ਮੈਂ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਸਖਤ ਮਿਹਨਤ ਕੀਤੀ ਸੀ, ਪਰ ਓਨੀ ਨਹੀਂ ਜਿੰਨੀ ਮੈਂ ਰੀਓ ਲਈ ਕੀਤੀ ਸੀ। ਨੇਜਾ ਸੁੱਟਣ ਦੇ ਐਫ 48 ਮੁਕਾਬਲੇ ਵਿੱਚ 18 ਸਾਲਾ ਰਿੰਕੂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਰੋਹਤਕ ਦਾ ਇਹ ਖਿਡਾਰੀ ਰੀਓ ‘ਚ ਪੰਜਵੇਂ ਥਾਂ ਰਿਹਾ ਸੀ, ਪਰ ਇਥੇ ਉਸ ਨੇ ਪੈਰਾਲੰਪਿਕ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ‘ਚ ਸੁਧਾਰ ਕਰ ਕੇ 55.12 ਮੀਟਰ ਦੂਰੀ ਨਾਲ ਚੌਥਾ ਸਥਾਨ ਹਾਸਲ ਕੀਤਾ ਤੇ ਮਾਮੂਲੀ ਫਰਕ ਨਾਲ ਭਾਰਤ ਲਈ ਇੱਕ ਹੋਰ ਤਮਗਾ ਜਿੱਤਣ ਤੋਂ ਖੁੰਝ ਗਿਆ। ਰਿੰਕੂ ਦਾ ਧਿਆਨ ਹੁਣ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਤੇ ਹੈ।