ਭਾਰਤ ਆਈ ਹਿਲੇਰੀ ਕਲਿੰਟਨ ਦੇ ਹੱਥ ਨੂੰ ਮੋਚ ਆਈ, ਰੁਝੇਵੇਂ ਰੱਦ


ਜੋਧਪੁਰ, 13 ਮਾਰਚ, (ਪੋਸਟ ਬਿਊਰੋ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅੱਜ ਰਾਜਸਥਾਨ ਦੀ ਜੋਧਪੁਰ ਯਾਤਰਾ ਦੌਰਾਨ ਜ਼ਖਮੀ ਹੋ ਗਈ ਅਤੇ ਉਨ੍ਹਾਂ ਦੇ ਹੱਥ ਵਿੱਚ ਮੋਚ ਆ ਗਈ। ਇਸ ਅਚਾਨਕ ਵਾਪਰੇ ਹਾਦਸੇ ਕਾਰਨ ਉਨ੍ਹਾਂ ਨੇ ਆਪਣੇ ਕੁਝ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ।
ਸੰਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਹਿਲੇਰੀ ਕਲਿੰਟਨ ਅੱਜ ਸਵੇਰੇ ਇੱਥੇ ਦੋ ਦਿਨਾਂ ਯਾਤਰਾ ਉੱਤੇ ਆਈ ਅਤੇ ਉਨ੍ਹਾਂ ਦਾ ਸ਼ਾਮ ਨੂੰ ਮਹਿੰਦਰਗੜ੍ਹ ਕਿਲ੍ਹੇ ਵਿੱਚ ਜਾਣ ਦਾ ਪ੍ਰੋਗਰਾਮ ਸੀ। ਉਹ ਇੱਥੇ ‘ਉਮੇਦ ਭਵਨ’ ਪੈਲੇਸ ਵਿੱਚ ਰੁਕੀ ਹੋਈ ਹੈ ਅਤੇ ਮੋਚ ਆਉਣ ਪਿੱਛੋਂ ਨੇੜਲੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਹਿਲੇਰੀ ਦੇ ਹੱਥ ਵਿੱਚ ਮੋਚ ਆ ਗਈ ਹੈ ਅਤੇ ਉਨ੍ਹਾਂ ਦਾ ਇਲਾਜ ਕਰਨ ਪਿੱਛੋਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਮਹਿੰਦਰਗੜ੍ਹ ਕਿਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਿਲੇਰੀ ਦੇ ਜ਼ਖਮੀ ਹੋਣ ਕਾਰਨ ਇੱਥੋਂ ਦੀ ਉਨ੍ਹਾਂ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ।