ਭਾਰਤ ਅਤੇ ਚੀਨ ਲੰਮੇ ਸਮੇਂ ਤੱਕ ਆਪਸੀ ਤਣਾਅ ਵਿੱਚ ਨਹੀਂ ਰਹਿ ਸਕਦੇ

-ਵਰੁਣ ਗਾਂਧੀ
ਪਿਛਲੇ ਹਫਤੇ ਜਦੋਂ ਮੈਂ ਚੀਨ ਦੀਆਂ ਯੂਨੀਵਰਸਿਟੀਆਂ ਦੇ ਲੈਕਚਰਰ ਟੂਰ ‘ਤੇ ਸੀ ਤਾਂ ਉਸ ਦੌਰਾਨ ਸਰਹੱਦ ਦੀ ਉਲੰਘਣਾ ਕਾਰਨ ਭਾਰਤ-ਚੀਨ ਵਿਚਾਲੇ ਜ਼ਬਰਦਸਤ ਤਣਾਅ ਬਣਿਆ ਹੋਇਆ ਸੀ। ਚੀਨ ਦੇ ਵਿਦਿਆਰਥੀਆਂ ਵਿੱਚ ਭਾਰਤ ਬਾਰੇ ਕਾਫੀ ਉਤਾਵਲਾਪਣ ਸੀ। ਉਨ੍ਹਾਂ ਨੇ ਮੈਨੂੰ ਭਗਵਾਨ ਬੁੱਧ ਤੋਂ ਲੈ ਕੇ ਆਮਿਰ ਖਾਨ ਬਾਰੇ ਸਵਾਲ ਪੁੱਛੇ, ਪਰ ਹੈਰਾਨੀਜਨਕ ਤੌਰ ‘ਤੇ ਸਰਹੱਦ ਦਾਸਵਾਲ ਕਿਤੇ ਨਹੀਂ ਆਇਆ।ਕੂਟਨੀਤੀ ਦੇ ਮਸਲੇ ਸ਼ਾਇਦ ਹੀ ਕਦੇ ਲੋਕ ਭਾਵਨਾ ਤੋਂ ਪ੍ਰਭਾਵਤ ਹੁੰਦੇ ਹੋਣ, ਖਾਸ ਕਰ ਕੇ ਨਵੀਂ ਉਮਰ ਦੇ ਵਿਦਿਆਰਥੀਆਂ ਦੀ ਭਾਵਨਾ ਤੋਂ, ਪਰ ਭਾਰਤ ਅਤੇ ਚੀਨ ਵਿਚਾਲੇ ਰਿਸ਼ਤੇ ਸਿਰਫ ਤਾਜ਼ਾ ਇਤਿਹਾਸ, ਜੰਗ ਤੇ ਸਰਹੱਦ ਦੀ ਉਲੰਘਣਾ ਤੋਂ ਨਿਰਦੇਸ਼ਿਤ ਨਹੀਂ ਹੁੰਦੇ, ਸਗੋਂ ਇਤਿਹਾਸ ਦੇ ਪੁਰਾਣੇ ਕਿੱਸਿਆਂ ਵਿੱਚ ਇਨ੍ਹਾਂ ਦੀਆਂ ਜੜ੍ਹਾਂ ਹਨ। ਮੈਂ ਇਸ ਰਿਸ਼ਤੇ ਅਤੇ ਇਸ ਦੀ ਮਹੱਤਤਾ ਨੂੰ ਸਮਝਾਉਣ ਲਈ ਇਥੇ ਇਤਿਹਾਸਕ ਕਿੱਸਿਆਂ ਦਾ ਜ਼ਿਕਰ ਕਰਨਾ ਚਾਹਾਂਗਾ।
ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਕਦੇ ਸ਼ਾਂਤ ਨਹੀਂ ਸੀ। ਸੰਨ 1841 ਵਿੱਚ ਸਿੱਖ ਜਰਨੈਲ ਜ਼ੋਰਾਵਰ ਸਿੰਘ ਕਹਿਲੂਰੀਆ 5000 ਜਵਾਨਾਂ ਦੀ ਫੌਜ ਨਾਲ ਲੱਦਾਖ ਦੇ ਰਸਤੇ ਤਿੱਬਤ ਵਿੱਚ ਦਾਖਲ ਹੋਏ ਅਤੇ ਮਾਨਸਰੋਵਰ ਝੀਲ ਪਾਰ ਕਰ ਕੇ ਲੱਦਾਖ ਤੋਂ ਨੇਪਾਲ ਤੱਕ ਦਾ ਅਰਧ-ਚੰਦਰ ਬਣਾਉਂਦਿਆਂ ਗਾਰਟੋਕ ਅਤੇ ਤਕਲਾਕੋਟ ਪਹੁੰਚੇ। ਸਰਦੀਆਂ ਦੇ ਸ਼ੁਰੂ ਵਿੱਚ (1841 ਵਿੱਚ) ਤੋਜੋ ਦੇ ਟਕਰਾਅ ‘ਚ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਫੌਜ ਵਾਪਸ ਆਉਣ ਲੱਗੀ ਤਾਂ ਚੀਨ ਦੇ ਕਿੰਗ ਸਾਮਰਾਜ ਦੀ ਫੌਜ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੱਦਾਖ ਵੱਲ ਵਧਦਿਆਂ ਲੇਹ ਉੱਤੇ ਘੇਰਾ ਪਾ ਲਿਆ।ਸਿੱਖ ਫੌਜ ਨੂੰ ਜੰਮੂ ਤੋਂ ਸਹਾਇਤਾ ਮਿਲ ਜਾਣ ਤੋਂ ਬਾਅਦ ਚੀਨ ਦੀ ਫੌਜ ਨੂੰ ਖਦੇੜ ਦਿੱਤਾ ਗਿਆ ਤੇ ਚੁਲਸ਼ੁਲ ਦੇ ਭੇੜ (1842) ‘ਚ ਉਸ ਨੂੰ ਹਰਾਇਆ ਗਿਆ।
ਬਹੁਤਿਆਂ ਦੀ ਸੋਚ ਦੇ ਉਲਟ ਆਜ਼ਾਦੀ ਤੋਂ ਪਹਿਲਾਂ ਦੇ ਇਤਿਹਾਸ ਵਿੱਚ ਵੀ ਭਾਰਤ-ਚੀਨ ਸਰਹੱਦ ‘ਤੇ ਸ਼ਾਂਤੀ ਨਹੀਂ ਸੀ। ਸਰਹੱਦ ‘ਤੇ ਅਜਿਹੀਆਂ ਝੜਪਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ। ਸਮਰਾਟ ਤਾਂਗ ਤਾਈ ਜੋਂਗਾਪਾਰੈਂਟਲੀ ਨੇ 648 ਈਸਵੀ ਵਿੱਚ ਮਗਧ ਨੂੰ ਸਜ਼ਾ ਦੇਣ ਲਈ ਵਾਂਗ ਜੁਆਂਸ ਦੀ ਅਗਵਾਈ ਹੇਠ ਲਗਭਗ ਅੱਠ ਹਜ਼ਾਰ ਸੈਨਿਕਾਂ ਦੀ ਫੌਜ ਭੇਜੀ ਸੀ। ਹਿਮਾਲਿਆ ਦੇ ਦੋਵੇਂ ਪਾਸੇ ਵਸੇ ਦੋਵਾਂ ਦੇਸ਼ਾਂ ਦਾ ਏਕਾਂਤ ਅਸਲ ਵਿੱਚ ਇੱਕ ਇਤਿਹਾਸਕ ਊਣਤਾਈ ਹੈ।
ਚੀਨ ਵੱਲੋਂ ਆਪਣਾ ਪ੍ਰਭਾਵ ਵਧਾਉਣ ਅਤੇ ਭਾਰਤ ਦੀ ਸਹਿਣਸ਼ੀਲਤਾ ਦੀ ਸਮਰੱਥਾ ਪਰਖਣ ਕਾਰਨ ਪਿਛਲੇ ਕੁਝ ਸਾਲਾਂ ‘ਚ ਸਰਹੱਦ ਦੀ ਉਲੰਘਣਾ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਭਾਰਤ ਦੀ ਪ੍ਰਤੀਕਿਰਿਆ ਪਰਖੀ ਗਈ ਤੇ ਅਪਣਾ ਲਈ ਗਈ। ਭਾਰਤ ਨੇ ਦਿਖਾ ਦਿੱਤਾ ਹੈ ਕਿ ਉਹ ਆਪਣੀ ਗੱਲ ‘ਤੇ ਡਟਿਆ ਰਹਿੰਦਾ ਹੈ ਅਤੇ ਲੋੜ ਪੈਣ ‘ਤੇ ਨਰਮੀ ਵੀ ਦਿਖਾ ਸਕਦਾ ਹੈ।ਇਸ ਸਮੇਂ ਜਦੋਂ ਦੋਵੇਂ ਦੇਸ਼ ਜਨੂਨ ਵਧਾ ਰਹੇ ਮੀਡੀਆ ਦੇ ਉਕਸਾਵੇ ਵਿੱਚ ਆ ਕੇ ਆਹਮੋ-ਸਾਹਮਣੇ ਡਟੇ ਹੋਏ ਹਨ, ਤਣਾਅ ਵਧਣਾ ਲਾਜ਼ਮੀ ਹੈ। ਦੋਵਾਂ ਦੇਸ਼ਾਂ ਵਿਚਾਲੇ ਅੱਗ ਵਿੱਚ ਘਿਓ ਪਾਉਣ ਵਾਲੇ ਮੁੱਦਿਆਂ ਦੀ ਘਾਟ ਨਹੀਂ, ਜਿਸ ਵਿੱਚ ਤਿੱਬਤ (ਇੱਕ ਲੋਕਤੰਤਰੀ ਦੇਸ਼ ਹੋਣ ਦੇ ਨਾਤੇ ਭਾਰਤ ਇਸ ਤੋਂ ਮੂੰਹ ਨਹੀਂ ਮੋੜ ਸਕਦਾ) ਵੀ ਹਮੇਸ਼ਾ ਸ਼ਾਮਲ ਰਹੇਗਾ। ਜੇ ਇਸੇ ਤਰ੍ਹਾਂ ਹੀ ਝੜਪਾਂ ਚੱਲਦੀਆਂ ਰਹੀਆਂ ਤਾਂ ਸਰਹੱਦੀ ਵਿਵਾਦ ਨੂੰ ਹੱਲ ਕਰਨ ਵਿੱਚ ਦਹਾਕੇ ਲੱਗ ਜਾਣਗੇ।
ਡੈਡਲਾਕ ਨੂੰ ਖਤਮ ਕਰਨ ਲਈ ਆਹਮੋ-ਸਾਹਮਣੇ ਬੈਠ ਕੇ ਗੱਲ ਕਰਨੀ ਪਵੇਗੀ, ਜਿਸ ਵਿੱਚ ਸਰਹੱਦ ਵਾਲੇ ਵਿਵਾਦ ਨੂੰ ਕੂਟਨੀਤਕ ਸਿਧਾਂਤਾਂ ਦੇ ਆਧਾਰ ‘ਤੇ ਸਹੀ ਤੇ ਦਲੀਲਪੂਰਨ ਢੰਗ ਨਾਲ ਹੱਲ ਕੀਤਾ ਜਾ ਸਕੇ। ਇਸ ਪ੍ਰਕਿਰਿਆ (ਗੁੰਝਲਦਾਰ ਵੀ ਹੈ) ਵਿੱਚ ਜਿੱਥੇ ਹਿੱਤ ਸਾਂਝੇ ਹਨ, ਸਾਨੂੰ ਅਰਥ ਭਰਪੂਰ ਸਹਿਯੋਗ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਪੌਣ-ਪਾਣੀ ਵਿੱਚ ਤਬਦੀਲੀ ਦਾ ਸਾਹਮਣਾ ਕਰਨਾ ਅਤੇ ਪੱਛਮੀ ਬਾਜ਼ਾਰਾਂ ਵਿੱਚ, ਖਾਸ ਕਰ ਕੇ ਸਰਵਿਸ ਸੈਕਟਰ ਵਿੱਚ ਰਿਸ਼ਤੇਦਾਰੀ ਵਧਾਉਣ ਦਾ ਸਾਡਾ ਟੀਚਾ ਇੱਕੋ ਜਿਹਾ ਹੈ। ਅਜਿਹਾ ਸਹਿਯੋਗ ਹੈਰਾਨੀਜਨਕ ਮੋੜ ਲਿਆ ਸਕਦਾ ਹੈ। ਸੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸ ਸੀ ਓ) ਦੀ ਮੈਂਬਰਸ਼ਿਪ ਦਾ ਮਤਲਬ ਇਹ ਹੋਵੇਗਾ ਕਿ ਚੀਨ, ਭਾਰਤ ਅਤੇ ਪਾਕਿਸਤਾਨ ਇਕੱਠੇ ਫੌਜੀ ਅਭਿਆਸ ਕਰ ਸਕਦੇ ਹਨ।
ਸੰਨ 1403 ‘ਚ ਚੀਨ ਵਿੱਚ ਮਿੰਗ ਰਾਜਵੰਸ਼ ਦੇ ਯਾਂਗਲੇ ਸਮਰਾਟ ਜੂ ਦੀ ਨੇ ਜਹਾਜ਼ਾਂ ਦੇ ਇੱਕ ਬੇੜੇ ਦੇ ਨਿਰਮਾਣ ਦਾ ਹੁਕਮ ਦਿੱਤਾ ਸੀ, ਜੋ ਐਡਮਿਰਲ ਜੇਂਗ ਹੀ ਦੀ ਅਗਵਾਈ ਹੇਠ ਸੱਤ ਸਮੁੰਦਰੀ ਯਾਤਰਾਵਾਂ ‘ਤੇ ਗਿਆ। ਸੰਨ 1405 ਵਿੱਚ ਪਹਿਲੀ ਯਾਤਰਾ ਦੌਰਾਨ ਜਹਾਜ਼ੀ ਬੇੜਾ ਚੰਪਾ, ਜਾਵਾ, ਮਲੱਕਾ, ਅਰੁ, ਸੀਲੋਨ, ਵਕੀਲੋਨ ਤੇ ਕਾਲੀਕਟ ਪਹੁੰਚਿਆ। ਇਨ੍ਹਾਂ ‘ਚੋਂ ਇੱਕ ਜਹਾਜ਼ ਅੱਡ ਹੋ ਕੇ ਅੰਡੇਮਾਨ ਨਿਕੋਬਾਰ ਦੀਪ ਸਮੂਹ ‘ਤੇ ਵੀ ਗਿਆ।ਸੰਨ 1407 ‘ਚ ਦੂਸਰੀ ਯਾਤਰਾ ਦੌਰਾਨ ਜਹਾਜ਼ੀ ਬੇੜੇ ਨੇ ਕੋਚੀਨ ਅਤੇ ਕਾਲੀਕਟ ‘ਚ ਲੰਗਰ ਪਾਇਆ। ਕਾਲੀਕਟ ਦੇ ਸ਼ਾਸਕ ਦੇ ਅਹੁਦੇ ‘ਤੇ ਮਾਨਾਵਿਕਰਾਨ ਦੇ ਰਾਜਤਿਲਕ ਵਿੱਚ ਸ਼ਾਮਲ ਹੁੰਦਾ ਹੋਇਆ ਇਹ ਬੇੜਾ ਫਿਰ ਇਨ੍ਹਾਂ ਬੰਦਰਗਾਹਾਂ ‘ਚੋਂ ਲੰਘਿਆ। ਇਸੇ ਦੌਰਾਨ ਸਮੰੁਦਰੀ ਬੇੜੇ ਦੀ ਮਦਦ ਨਾਲ ਪੱਛਮੀ ਜਾਵਾ ਦੇ ਰਾਜੇ ਨੂੰ ਸਜ਼ਾ ਦਿੱਤੀ ਗਈ। ਫਿਰ 1409 ‘ਚ ਤੀਜੀ ਯਾਤਰਾ ਦੌਰਾਨ 1411 ਵਿੱਚ ਸੀਲੋਨ ਦੇ ਰਾਜੇ ਅਲਕੇਸ਼ਵਰਾ ਨਾਲ ਫੌਜੀ ਸੰਘਰਸ਼, ਕੋਟੇ ‘ਤੇ ਹਮਲਾ, ਰਾਜਾ ਅਲਕੇਸ਼ਵਰਾ ਨਾਲ ਫੌਜੀ ਸੰਘਰਸ਼, ਕੋਟੇ ‘ਤੇ ਹਮਲਾ, ਰਾਜਾ ਅਲਕੇਸ਼ਵਰਾ ਨੂੰ ਬੰਦੀ ਬਣਾ ਕੇ ਬੀਜਿੰਗ ਲਿਜਾਣ ਵਰਗੀਆਂ ਘਟਨਾਵਾਂ ਹੋਈਆਂ।
ਹੁਣ ‘ਵਨ ਬੈਲਟ ਵਨ ਰੋਡ’ ਹਕੀਕਤ ਬਣ ਰਿਹਾ ਹੈ ਅਤੇ ਅਸੀਂ ਮੁੜ ਉਹੀ ਘਟਨਾਵਾਂ ਦੁਹਰਾਈਆਂ ਜਾਂਦੀਆਂ ਦੇਖ ਰਹੇ ਹਾਂ, ਜਿਸ ਵਿੱਚ ਚੀਨੀ ਜਹਾਜ਼ ਹਿੰਦ ਮਹਾਸਾਗਰ ਦੇ ਪ੍ਰਮੁੱਖ ਦੇਸ਼ਾਂ ‘ਚੋਂ ਲੰਘ ਰਹੇ ਹਨ, ਨਿਵੇਸ਼ ਕਰ ਰਹੇ ਹਨ ਤੇ ਲਾਹੇਵੰਦ ਵਪਾਰਕ ਰਿਸ਼ਤੇ ਕਾਇਮ ਕਰ ਰਹੇ ਹਨ। ਹੰਬਨਟੋਟਾ, ਪੇਨਾਂਗ, ਕੁੰਟਨ, ਕਾਲੀਬਾਰੂ ਅਤੇ ਮਲੱਕਾ ਵਰਗੀਆਂ ਥਾਵਾਂ ‘ਤੇ ਬੰਦਰਗਾਹਾਂ ਵਿੱਚ ਨਿਵੇਸ਼ ਕੀਤੇ ਗਏ ਹਨ, ਜਦ ਕਿ ਜਿਬੂਤੀ ਅਤੇ ਗਵਾਦਰ ‘ਚ ਨੇਵੀ ਬੇਸ ਬਣਾਏ ਜਾ ਰਹੇ ਹਨ।ਚੀਨ ਨੇ ਡਿਪਲੋਮੈਟਿਕ ਉਪਾਵਾਂ ਨਾਲ ਭਾਰਤ ਨੂੰ ‘ਵਨ ਬੈਲਟ ਵਨ ਰੋਡ’ ਵਿੱਚ ਸ਼ਾਮਲ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਭਾਰਤ ਮੰਨ ਜਾਵੇ, ਇਸ ਦੇ ਲਈ ਚੀਨ ‘ਸੀ ਪੀ ਈ ਸੀ’ (ਚੀਨ-ਪਾਕਿਸਤਾਨ ਆਰਥਿਕ ਗਲਿਆਰਾ) ਦਾ ਨਾਂਅ ਬਦਲਣ ਲਈ ਵੀ ਰਾਜ਼ੀ ਸੀ।ਭਾਰਤ ਨੇ ਆਪਣੇ ਪੈਰ ਜਮਾ ਰਹੇ ਦੇਸੀ ਉਦਯੋਗਾਂ ਨੂੰ ਚੀਨੀ ਫੈਕਟਰੀਆਂ ਦੇ ਸਾਮਾਨ ਦੀ ਭਾਰੀ ਸਪਲਾਈ ਤੋਂ ਬਚਾਉਣ ਲਈ ਸਖਤੀ ਵਰਤ ਕੇ ਸਮਝਦਾਰੀ ਦਿਖਾਈ ਹੈ। ਭਾਰਤ ਨੂੰ ਬੰਗਲਾ ਦੇਸ਼-ਚੀਨ-ਭਾਰਤ-ਮਿਆਂਮਾਰ ਕੋਰੀਡੋਰ ਦੀ ਵਰਤੋਂ ਵਪਾਰ ਵਧਾਉਣ ਦੇ ਨਾਲ ਉੱਤਰ-ਪੂਰਬ ‘ਚ ਰੋਜ਼ਗਾਰ ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਕਰਨੀ ਚਾਹੀਦੀ ਹੈ। ਸਾਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਮੰਦਭਾਗੀ ਚੋਣ ਤੋਂ ਸਬਕ ਲੈਂਦਿਆਂ ਸਾਵਧਾਨੀ ਨਾਲ ਚੀਨ ਦੇ ਨਿਵੇਸ਼ ਬਾਰੇ ਬਦਲਾਂ ‘ਚੋਂ ਸਹੀ ਚੋਣ ਕਰਨੀ ਚਾਹੀਦੀ ਹੈ।
ਭਾਰਤ ਨੂੰ ਆਪਣੇ ਦਾਇਰੇ ਵਿੱਚ ਰਹਿੰਦਿਆਂ ਮੈਨੂਫੈਕਚਰਿੰਗ ਸਮਰੱਥਾ ਵਧਾਉਣ, ਰੋਜ਼ਗਾਰ ਦੇ ਸਹਾਰੇ ਲਈ ਉਦਯੋਗਿਕ ਅਰਥ ਵਿਵਸਥਾ ਵਿੱਚ ਫਾਕਸਕੋਨ ਅਤੇ ਬੀਵਾਈਡੀ ਵਰਗੀਆਂ ਚੀਨੀ ਕੰਪਨੀਆਂ ਦੇ ਨਿਵੇਸ ਨੂੰ ਉਤਸ਼ਾਹ ਦੇਣਾ ਪਵੇਗਾ। ਉਨ੍ਹਾਂ ਲਈ ਸਾਡੇ ਬਾਜ਼ਾਰਾਂ ਵਿੱਚ ਦਾਖਲੇ ਨੂੰ ਖੁੱਲ੍ਹਾ ਰੱਖਣਾ ਪਵੇਗਾ, ਚਾਹੇ ਉਹ ਇਲੈਕਟ੍ਰੋਨਿਕਸ ਹੋਵੇ ਜਾਂ ਆਟੋਮੋਟਿਵ (ਇਲੈਕਟਿ੍ਰਕ ਕਾਰ ਨੂੰ ਹੱਲਾਸ਼ੇਰੀ ਦੇਣ ਲਈ ਜ਼ਰੂਰੀ ਹੋਵੇਗਾ ਕਿ ਇਲੈਕਟਿ੍ਰਕ ਕਾਰ ਨਿਰਮਾਤਾ, ਜੋ ਜ਼ਿਆਦਾਤਰ ਚੀਨੀ ਹਨ, ਭਾਰਤ ਵਿੱਚ ਹੀ ਕਾਰਾਂ ਬਣਾਉਣ)। ਸਾਨੂੰ ਅਗਲੇ ਪੰਜ ਸਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਲਗਭਗ 455 ਅਰਥ ਡਾਲਰ ਨਿਵੇਸ਼ ਦੀ ਲੋੜ ਹੋਵੇਗੀ। ਚੀਨੀ ਬੈਂਕ ਇਹ ਮਦਦ ਹਾਸਲ ਕਰਵਾ ਸਕਦੇ ਹਨ, ਬਸ਼ਰਤੇ ਉਨ੍ਹਾਂ ਨੂੰ ਮਨਮਰਜ਼ੀ ਦੇ ਮਾਰਕੀਟ ਰੇਟ ਮਿਲਣ।ਫਿਰ ਵੀ ਜਿਵੇਂ ਜੇਂਗ ਦੇ ਜ਼ਮਾਨੇ ‘ਚ ਹੁੰਦਾ ਸੀ, ਚੀਨ ਨੂੰ ਏਸ਼ੀਆ ‘ਤੇ ਰਾਜ ਕਰਨ ਅਤੇ ਆਪਣੇ ਵਾਧੂ ਉਤਪਾਦਨ ਨੂੰ ਖਪਾਉਣ ਲਈ ਭਾਰਤ ਦੀ ਰਣਨੀਤਕ ਲੋਕੇਸ਼ਨ ਨੂੰ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦੀ ਲੋੜ ਹੋਵੇਗੀ। ‘ਵਨ ਬੈਲਟ ਵਨ ਰੋਡ’ (ਸੀ ਪੀ ਈ ਸੀ ਦੀ ਗੱਲ ਫਿਲਹਾਲ ਛੱਡ ਦਿਓ) ਵਿੱਚ ਸ਼ਾਮਲ ਹੁੰਦੇ ਸਮੇਂ ਭਾਰਤ ਨੂੰ ਪੂਰੀ ਸੰਵੇਦਨਸ਼ੀਲਤਾ ਨਾਲ ਸੁਰੱਖਿਆ ਚਿੰਤਾਵਾਂ, ਵਪਾਰਕ ਘਾਟੇ ਅਤੇ ਸਰਹੱਦ ਦੀ ਉਲੰਘਣਾ ਦੇ ਮੁੱਦੇ ਨੂੰ ਸਭ ਤੋਂ ਉਪਰ ਰੱਖਦਿਆਂ ਇਨ੍ਹਾਂ ਦੇ ਹੱਲ ਬਾਰੇ ਗੱਲ ਕਰਨੀ ਪਵੇਗੀ।ਦੇਸ਼ ਦੇ ਸਮੁੱਚੇ ਕੌਮੀ ਸਮਰੱਥਾ ਨਿਰਮਾਣ ਵਿੱਚ ਚੀਨੀ ਫਾਈਨਾਂਸ ਅਤੇ ਮੁਹਾਰਤ ਦੀ ਵਰਤੋਂ ਨਾਲ ਸਾਨੂੰ ਭਵਿੱਖ ਵਿੱਚ ਚੜ੍ਹਤ ਮਿਲੇਗੀ। ਇਸ ਲੈਣ-ਦੇਣ ਦਾ ਅਰਥ ਕੌਮੀ ਹਿੱਤਾਂ ਨੂੰ ਤਿਆਗਣਾ ਨਹੀਂ, ਸਗੋਂ ਇਹ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣ ਤੱਕ ਉਡੀਕ ਦਾ ਦੌਰ ਹੋਵੇਗਾ।
627 ਈਸਵੀ ਵਿੱਚ ਇੱਕ ਨੌਜਵਾਨ ਚੀਨੀ ਭਿਕਸ਼ੂ ਜੁਆਨਜੇਂਗ ਨੇ ਇੱਕ ਸੁਫਨਾ ਦੇਖਿਆ, ਜਿਸ ਤੋਂ ਪ੍ਰਭਾਵਤ ਹੋ ਕੇ ਉਹ ਚੀਨ ਤੋਂ ਭਾਰਤ ਦੀ ਯਾਤਰਾ ‘ਤੇ ਨਿਕਲ ਪਿਆ। ਇਹੋ ਜੁਆਨਜੇਂਗ ਭਾਰਤ ‘ਚ ਹਿਊਨਸਾਂਗ ਦੇ ਨਾਂਅ ਨਾਲ ਮਸ਼ਹੂਰ ਹੈ। ਉਸ ਦੀ ਲਿਖੀ ਕਿਤਾਬ ਪੱਛਮ ਦੀ ਯਾਤਰਾ, ਜੋ ਚੀਨ ਸਾਹਿਤ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ‘ਚੋਂ ਇੱਕ ਹੈ, ਵਿੱਚ ਦਰਜ ਵੇਰਵੇ ਅਨੁਸਾਰ ਉਹ ਬਾਮਿਆਨ, ਪੁਰੂਸ਼ਾਪੁਰਾ (ਹੁਣ ਪੇਸ਼ਾਵਰ), ਤਕਸ਼ਿਲਾ, ਜਲੰਧਰ, ਮਥੁਰਾ, ਨਾਲੰਦਾ, ਅਮਰਾਵਤੀ, ਕਾਂਚੀ, ਅਜੰਤਾ ਤੇ ਪ੍ਰਗਜੋਤਿਸ਼ਪੁਰਾ (ਹੁਣ ਗੁਹਾਟੀ) ਹੁੰਦਾ 630 ਈਸਵੀ ਵਿੱਚ ਭਾਰਤ ਪਹੁੰਚਿਆ ਤੇ 645 ਈਸਵੀ ਵਿੱਚ ਵਾਪਸ ਚਾਂਗਾਨ ਗਿਆ।ਆਪਣੀ ਯਾਤਰਾ ਦੌਰਾਨ ਉਹ ਕਈ ਬੁੱਧ ਗੁਰੂਆਂ ਦੇ ਸੰਪਰਕ ਵਿੱਚ ਆਇਆ ਤੇ ਆਪਣੇ ਨਾਲ ਸੰਸਕ੍ਰਿਤ ਦੀਆਂ 657 ਕਿਤਾਬਾਂ ਲੈ ਗਿਆ। ਉਸ ਨੇ ਫਾਕਸਿਆਂਗ ਬੁੱਧ ਸਕੂਲ ਦੀ ਸਥਾਪਨਾ ਕੀਤੀ। ਉਸ ਦੀ ਯਾਤਰਾ ਭਾਰਤ-ਚੀਨ ਦੋਸਤੀ ਦਾ ਸਭ ਤੋਂ ਯਾਦਗਾਰੀ ਅਧਿਆਏ ਹੈ, ਜੋ ਦੁਸ਼ਮਣੀ ਦਰਮਿਆਨ ਦੋਸਤੀ ਦਾ ਹੱਥ ਅੱਗੇ ਵਧਾਉਣ ਲਈ ਉਤਸ਼ਾਹਤ ਕਰਦਾ ਹੈ।
ਦੋ ਵੱਖ ਵੱਖ ਸਿਆਸੀ ਪ੍ਰਣਾਲੀਆਂ ਵਾਲੇ ਦੇਸ਼ ਹੋਣ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਇਤਿਹਾਸਕ ਤੌਰ ‘ਤੇ ਵਿਚਾਰਾਂ ਅਤੇ ਸਾਮਾਨ ਦਾ ਅਦਾਨ-ਪ੍ਰਦਾਨ ਕੀਤਾ ਹੈ, ਇਸ ਦੇ ਲਈ ਬੇਸ਼ੱਕ ਰਸਤਾ ਸਿਲਕਰੂਟ ਤੋਂ ਲੈ ਕੇ ਬੰਦਰਗਾਹ ਤੱਕ ਕੋਈ ਵੀ ਰਿਹਾ ਹੋਵੇ। ਸਾਡੀ ਇੱਕ ਅਰਬ ਤੋਂ ਵੱਧ ਲੋਕਾਂ ਦੀ ਆਬਾਦੀ ਸਾਨੂੰ ਮੌਕਾ ਦਿੰਦੀ ਹੈ ਕਿ ਅਸੀਂ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ, ਜੋ ਜ਼ਿਆਦਾਤਰ ਹੋਰ ਦੇਸ਼ਾਂ ਤੋਂ ਵੱਖਰੀਆਂ ਹਨ, ਹਾਲਾਂਕਿ ਉਨ੍ਹਾਂ ਦੇ ਹੱਲ ਵੀ ਵੱਖਰੇ ਹਨ।ਮੈਨੂਫੈਕਚਰਿੰਗ ਖੇਤਰ ਵਿੱਚ ਚੀਨ ਵਿਲੱਖਣ ਹੈ। ਭਾਰਤ ਨੇ ਸਰਵਿਸ ਸੈਕਟਰ ‘ਤੇ ਆਧਾਰਤ ਅਰਥ ਵਿਵਸਥਾ ਦਾ ਨਿਰਮਾਣ ਕੀਤਾ ਹੈ। ਅਸੀਂ ਵਿਅਕਤੀ ਦਰ ਵਿਅਕਤੀ ਸੰਬੰਧਾਂ ਨੂੰ ਵਧਾ ਕੇ ਇਸ ਦਾ ਫਾਇਦਾ ਉਠਾ ਸਕਦੇ ਹਾਂ।
ਆਸਾਨੀ ਨਾਲ ਇਹ ਕਹਿ ਦੇਣਾ ਕਿ ਭਾਰਤ ਅਤੇ ਚੀਨ ਹੱਥ ਵਿੱਚ ਹੱਥ ਪਾਈ ਦੋਸਤਾਂ ਵਾਂਗ ਸਲੂਕ ਕਰਨਗੇ, ਬਹੁਤ ਦੂਰ ਦੀ ਕੌਡੀ ਲੱਗਦਾ ਹੈ, ਪਰ ਅਸੀਂ ਇੱਕ-ਇੱਕ ਕਦਮ ਵਧਾਉਂਦਿਆਂ ਰਿਸ਼ਤਿਆਂ ਨੂੰ ਵੱਧ ਸਥਾਈ ਤੇ ਇੱਕ ਦੂਜੇ ਲਈ ਫਾਇਦੇਮੰਦ ਬਣਾ ਸਕਦੇ ਹਾਂ। ਸਾਨੂੰ ਆਪਣੇ ਰੱਖਿਆ ਹਿੱਤਾਂ ਪ੍ਰਤੀ ਕਠੋਰ ਰਹਿਣਾ ਚਾਹੀਦਾ ਹੈ, ਪਰ ਇਸ ਨਾਲ ਸਾਂਝ ਦੀ ਗੁੰਜਾਇਸ਼ ਤਾਂ ਖਤਮ ਨਹੀਂ ਹੋ ਜਾਂਦੀ।ਭਾਰਤ ਤੇ ਚੀਨ ਦੋ ਪ੍ਰਾਚੀਨ ਸਭਿਆਤਾਵਾਂ ਵਾਲੇ ਦੇਸ਼ ਹਨ, ਜੋ ਲੰਮੇ ਸਮੇਂ ਤੱਕ ਆਪਸੀ ਤਣਾਅ ਵਿੱਚ ਨਹੀਂ ਰਹਿ ਸਕਦੇ। 3.6 ਅਰਬ ਲੋਕਾਂ ਦਰਮਿਆਨ ਇਹ ਰਿਸ਼ਤਾ ਏਸ਼ੀਆ ਤੇ ਇਸ ਤੋਂ ਵੀ ਅੱਗੇ ਦੁਨੀਆ ਦੀ ਕਿਸਮਤ ਤੈਅ ਕਰੇਗਾ।