ਭਾਰਤੀ ਹਵਾਈ ਫੌਜ ਨੂੰ 200 ਲੜਾਕੂ ਜਹਾਜ਼ਾਂ ਦੀ ਲੋੜ

fighter jets
ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਭਾਰਤੀ ਹਵਾਈ ਫੌਜ ਨੇ ਕਿਹਾ ਹੈ ਕਿ ਉਹ ਇਕੱਠੇ ਦੋ ਮੋਰਚਿਆਂ ਉੱਤੇ ਯੁੱਧ ਲੜਨ ਵਿੱਚ ਸਮਰੱਥ ਹੈ, ਪਰ ਲੜਾਕੂ ਜਹਾਜ਼ਾਂ ਦੀ ਕਮੀ ਅਤੇ ਪੁਰਾਣੇ ਜਹਾਜ਼ਾਂ ਦੇ ਵਧਦੇ ਹਾਦਸੇ ਚਿੰਤਾ ਪੈਦਾ ਕਰਦੇ ਹਨ। ਹਵਾਈ ਫੌਜ ਦੇ ਕੋਲ ਤਕਰੀਬਨ 200 ਲੜਾਕੂ ਜਹਾਜ਼ਾਂ ਦੀ ਕਮੀ ਹੈ। ਦੂਸਰੇ ਪੁਰਾਣੇ ਲੜਾਕੂ ਜਹਾਜ਼ ਹਾਦਸਿਆਂ ਅਤੇ ਤਕਨੀਕੀ ਖਰਾਬੀ ਦੇ ਕਾਰਨ ਨੁਕਸਾਨਗ੍ਰਸਤ ਹੋ ਰਹੇ ਹਨ।
ਜਾਣਕਾਰ ਸੂਤਰਾਂ ਅਨੁਸਾਰ ਹਵਾਈ ਫੌਜ ਦਾ ਇਕ ਜਹਾਜ਼ ਹਰ ਮਹੀਨੇ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ। ਮਿਗ ਤੇ ਸੁਖੋਈ ਜਹਾਜ਼ਾਂ ਦੇ ਹਾਦਸੇ ਵਧੇ ਹਨ। ਹਵਾਈ ਫੌਜ ਦੇ ਕੋਲ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹਵਾਈ ਫੌਜ ਦੇ 42 ਵਿੱਚੋਂ 32 ਸਕਵਾਡਰਨ ਹੀ ਇਸ ਵੇਲੇ ਕ੍ਰਿਆਸ਼ੀਲ ਅਵਸਥਾ ਵਿੱਚ ਹੈ ਤੇ 10 ਖਾਲੀ ਪਏ ਹਨ। ਇਕ ਸਕਵਾਡਰਨ ਵਿੱਚ ਕਰੀਬ 20 ਜਹਾਜ਼ ਹੁੰਦੇ ਹਨ, ਇਸ ਲਈ 200 ਲੜਾਕੂ ਜਹਾਜ਼ਾਂ ਦੀ ਕਮੀ ਹੈ। ਨਵੇਂ ਜਹਾਜ਼ਾਂ ਦੀ ਸਪਲਾਈ ਵਿੱਚ ਦੇਰੀ ਕਾਰਨ ਪੁਰਾਣੇ ਮਿਗ ਤੇ ਹੋਰ ਜਹਾਜ਼ਾਂ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਹੋ ਸਕੀ। ਪੁਰਾਣੇ ਸੁਖੋਈ ਜਹਾਜ਼ਾਂ ਵਿੱਚ ਤਕਨੀਕੀ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਦੀ ਸੇਵਾ ਦੇ ਸਮੇਂ ਉਨ੍ਹਾਂ ਦੀ ਉਪਲਬੱਧਤਾ ਘੱਟ ਰਹਿੰਦੀ ਹੈ।
ਸੁਖੋਈ 30 ਭਾਰਤੀ ਹਵਾਈ ਫੌਜ ਦਾ ਅਤਿ-ਆਧੁਨਿਕ ਜਹਾਜ਼ ਹਨ, ਪਰ 100 ਸੁਖੋਈ ਵਿੱਚੋਂ 55 ਹੀ ਹਰ ਵੇਲੇ ਲੜਨ ਦੀ ਹਾਲਤ ਵਿੱਚ ਰਹਿੰਦੇ ਹਨ, ਇਨ੍ਹਾਂ ਦੀ ਨਵੀਂ ਪੀੜ੍ਹੀ ਦੇ 272 ਜਹਾਜ਼ ਖਰੀਦਣੇ ਹਨ, ਪਰ ਇਨ੍ਹਾਂ ਦੇ ਐਕਵਾਇਰ ਅਤੇ ਨਿਰਮਾਣ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ। ਹਵਾਈ ਫੌਜ ਦੇ ਕੋਲ ਸਭ ਤੋਂ ਵੱਧ ਲੜਾਕੂ ਜਹਾਜ਼ ਮਿਗ-21 ਅਤੇ ਮਿਗ-27 ਹਨ। ਇਨ੍ਹਾਂ ਦੇ 14 ਸਕਵਾਡਰਨ ਹਨ, ਪਰ ਇਹ ਖਰਾਬ ਹੋ ਚੁੱਕੇ ਹਨ। ਹਵਾਈ ਫੌਜ ਦੇ ਪ੍ਰੋਗਰਾਮ ਦੇ ਅਨੁਸਾਰ 2014 ਵਿੱਚ ਹੀ ਇਨ੍ਹਾਂ ਨੂੰ ਹਵਾਈ ਫੌਜ ਤੋਂ ਹਟਾਉਣਾ ਸੀ, ਪਰ ਜਹਾਜ਼ਾਂ ਦੀ ਕਮੀ ਦੇ ਕਾਰਨ ਇਨ੍ਹਾਂ ਨੂੰ ਇਸਤੇਮਾਲ ਵਿੱਚ ਲਿਆਂਦਾ ਜਾ ਰਿਹਾ ਹੈ। ਇਹ ਹੋਰ ਵੀ ਖਤਰਨਾਕ ਹੈ।
ਹਵਾਈ ਫੌਜ ਦੇ ਮੁਖੀ ਬੀ ਐਸ ਧਨੋਆ ਨੇ ਹਾਲ ਵਿੱਚ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ 36 ਰਾਫੇਲ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ ਤੇ 83 ਤੇਜਸ ਜਹਾਜ਼ਾਂ ਦੀ ਖਰੀਦ ਲਈ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਹਵਾਈ ਫੌਜ ਦੇ ਹਾਦਸਿਆਂ ਦਾ ਰਿਕਾਰਡ ਦੇਖੀਏ ਤਾਂ 2007 ਤੋਂ ਹੁਣ ਤੱਕ 100 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮਿਗ ਜਹਾਜ਼ ਹੈ। ਸੁਖੋਈ, ਜਗੁਆਰ, ਏ ਐਨ 32 ਆਦਿ ਵੀ ਹਾਦਸੇ ਦੇ ਸ਼ਿਕਾਰ ਹੋਏ ਹਨ।