ਭਾਰਤੀ ਹਵਾਈ ਅੱਡੇ ਲਾਭ ਕਮਾਊ ਪੁੱਤ ਕਿਵੇਂ ਬਣਨ

-ਡਾæ ਚਰਨਜੀਤ ਸਿੰਘ ਗੁਮਟਾਲਾ
ਅੱਠ ਫਰਵਰੀ 2017 ਨੂੰ ਇਕਨਾਮਿਕ ਟਾਈਮਜ਼ ਵਿੱਚ ਇੱਕ ਖਬਰ ਪ੍ਰਕਾਸ਼ਤ ਹੋਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਹਵਾਈ ਉਦਯੋਗ 20 ਫੀਸਦੀ ਸਾਲਾਨਾ ਅਨੁਸਾਰ ਵਧ ਰਿਹਾ ਹੈ, ਜਿਸ ਕਰ ਕੇ ਮੌਜੂਦਾ ਹਵਾਈ ਅੱਡਿਆਂ ‘ਤੇ ਜਹਾਜ਼ ਖੜ੍ਹੇ ਕਰਨ ਲਈ ਅਗਲੇ ਸਮੇਂ ਵਿੱਚ ਜਗ੍ਹਾ ਦੀ ਘਾਟ ਆਏਗੀ। ਇੰਡੀਗੋ, ਸਪਾਈਸ ਜੈੱਟ, ਗੋਏਅਰ ਅਤੇ ਹੋਰ ਹਵਾਈ ਕੰਪਨੀਆਂ ਨੇ 880 ਜਹਾਜ਼ਾਂ ਦੇ ਆਰਡਰ ਦਿੱਤੇ ਹੋਏ ਹਨ। ਪਿਛਲੇ ਸਾਲ ਘਰੇਲੂ ਯਾਤਰੂਆਂ ਦੀ ਗਿਣਤੀ 10 ਕਰੋੜ ਦੇ ਕਰੀਬ ਸੀ। ਜਿਸ ਹਿਸਾਬ ਨਾਲ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਚਾਲੀ ਸਭ ਤੋਂ ਵੱਡੇ ਹਵਾਈ ਅੱਡਿਆਂ ‘ਤੇ ਆਉਂਦੇ 10 ਸਾਲਾਂ ਬਾਅਦ ਹੋਰ ਜਹਾਜ਼ ਖੜ੍ਹੇ ਕਰਨ ਲਈ ਜਗ੍ਹਾ ਨਹੀਂ ਬਚੇਗੀ। ਮੁੰਬਈ ਤੇ ਚੇਨਈ ਬਹੁਤ ਹੀ ਜਲਦੀ ਆਪਣੀ ਸਮਰੱਥਾ ਪੂਰੀ ਕਰ ਲੈਣਗੇ।
ਦੂਸਰੇ ਪਾਸੇ ਫਸਟ ਪੋਸਟ ਨੇ ਹਵਾਈ ਅੱਡਿਆਂ ਬਾਰੇ ਦੋ ਦਸੰਬਰ 2016 ਨੂੰ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ, ਜਿਸ ਵਿੱਚ ਉਸ ਨੇ ਦਰਸਾਇਆ ਕਿ ਬਹੁਤੇ ਹਵਾਈ ਅੱਡੇ ਘਾਟੇ ਵਿੱਚ ਹਨ। ਕੋਈ 400 ਹਵਾਈ ਅੱਡੇ ਅਜਿਹੇ ਹਨ, ਜਿੱਥੋਂ ਇੱਕ ਵੀ ਉਡਾਣ ਨਹੀਂ ਜਾਂਦੀ ਤੇ ਬਹੁਤ ਸਾਰੇ ਹਵਾਈ ਅੱਡੇ ਅਜਿਹੇ ਹਨ, ਜਿੱਥੇ ਸਵਾਰੀਆਂ ਤਾਂ ਹਨ, ਪਰ ਉਥੇ ਸਹੂਲਤਾਂ ਨਹੀਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਏ ਗਜਪਤੀ ਰਾਜੂ ਨੇ ਹਵਾਈ ਕੰਪਨੀਆਂ Ḕਤੇ ਇਸ ਦਾ ਦੋਸ਼ ਥੱਪਿਆ ਹੈ, ਜਦ ਕਿ ਹਕੀਕਤ ਇਹ ਹੈ ਕਿ ਇਸ ਦੇ ਲਈ ਸ਼ਹਿਰੀ ਹਵਾਬਾਜ਼ੀ ਮਹਿਕਮਾ ਜ਼ਿੰਮੇਵਾਰ ਹੈ। ਸਾਲ 2015-16 ਵਿੱਚ 122 ਹਵਾਈ ਅੱਡਿਆਂ, ਜੋ ਏਅਰਪੋਰਟ ਅਥਾਰਟੀ ਆਫ ਇੰਡੀਆ ਚਲਾ ਰਹੀ ਹੈ, ਵਿੱਚੋਂ 97 ਘਾਟੇ ਵਿੱਚ ਗਏ। ਇਹ ਨਹੀਂ ਕਿ ਇਹ ਘਾਟਾ ਉਨ੍ਹਾਂ ਹਵਾਈ ਅੱਡਿਆਂ ਦਾ ਹੈ, ਜਿੱਥੋਂ ਉਡਾਣਾਂ ਨਹੀਂ ਜਾਂਦੀਆਂ, ਸਗੋਂ 150 ਕਰੋੜ ਰੁਪਏ ਦਾ ਘਾਟਾ ਭੋਪਾਲ ਦੇ ਭੋਜ ਹਵਾਈ ਅੱਡੇ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਔਰੰਗਾਬਾਦ ਹਵਾਈ ਅੱਡੇ ਦਾ ਸੀ, ਜਿੱਥੋਂ ਬਕਾਇਦਾ ਹਵਾਈ ਉਡਾਣਾਂ ਜਾਂਦੀਆਂ ਹਨ। ਕੇਂਦਰੀ ਮੰਤਰੀ ਰਾਜੂ ਨੇ ਇੱਕ ਦਸੰਬਰ 2016 ਨੂੰ ਲੋਕ ਸਭਾ ਨੂੰ ਦੱਸਿਆ ਕਿ ਇਹ ਘਾਟਾ ਘੱਟ ਆਮਦਨ ਕਰ ਕੇ ਹੈ। ਅਸਲ ਵਿੱਚ ਕਈ ਹਵਾਈ ਅੱਡੇ ਸਿਆਸੀ ਦਬਾਅ ਹੇਠ ਬਣਾਏ ਗਏ, ਜਦ ਕਿ ਇਹ ਬਣਨੇ ਨਹੀਂ ਸਨ ਚਾਹੀਦੇ। ਦੂਜਾ ਕਈ ਛੋਟੇ ਹਵਾਈ ਅੱਡੇ ਇਹ ਸੋਚ ਕੇ ਬਣਾਏ ਗਏ ਕਿ ਏਅਰ ਇੰਡੀਆ ਤੇ ਹੋਰ ਭਾਰਤੀ ਕੰਪਨੀਆਂ ਛੋਟੇ ਜਹਾਜ਼ ਚਲਾਉਣਗੀਆਂ, ਪਰ ਏਦਾਂ ਨਹੀਂ ਹੋਇਆ। ਹਵਾਈ ਕੰਪਨੀਆਂ ਵੱਡੇ ਜਹਾਜ਼ ਖਰੀਦ ਰਹੀਆਂ ਹਨ, ਜਿਹੜੇ ਇਨ੍ਹਾਂ ਹਵਾਈ ਅੱਡਿਆਂ ‘ਤੇ ਉਤਰ ਹੀ ਨਹੀਂ ਸਕਦੇ।
ਪਾਰਲੀਮੈਂਟ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਗਜਪਤੀ ਰਾਜੂ ਨੇ ਦੱਸਿਆ ਕਿ ਸਭ ਤੋਂ ਵੱਧ ਹਵਾਈ ਅੱਡੇ, ਜਿੱਥੋਂ ਇੱਕ ਵੀ ਉਡਾਣ ਨਹੀਂ ਜਾਂਦੀ, ਮਹਾਰਾਸ਼ਟਰ ‘ਚ ਹਨ। ਇਨ੍ਹਾਂ ਵਿੱਚ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਪ੍ਰਫੁੱਲ ਪਟੇਲ ਦੇ ਹਲਕੇ ‘ਚ ਬਣਿਆ ਹਵਾਈ ਅੱਡਾ ਗੌਂਡੀਆ ਤੋਂ ਇਲਾਵਾ ਜੁਹੂ, ਕੋਲਹਾਪੁਰ ਅਤੇ ਸ਼ੋਲਾਪੁਰ, ਅਕੋਲਾ ਅਤੇ ਜਲਗਾਓਂ ਸ਼ਾਮਲ ਹਨ। ਰਾਜਸਥਾਨ ਵਿੱਚ ਤਿੰਨ ਅਤੇ ਪੰਜਾਬ ਵਿੱਚ ਵੀ ਲੁਧਿਆਣਾ ਅਤੇ ਪਠਾਨਕੋਟ ਦੋ ਅਜਿਹੇ ਹਵਾਈ ਅੱਡੇ ਹਨ, ਜਿੱਥੋਂ ਇੱਕ ਵੀ ਉਡਾਣ ਨਹੀਂ ਜਾਂਦੀ, ਪਰ ਭਾਰਤ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਆਦਿ ਤੋਂ ਇਲਾਵਾ ਹੋਰ ਖਰਚੇ ਕਰਨੇ ਪੈ ਰਹੇ ਹਨ। ਬਠਿੰਡਾ ਤੋਂ ਮੁੜ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ, ਪਹਿਲਾਂ ਵੀ ਸ਼ੁਰੂ ਕੀਤੀਆਂ ਸਨ, ਪਰ ਕੁਝ ਸਮੇਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ। 2015-16 ਵਿੱਚ ਸਫਦਰਗੰਜ ਦਿੱਲੀ ਹਵਾਈ ਅੱਡੇ ਦਾ ਘਾਟਾ 43 ਕਰੋੜ ਰੁਪਏ ਸੀ, ਜਿੱਥੇ ਸਿਰਫ ਵੀ ਵੀ ਆਈ ਪੀਜ਼ ਦੇ ਜਹਾਜ਼ ਉਤਰਦੇ ਹਨ। ਇਸ ਦੇ ਬਾਵਜੂਦ ਭਾਰਤ ਸਰਕਾਰ ਉਨ੍ਹਾਂ ਹਵਾਈ ਅੱਡਿਆਂ ‘ਤੇ ਬੇਲੋੜਾ ਖਰਚਾ ਕਰੀ ਜਾਂਦੀ ਹੈ, ਜਿੱਥੇ ਕੋਈ ਵੀ ਉਡਾਣ ਨਹੀਂ ਜਾਂਦੀ। 2014-15 ਵਿੱਚ ਹੈਦਰਾਬਾਦ ਦੇ ਬੇਗਮਪੇਟ ਉੱਤੇ ਸਭ ਤੋਂ ਵੱਧ 67 ਕਰੋੜ ਰੁਪਏ, ਬੰਗਲੌਰ ‘ਤੇ 58 ਕਰੋੜ ਰੁਪਏ ਅਤੇ ਦਿੱਲੀ ਦੇ ਸਫਦਰਜੰਗ ‘ਤੇ 47 ਕਰੋੜ ਰੁਪਏ ਖਰਚ ਕੀਤੇ ਗਏ।
ਸਰਕਾਰੀ ਹਵਾਈ ਅੱਡਿਆਂ ਦੇ ਐਨ ਉਲਟ ਜਿਹੜੇ ਹਵਾਈ ਅੱਡੇ ਪ੍ਰਾਈਵੇਟ ਕੰਪਨੀਆਂ ਵੱਲੋਂ ਏਅਰਪੋਰਟ ਅਥਾਰਟੀ ਦੇ ਸਹਿਯੋਗ ਨਾਲ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਮੁੰਬਈ ਹਵਾਈ ਅੱਡੇ ਨੂੰ ਛੱਡ ਕੇ ਬਾਕੀ ਸਭ ਲਾਭ ਕਮਾ ਰਹੇ ਹਨ। ਇਨ੍ਹਾਂ ਵਿੱਚ ਦਿੱਲੀ, ਕੋਚੀਨ, ਹੈਦਰਾਬਾਦ ਅਤੇ ਬੰਗਲੌਰ ਹਵਾਈ ਅੱਡੇ ਸ਼ਾਮਲ ਹਨ।
ਅੰਮ੍ਰਿਤਸਰ ਨੂੰ ਛੱਡ ਕੇ ਪੰਜਾਬ ਦੇ ਬਾਕੀ ਹਵਾਈ ਅੱਡੇ ਇਸ ਕਰ ਕੇ ਨਹੀਂ ਚੱਲ ਰਹੇ ਕਿ ਇਨ੍ਹਾਂ ਤੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਨਹੀਂ। ਅਹਿਮਦਾਬਾਦ ਤੋਂ 149 ਉਡਾਣਾਂ ਆਉਂਦੀਆਂ-ਜਾਂਦੀਆਂ ਹਨ, ਜਿਨ੍ਹਾਂ ਰਾਹੀਂ 17979 ਦੇ ਕਰੀਬ ਰੋਜ਼ ਯਾਤਰੂ ਆਉਂਦੇ ਤੇ ਜਾਂਦੇ ਹਨ, ਜਦ ਕਿ ਸੂਰਤ ਤੋਂ ਸਿਰਫ ਪੰਜ ਉਡਾਣਾਂ ਹਨ, ਜਿਨ੍ਹਾਂ ਰਾਹੀਂ ਕਰੀਬ 424 ਯਾਤਰੂ ਆਉਂਦੇ ਜਾਂਦੇ ਹਨ। ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਸਮੇਂ ਵਿਦੇਸ਼ੀ ਹਵਾਈ ਕੰਪਨੀਆਂ ਤੁਰਕਮੇਨਿਸਤਾਨ ਏਅਰਲਾਈਨਜ਼, ਕਤਰ ਏਅਰਵੇਜ਼, ਉਜ਼ਬੇਕਿਸਤਾਨ ਏਅਰਵੇਜ਼, ਮਲਿੰਡੋ ਏਅਰ, ਸਿੰਗਾਪੁਰ ਦੀ ਸਕੂਟ ਸਿੱਧੀਆਂ ਉਡਾਣਾਂ ਵਿਦੇਸ਼ਾਂ ਨੂੰ ਭਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸਪਾਈਸ ਜੈੱਟ ਦੁਬਈ ਲਈ, ਏਅਰ ਇੰਡੀਆ ਅੰਮ੍ਰਿਤਸਰ-ਦਿੱਲੀ-ਬਰਮਿੰਘਮ, ਏਅਰ ਇੰਡੀਆ ਐਕਸਪ੍ਰੈਸ ਦੁਬਈ ਲਈ ਅੰਤਰਰਾਸ਼ਟਰੀ ਉਡਾਣਾਂ ਭਰਦੀਆਂ ਹਨ। ਹਵਾਈ ਅੱਡੇ ਨੂੰ ਸਭ ਤੋਂ ਵੱਧ ਕਮਾਈ ਅੰਤਰਰਾਸ਼ਟਰੀ ਉਡਾਣਾਂ ਤੋਂ ਹੁੰਦੀ ਹੈ। ਅੰਮ੍ਰਿਤਸਰ ਹਵਾਈ ਅੱਡੇ ਨੂੰ ਰਾਸ਼ਟਰੀ ਉਡਾਣ ਵਾਲੇ ਇੱਕ ਯਾਤਰੂ ਤੋਂ 150 ਰੁਪਏ, ਜਦ ਕਿ ਅੰਤਰਰਾਸ਼ਟਰੀ ਉਡਾਣ ਵਾਲ ਤੋਂ 910 ਰੁਪਏ ਮਿਲਦੇ ਹਨ।
ਦਿੱਲੀ ਹਵਾਈ ਅੱਡਾ ਲਾਭ ਇਸ ਲਈ ਕਮਾ ਰਿਹਾ ਹੈ ਕਿ ਉਥੋਂ ਅੰਤਰਰਾਸ਼ਟਰੀ ਯਾਤਰੂਆਂ ਦੀ ਬਹੁਤਾਤ ਹੈ। ਦੂਜਾ ਦਿੱਲੀ ਵਿਖੇ ਜਾਣ ਵਾਲੀਆਂ ਤੇ ਆਉਣ ਵਾਲੀਆਂ ਸਵਾਰੀਆਂ ਕੋਲੋਂ ਅੱਡਾ ਫੀਸ, ਜਿਸ ਨੂੰ ਯੂਜ਼ਰ ਡਿਵੈਲਪਮੈਂਟ ਫੀਸ ਕਿਹਾ ਜਾਂਦਾ ਹੈ, ਲਈ ਜਾਂਦੀ ਹੈ, ਜਦ ਕਿ ਅੰਮ੍ਰਿਤਸਰ ਹਵਾਈ ਅੱਡੇ ਆਉਣ ਵਾਲੀਆਂ ਸਵਾਰੀਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ। ਤੀਜਾ ਦਿੱਲੀ ਵਿਖੇ ਅੱਡਾ ਫੀਸ ਅੰਮ੍ਰਿਤਸਰ ਨਾਲੋਂ ਬਹੁਤ ਜ਼ਿਆਦਾ ਹੈ।
ਅੰਮ੍ਰਿਤਸਰ ਪਹਿਲਾਂ ਲਾਭ ਕਮਾਉਂਦਾ ਸੀ, ਕਿਉਂਕਿ ਇਥੋਂ ਸਿੱਧੀਆਂ ਵਿਦੇਸ਼ ਨੂੰ ਉਡਾਣਾਂ ਜਾਂਦੀਆਂ ਸਨ। 2010 ਵਿੱਚ ਚਾਲੂ ਹੋਏ ਦਿੱਲੀ ਦੇ ਜੀ ਐੱਮ ਆਰ ਹਵਾਈ ਅੱਡੇ ਦੀ ਮਾਰ ਨਾ ਸਿਰਫ ਅੰਮ੍ਰਿਤਸਰ, ਸਗੋਂ ਹੋਰਨਾਂ ਹਵਾਈ ਅੱਡਿਆਂ ਨੂੰ ਵੀ ਪਈ। ਇਸ ਦੀ ਆਮਦਨ ਵਧਾਉਣ ਲਈ ਅੰਮ੍ਰਿਤਸਰ ਤੋਂ ਵਿਦੇਸ਼ ਜਾਂਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ ਗਈਆਂ। ਜੈੱਟ ਏਅਰਵੇਜ਼, ਜੋ ਅੰਮ੍ਰਿਤਸਰ ਤੋਂ ਲੰਡਨ ਦੇ ਲਈ ਉਡਾਣ ਭਰਦੀ ਸੀ, ਨਵੰਬਰ 2008 ਵਿੱਚ ਬੰਦ ਹੋ ਗਈ, ਕਿਉਂਕਿ ਉਸ ਸਮੇਂ ਮੰਦਾ ਚੱਲ ਰਿਹਾ ਸੀ। ਹੁਣ ਇਹ ਏਅਰਲਾਈਨ ਬਰਾਸਤਾ ਦਿੱਲੀ ਵਿਦੇਸ਼ਾਂ ਨੂੰ ਉਡਾਣਾਂ ਭਰਦੀ ਹੈ।
ਨਵੰਬਰ 2008 ਤੀਕ ਏਅਰ ਇੰਡੀਆ, ਜੋ ਦਿੱਲੀ-ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਭਰਦੀ ਸੀ, ਦਾ ਨਵੰਬਰ 2008 ਵਿੱਚ ਰੂਟ ਅੰਮ੍ਰਿਤਸਰ-ਲੰਡਨ-ਟੋਰਾਂਟੋ ਕਰ ਦਿੱਤਾ। ਦਿੱਲੀ ਹਵਾਈ ਅੱਡੇ ਦੀ ਆਮਦਨ ਵਧਾਉਣ ਲਈ 31 ਅਕਤੂਬਰ 2010 ਨੂੰ ਇਸ ਦਾ ਰੂਟ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਕਰ ਦਿੱਤਾ ਗਿਆ, ਜਿਸ ਨੂੰ 2010 ਵਿੱਚ ਸਸਪੈਂਡ ਕਰ ਦਿੱਤਾ ਗਿਆ। ਇਹ ਅਜੇ ਤੀਕ ਸਸਪੈਂਡ ਹੈ। ਅੰਮ੍ਰਿਤਸਰ ਤੋਂ ਆਬੂਧਾਬੀ ਲਈ ਕੋਈ ਉਡਾਣ ਨਹੀਂ, ਜਦ ਕਿ ਜੈੱਟ ਏਅਰਵੇਜ਼ ਦੂਸਰੇ ਹਵਾਈ ਅੱਡਿਆਂ ਨੂੰ ਆਬੂਧਾਬੀ ਲਈ ਸਿੱਧੀ ਉਡਾਣ ਭਰਦੀ ਹੈ। ਉਸ ਨੇ 2012 ਵਿੱਚ ਐਲਾਨ ਕੀਤਾ ਸੀ ਕਿ ਉਹ 2013 ਵਿੱਚ ਅੰਮ੍ਰਿਤਸਰ ਸਮੇਤ ਹੋਰਨਾਂ ਹਵਾਈ ਅੱਡਿਆਂ ਤੋਂ ਸਿੱਧੀਆਂ ਉਡਾਣਾਂ ਭਰੇਗੀ। ਉਸ ਨੇ ਹੋਰ ਹਵਾਈ ਅੱਡਿਆਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ, ਪਰ ਅੰਮ੍ਰਿਤਸਰ ਤੋਂ ਨਹੀਂ ਕੀਤੀਆਂ।
ਜੇ ਅਸੀਂ ਇਤਿਹਾਸਕ ਪਿਛੋਕੜ Ḕਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਤੋਂ 2006 ਵਿੱਚ ਅੰਤਰਰਾਸ਼ਟਰੀ ਉਡਾਣਾਂ ਰਾਹੀਂ 439377 ਯਾਤਰੂ ਸਿੱਧੇ ਵਿਦੇਸ਼ਾਂ ਨੂੰ ਗਏ, ਜਦ ਕਿ ਸਿਰਫ 104740 ਯਾਤਰੂਆਂ ਨੇ ਘਰੇਲੂ ਉਡਾਣਾਂ ਲਈਆਂ। 2007 ਵਿੱਚ ਅੰਮ੍ਰਿਤਸਰ ਤੋਂ ਕੁੱਲ ਯਾਤਰੂਆਂ ਦੀ ਗਿਣਤੀ 676678 ਸੀ, ਜਿਨ੍ਹਾਂ ਵਿੱਚੋਂ ਘਰੇਲੂ 118329 ਸਨ ਤੇ 558349 ਅੰਤਰਰਾਸ਼ਟਰੀ ਸਨ, ਭਾਵ ਵਿਦੇਸ਼ਾਂ ਨੂੰ ਜਾਣ ਵਾਲੇ ਕਰੀਬ 80 ਫੀਸਦੀ ਸਨ ਤੇ ਘਰੇਲੂ ਉਡਾਣਾਂ ਵਾਲੇ ਸਿਰਫ 20 ਫੀਸਦੀ ਸਨ। ਕੁੱਲ ਯਾਤਰੂਆਂ ਦੀ ਗਿਣਤੀ 2015 ਵਿੱਚ ਵਧ ਕੇ 1166399 ਹੋ ਗਈ। ਇਨ੍ਹਾਂ ਵਿੱਚ ਘਰੇਲੂ ਉਡਾਣਾਂ ਵਾਲਿਆਂ ਦੀ ਗਿਣਤੀ 836780 ਸੀ ਤੇ ਅੰਤਰਰਾਸ਼ਟਰੀ ਉਡਾਣਾਂ ਵਾਲੇ ਸਿਰਫ 329619 ਸਨ। ਇਸ ਤਰ੍ਹਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਦਾ ਅਨੁਪਾਤ ਉਲਟ ਹੋ ਗਿਆ। ਜਿੱਥੇ ਪਹਿਲਾਂ ਅੰਤਰਰਾਸ਼ਟਰੀ 80 ਫੀਸਦੀ ਸਨ, ਉਹ ਘਟ ਕੇ 20 ਫੀਸਦੀ ਤੇ ਘਰੇਲੂ ਉਡਾਣਾਂ ਜਿਹੜੀਆਂ 20 ਫੀਸਦੀ ਸਨ, ਉਹ ਵਧ ਕੇ 80 ਫੀਸਦੀ ਹੋ ਗਈਆਂ। ਇਸ ਲਈ ਲੋੜ ਹੈ ਕਿ ‘ਹੱਬ ਐਂਡ ਸਪੋਕ ਨੀਤੀḔ, ਜਿਸ ਅਧੀਨ ਏਅਰ ਇੰਡੀਆ ਦੀਆਂ ਉਡਾਣਾਂ ਦਿੱਲੀ ਤੇ ਹੋਰ ਵੱਡੇ ਹਵਾਈ ਅੱਡਿਆਂ ਰਾਹੀਂ ਚਲਾਈਆਂ ਜਾ ਰਹੀਆਂ ਹਨ, ਵਿੱਚ ਤਬਦੀਲੀ ਕਰ ਕੇ ਜਿਹੜੀ ਉਡਾਣ ਜਿੱਥੋਂ ਸਿੱਧੀ ਚੱਲ ਸਕਦੀ ਹੈ, ਉਥੋਂ ਚਲਾਈ ਜਾਵੇ। ਦਿੱਲੀ ਤੋਂ ਯੂਰਪ, ਅਮਰੀਕਾ, ਇੰਗਲੈਂਡ, ਕੈਨੇਡਾ, ਰੂਸ, ਅਰਬ ਦੇਸ਼ਾਂ ਨੂੰ ਜਾਣ ਵਾਲੇ ਜਹਾਜ਼ ਅੰਮ੍ਰਿਤਸਰ ਤੋਂ ਉਡ ਕੇ ਜਾਂਦੇ ਹਨ, ਇਸ ਲਈ ਦਿੱਲੀ ਤੋਂ ਜਹਾਜ਼ ਪਹਿਲਾਂ ਅੰਮ੍ਰਿਤਸਰ ਜਾਂਦੇ ਹਨ ਤੇ ਮੁੜ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਹਨ, ਤੇ ਫਿਰ ਦਿੱਲੀ ਤੋਂ ਬਾਹਰਲੇ ਮੁਲਕਾਂ ਨੂੰ ਜਾਂਦੇ ਹਨ। ਜੇ ਇਹ ਅੰਮ੍ਰਿਤਸਰ ਤੋਂ ਦਿੱਲੀ ਆਉਣ ਤੇ ਵਾਪਸ ਜਾਣ ਦੀ ਥਾਂ ਸਿੱਧੇ ਵਿਦੇਸ਼ਾਂ ਨੂੰ ਚਲੇ ਜਾਣ, ਜਿਵੇਂ ਕਿ ਪਹਿਲਾਂ ਜਾਂਦੇ ਸਨ, ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ‘ਲਾਭ ਕਮਾਊ ਪੁੱਤ’ ਬਣ ਸਕਦਾ ਹੈ। ਇਸੇ ਤਰ੍ਹਾਂ ਉਡਾਣਾਂ ਬਾਕੀ ਹਵਾਈ ਅੱਡਿਆਂ ਤੋਂ ਸਿੱਧੀਆਂ ਵਿਦੇਸ਼ਾਂ ਨੂੰ ਜਾਣ ਤਾਂ ਉਹ ਵੀ ਲਾਭਦਾਇਕ ਹੋ ਜਾਣਗੇ। ਬਹੁਤੀਆਂ ਵਿਦੇਸ਼ੀ ਏਅਰਲਾਈਨਜ਼ ਅੰਮ੍ਰਿਤਸਰ ਤੇ ਹੋਰਨਾਂ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ, ਪਰ ਭਾਰਤ ਸਰਕਾਰ ਉਨ੍ਹਾਂ ਨੂੰ ਆਗਿਆ ਨਹੀਂ ਦੇ ਰਹੀ। ਲੋਕਹਿੱਤ ਨੂੰ ਮੁੱਖ ਰੱਖ ਕੇ ਇਨ੍ਹਾਂ ਨੂੰ ਆਗਿਆ ਦੇਣੀ ਚਾਹੀਦੀ ਹੈ। ਵਿਦੇਸ਼ਾਂ ਨਾਲ ਨਵੇਂ ਸਿਰੇ ਤੋਂ ਸਮਝੌਤੇ ਕਰਨ ਦੀ ਵੀ ਲੋੜ ਹੈ ਕਿਉਂਕਿ ਪਹਿਲ ਸਮਝੌਤੇ ਹੁਣ ਵੇਲਾ ਵਿਹਾਅ ਚੁੱਕੇ ਹਨ। ਸਭ ਤੋਂ ਜ਼ਰੂਰੀ ਹੈ ਕਿ ਦਿੱਲੀ ਵਾਂਗ ਬਾਕੀ ਹਵਾਈ ਅੱਡਿਆਂ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਜਾਵੇ।