ਭਾਰਤੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਰੱਬ ਹੀ ਰਾਖਾ

-ਸ਼ੰਗਾਰਾ ਸਿੰਘ ਭੁੱਲਰ
ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਵਜੋਂ ਪੂਰੇ ਪੰਜ ਸਾਲ ਰਾਸ਼ਟਰਪਤੀ ਭਵਨ ਵਿੱਚ ਸੰਵਿਧਾਨ ਦੇ ਪਹਿਰੇਦਾਰ ਬਣ ਕੇ ਗੁਜ਼ਾਰਨ ਪਿੱਛੋਂ ਪਾਰਲੀਮੈਂਟ ਦੇ ਹਾਲ ਵਿੱਚ ਆਪਣੀ ਵਿਦਾਇਗੀ ਵੇਲੇ ਦੇਸ਼ ਦੇ ਕਾਨੂੰਨ ਘਾੜਿਆਂ ਨੂੰ ਜੋ ਜਜ਼ਬਾਤੀ ਅਤੇ ਨਸੀਹਤ ਭਰਪੂਰ ਤਕਰੀਰ ਪੇਸ਼ ਕੀਤੀ, ਉਹ ਉਨ੍ਹਾਂ ਦੇ ਜੀਵਨ ਦੀਆਂ ਕੁਝ ਬਿਹਤਰੀਨ ਤਕਰੀਰਾਂ ਵਿੱਚੋਂ ਇੱਕ ਕਹੀ ਜਾ ਸਕਦੀ ਹੈ, ਪਰ ਇਸ ਦੇ ਅਗਲੇ ਦਿਨ ਹੀ ਉਨ੍ਹਾਂ ਵਿੱਚੋਂ ਕੁਝ ਕਾਨੂੰਨ ਘਾੜਿਆਂ ਨੇ ਉਸੇ ਪਾਰਲੀਮੈਂਟ ਵਿੱਚ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਦੇ ਮੂੰਹ ਉੱਤੇ ਕਾਗਜ਼ ਮਾਰ-ਮਾਰ ਕੇ ਜੋ ਕੜ੍ਹੀ ਘੋਲੀ, ਉਸ ਨੂੰ ਦੇਖ ਕੇ ਸਪੱਸ਼ਟ ਕਿਹਾ ਜਾ ਸਕਦਾ ਹੈ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਮਹਿਜ਼ ਸੱਤਰ ਸਾਲਾਂ ਵਿੱਚ ਇਸ ਕਦਰ ਥਿੰਦਾ ਘੜਾ ਬਣ ਚੁੱਕੇ ਹਨ ਕਿ ਉਨ੍ਹਾਂ ਉਤੇ ਕਿਸੇ ਵੀ ਦਾਨਿਸ਼ਵਰ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਹੁੰਦਾ।
ਇਸ ਵਰਤਾਰੇ ਨੂੰ ਇਨ੍ਹਾਂ ਮੈਂਬਰਾਂ ਦੀ ਇਹ ਐਸੀ ਬਦਤਮੀਜ਼ੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਜਾਂਦੇ ਰਾਸ਼ਟਰਪਤੀ ਦੇ ਕੁਝ ਕੁ ਜ਼ਰੂਰੀ ਵਚਨਾਂ ਦਾ ਵੀ ਮਾਣ-ਸਤਿਕਾਰ ਨਹੀਂ ਰੱਖਿਆ। ਫਿਰ ਅਗਲੀ ਸ਼ਰਮਨਾਕ ਗੱਲ ਇਹ ਕਿ ਕਾਗਜ਼ ਵੀ ਉਨ੍ਹਾਂ ਨੇ ਇੱਕ ਮਹਿਲਾ ਸਪੀਕਰ ਦੇ ਮੂੰਹ ‘ਤੇ ਮਾਰ ਕੇ ਲੋਕ ਸਭਾ ਦਾ ਉਹ ਅਧਿਆਏ ਕਾਲਾ ਕਰ ਛੱਡਿਆ ਹੈ, ਜਿਸ ਵਿੱਚ ਭਾਰਤੀ ਔਰਤ ਨੂੰ ਸਮਾਜ ਵਿੱਚ ਬੜੀ ਮਾਣਯੋਗ ਥਾਂ ਪ੍ਰਾਪਤ ਹੈ। ਭੂਤਰੇ ਹੋਏ ਇਨ੍ਹਾਂ ਮੈਂਬਰਾਂ ਵੱਲੋਂ ਆਪਣੀ ਹੀ ਸਪੀਕਰ ਚੁਣੀ ਗਈ ਬੀਬੀ ਦੇ ਮੂੰਹ ‘ਤੇ ਕਾਗਜ਼ ਸੁੱਟਣ ਦੀ ਇਹ ਸ਼ਾਇਦ ਪਾਰਲੀਮੈਂਟ ਵਿੱਚ ਪਹਿਲੀ ਘਟਨਾ ਹੈ, ਜਿਹੜੀ ਅਤਿਅੰਤ ਨਿੰਦਣਯੋਗ ਹੈ। ਦੇਸ਼ ਦੀਆਂ ਸੂਬਾਈ ਅਸੈਂਬਲੀਆਂ ਵਿੱਚ ਸਪੀਕਰਾਂ ਦੀਆਂ ਪੱਗਾਂ ਲਾਹੁਣ ਅਤੇ ਉਨ੍ਹਾਂ ‘ਤੇ ਕਾਗਜ਼ ਸੁੱਟਣੇ ਆਮ ਵਰਤਾਰਾ ਬਣ ਗਿਆ ਹੈ।
ਬਹੁਤੀ ਦੇਰ ਨਹੀਂ ਹੋਈ, ਪੰਜਾਬ ਵਿਧਾਨ ਸਭਾ ਦੇ ਜੂਨ ਵਿੱਚ ਹੋਏ ਬਜਟ ਸੈਸ਼ਨ ਵਿੱਚ ਵੀ ਇਹੋ ਜਿਹਾ ਭਾਣਾ ਵਾਪਰਿਆ, ਜਿੱਥੇ ਸਪੀਕਰ ਦੇ ਮੂੰਹ ‘ਤੇ ਕਾਗਜ਼ ਸੁੱਟੇ ਗਏ ਅਤੇ ਉਸੇ ਦਿਨ ਕਈ ਵਿਧਾਇਕਾਂ ਦੀਆਂ ਦਸਤਾਰਾਂ ਲੱਥੀਆਂ ਅਤੇ ਵਿਧਾਇਕ ਬੀਬੀਆਂ ਦੀਆਂ ਚੁੰਨੀਆਂ ਵੀ। ਲੋਕ ਸਭਾ ਦੇ ਮੰਦਰ ਦਾ ਇਹ ਕੈਸਾ ਦੁਖਦਾਈ ਦਿ੍ਰਸ਼ ਹੈ? ਕਿੱਥੇ ਤਾਂ ਇਹ ਸਦਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵਿਚਾਰਨ ਤੇ ਹੱਲ ਕੱਢਣ ਅਤੇ ਕਾਨੂੰਨ ਘੜਨ ਵਾਲੀ ਥਾਂ ਹੈ ਅਤੇ ਕਿੱਥੇ ਇਸ ਨੂੰ ਲੋਕਰਾਜੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਮੱਛੀ ਮੰਡੀ ਜਾਂ ਕੁਸ਼ਤੀ ਦਾ ਅਖਾੜਾ ਬਣਾਇਆ ਜਾ ਰਿਹਾ ਹੈ।
ਬਿਨਾਂ ਸ਼ੱਕ ਪ੍ਰਣਬ ਮੁਖਰਜੀ ਤੋਂ ਪਹਿਲਾਂ ਵਾਲੇ ਕੁਝ ਰਾਸ਼ਟਰਪਤੀ ਵੀ ਚੁਣੇ ਹੋਏ ਮੈਂਬਰਾਂ ਨੂੰ ਅਜਿਹੀਆਂ ਨਸੀਹਤਾਂ ਦਿੰਦੇ ਵੇਖੇ ਸੁਣੇ ਗਏ, ਪਰ ਜਾਪਦਾ ਹੈ ਕਿ ਜਿਵੇਂ ਸਾਡੇ ਇਨ੍ਹਾਂ ਨੁਮਾਇੰਦਿਆਂ ਨੇ ‘ਹਮ ਨਹੀਂ ਸੁਧਰੇਂਗੇ’ ਦੀ ਸਹੁੰ ਖਾ ਲਈ ਹੈ। ਫਿਰ ਇਨ੍ਹਾਂ ਹੀ ਨੁਮਾਇੰਦਿਆਂ ਵੱਲੋਂ ਦਿਖਾਏ ਗਏ ਇਸ ਦੰਗਲ ਨੂੰ ਦੁਨੀਆ ਟੀ ਵੀ ਚੈਨਲਾਂ ਰਾਹੀਂ ਦੇਖਦੀ ਹੈ ਅਤੇ ਅਖਬਾਰਾਂ ਰਾਹੀਂ ਪੜ੍ਹਦੀ ਹੈ। ਉਸ ਵੇਲੇ ਪਤਾ ਨਹੀਂ ਇਨ੍ਹਾਂ ਨੂੰ ਕੋਈ ਸ਼ਰਮ ਆਉਂਦੀ ਹੈ ਜਾਂ ਨਹੀਂ, ਜਿਨ੍ਹਾਂ ਲੋਕਾਂ ਨੇ ਇਨ੍ਹਾਂ ਨੂੰ ਲੱਖਾਂ ਵਿੱਚੋਂ ਚੁਣ ਕੇ ਪਵਿੱਤਰ ਸਦਨ ਦੀਆਂ ਪੌੜੀਆਂ ਚੜ੍ਹਾਇਆ ਹੁੰਦਾ ਹੈ, ਉਹ ਪਾਣੀਓਂ ਪਾਣੀ ਹੋ ਜਾਂਦੇ ਹਨ। ਅਫਸੋਸ ਹੈ ਕਿ ਮਹਿਜ਼ ਸੱਤ ਦਹਾਕਿਆਂ ਵਿੱਚ ਅਸੀਂ ਉਨ੍ਹਾਂ ਲੋਕਰਾਜੀ ਕਦਰਾਂ-ਕੀਮਤਾਂ ਨੂੰ ਭੁੱਲ ਗਏ ਹਾਂ, ਜਿਨ੍ਹਾਂ ਲਈ ਘਰ-ਬਾਹਰ ਵਾਰਿਆ ਅਤੇ ਦੇਸ਼ ਨੂੰ ਆਜ਼ਾ ਕਰਵਾਇਆ।
ਪਾਰਲੀਮੈਂਟ ਦੇ ਦੋਵਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਅਤੇ ਓਧਰ ਦੇਸ਼ ਦੀਆਂ ਸੂਬਾਈ ਅਸੈਂਬਲੀਆਂ ਵਿੱਚ ਇਨ੍ਹਾਂ ਚੁਣੇ ਮੈਂਬਰਾਂ ਵੱਲੋਂ ਅਕਸਰ ਜੋ ਚੰਨ ਚੜ੍ਹਾਏ ਜਾਂਦੇ ਹਨ, ਉਸ ਬਾਰੇ ਪਿਛਲੇ ਕਾਫੀ ਸਾਲਾਂ ਤੋਂ ਰਾਸ਼ਟਰਪਤੀਆਂ ਵਰਗੇ ਸੰਵਿਧਾਨ ਦੇ ਰਾਖਿਆਂ ਵੱਲੋਂ ਡੂੰਘੀ ਚਿੰਤਾ ਪ੍ਰਗਟ ਕੀਤੀ ਹੀ ਜਾਂਦੀ ਹੈ, ਪਰ ਜੋ ਲੋਕ ਚੰਨ ਚਾੜ੍ਹਦੇ ਹਨ, ਉਨ੍ਹਾਂ ਨੂੰ ਇਸ ਦੀ ਕੋਈ ਲੱਥੀ-ਚੜ੍ਹੀ ਨਹੀਂ। ਕੋਈ ਕਿਸੇ ਨੂੰ ਕਿੰਨਾ ਕੁ ਚਿਰ ਨਸੀਹਤਾਂ ਦਿੰਦਾ ਰਹੇਗਾ? ਕਹਿੰਦੇ ਹਨ ਕਿ ਸੁੱਤੇ ਨੂੰ ਤਾਂ ਜਗਾਇਆ ਜਾ ਸਕਦਾ ਹੈ, ਪਰ ਜਾਗਦੇ ਨੂੰ ਕੋਈ ਕੀ ਕਹੇ? ਕੀ ਅਸੀਂ ਇਸ ਤੋਂ ਸਬਕ ਲੈਣਾ ਹੀ ਨਹੀਂ ਚਾਹੁੰਦੇ?
ਹੁਣ ਮਿਆਰੀ ਬਹਿਸਾਂ ਦਾ ਯੁੱਗ ਬੀਤ ਗਿਆ ਹੈ। ਮੈਂਬਰਾਂ ਨੂੰ ਸਵਾਲ ਕੋਈ ਪੁੱਛਿਆ ਜਾਂਦਾ ਹੈ ਅਤੇ ਜਵਾਬ ਅੱਗੋਂ ਕੋਈ ਮਿਲਦਾ ਹੈ। ਵਾਕਆਊਟ, ਬਾਈਕਾਟ ਆਮ ਗੱਲ ਹੋ ਗਈ ਹੈ। ਬਲਕਿ ਹੁਣ ਬਹੁਤੇ ਬਿੱਲ ਪਾਸ ਹੀ ਉਦੋਂ ਹੁੰਦੇ ਹਨ, ਜਦੋਂ ਵਿਰੋਧੀ ਧਿਰ ਸਦਨ ਵਿੱਚ ਹਾਜ਼ਰ ਨਹੀਂ ਹੁੰਦੀ।
ਇੱਕ ਪਾਸੇ ਇਹ ਸੱਤਾਧਾਰੀ ਪਾਰਟੀਆਂ ਦੀ ਵਿਰੋਧੀ ਧਿਰ ਨੂੰ ਭਜਾਉਣ ਦੀ ਨੀਤੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੀ ਖੁਦ ਭੱਜਣ ਦੀ ਨੀਤੀ ਹੈ, ਜਦ ਕਿ ਪ੍ਰਣਬ ਮੁਖਰਜੀ ਇਹੋ ਕਹਿੰਦੇ ਹਨ ਕਿ ਸਦਨ ਦਾ ਬਾਈਕਾਟ ਕਿਉਂ? ਉਥੇ ਬੈਠੋ, ਆਪਣੀ ਦਲੀਲ ਰੱਖੋ, ਸੱਤਾਧਾਰੀ ਧਿਰ ਨੂੰ ਆਪਣੀ ਗੱਲ ਸੁਣਾਉਣ ਲਈ ਮਜ਼ਬੂਤ ਕਰੋ, ਮਾਹੌਲ ਨੂੰ ਗੰਧਲਾ ਨਾ ਬਣਾਓ। ਇਹ ਸਬ ਦਾ ਸਾਂਝਾ ਸਦਨ ਹੈ, ਜਿਸ ਨੇ ਦੇਸ਼ਵਾਸੀਆਂ ਦੀ ਤਕਦੀਰ ਘੜਨੀ ਹੁੰਦੀ ਹੈ।
ਹੈਰਾਨੀ ਦੀ ਗੱਲ ਇਹ ਵੀ ਕਿ ਅੱਜ ਸਦਨ ਦਾ ਨੇਤਾ ਹਾਜ਼ਰ ਹੀ ਨਹੀਂ ਹੁੰਦਾ ਸਗੋਂ ਬਾਹਰ ਅੰਦਰ ਦੌਰੇ ‘ਤੇ ਹੁੰਦਾ ਹੈ। ਕੁਝ ਇਹੀ ਗੱਲ ਵਿਰੋਧੀ ਧਿਰ ਦੇ ਲੀਡਰਾਂ ਦੀ ਹੁੰਦੀ ਹੈ। ਇਹੋ ਵਜ੍ਹਾ ਹੈ ਕਿ ਜਦੋਂ ਉਨ੍ਹਾਂ ਦੇ ਮੁਖੀ ਉਥੇ ਨਹੀਂ ਬੈਠਦੇ ਤਾਂ ਮੈਂਬਰ ਪੂਰੀ ਤਰ੍ਹਾਂ ਖੁੱਲ੍ਹ ਕੇ ਖੇਡਦੇ ਹਨ। ਇਹ ਖੁੱਲ੍ਹ ਹੀ ਦੇਸ਼ ਦਾ ਬੇੜਾ ਗਰਕ ਕਰ ਰਹੀ ਹੈ। ਅੱਜ ਵੱਖ-ਵੱਖ ਭਿਆਨਕ ਸਮੱਸਿਆਵਾਂ ਵਿੱਚ ਘਿਰੇ ਇਸ ਮੁਲਕ ਦੀ ਤਸਵੀਰ ਸਭ ਦੇ ਸਾਹਮਣੇ ਹੈ।
ਸਦਨਾਂ ਵਿੱਚ ਰੌਲੇ ਰੱਪੇ ਅਤੇ ਮੱਛੀ ਮੰਡੀ ਦੇ ਦਿ੍ਰਸ਼ਾਂ ਦੀ ਤਾਂ ਹੱਦ ਹੋ ਗਈ ਹੈ। ਇਸ ਦਾ ਹੱਲ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੱਢਣਾ, ਇਹ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਹੀ ਕੱਢਣਾ ਪੈਣਾ ਹੈ। ਅਫਸੋਸ ਹੈ ਕਿ ਉਹ ਸ਼ਾਇਦ ਅਜੇ ਹੋਰ ਨਿਵਾਣਾ ਦੀ ਇੰਤਜ਼ਾਰ ਕਰ ਰਹੇ ਹਨ।