ਭਾਰਤੀ ਰੈਸਟੋਰੈਂਟ ਸਾਫ ਸਫਾਈ ਵਿੱਚ ਪੱਛੜੇ


ਆਕਲੈਂਡ, 17 ਜਨਵਰੀ (ਪੋਸਟ ਬਿਊਰੋ)- ਨਿਊਜ਼ੀਲੈਂਡ ‘ਚ ਖਾਣਾ ਖਾਣ ਵਾਲੇ ਸਥਾਨਾਂ ਨੂੰ ਉਨ੍ਹਾਂ ਦੀ ਸਫਾਈ ਤੇ ਮਿਆਰ ਦੇ ਆਧਾਰ ਉਤੇ ਏ, ਬੀ, ਡੀ ਅਤੇ ਈ ਗ੍ਰੇਡ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ‘ਚ ਗ੍ਰੇਡ ‘ਸੀ’ ਨਹੀਂ ਰੱਖਿਆ ਜਾਂਦਾ। ਏਥੇ ਸਰਕਾਰ ਦਾ ਮੰਨਣਾ ਹੈ ਕਿ ਖਾਣ ਵਾਲੇ ਸਥਾਨਾਂ ਦਾ ਮਿਆਰ ਜਾਂ ਮੱਧ ਤੋਂ ਉਪਰ ਹੁੰਦਾ ਹੈ ਜਾਂ ਮੱਧ ਤੋਂ ਹੇਠਾਂ।
ਆਕਲੈਂਡ ਕੌਂਸਲ ਨੇ ਇਨ੍ਹਾਂ ਸ਼੍ਰੇਣੀਆਂ ‘ਚ ਆਉਂਦੇ ਅਜਿਹੇ 25 ਖਾਣ ਵਾਲੇ ਥਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ‘ਚ ਕੁਝ ਭਾਰਤੀ ਰੈਸਤਰਾਂ ਦੇ ਨਾਂਅ ਵੀ ਹਨ। ਇਨ੍ਹਾਂ ਰੈਸਤਰਾਂ ‘ਚ ਮੱਖੀ, ਮੱਛਰ ਤੇ ਹੋਰ ਕੀੜਿਆਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਕਮਜ਼ੋਰ ਦੱਸੀ ਗਈ ਹੈ। ਸਫਾਈ ਦਾ ਪ੍ਰਬੰਧ ਠੀਕ ਨਹੀਂ ਸੀ, ਖਾਣਾ ਪਕਾਉਣ ਅਤੇ ਸਟੋਰੇਜ ਦਾ ਪ੍ਰਬੰਧ ਬਹੁਤ ਮਾੜਾ ਪਾਇਆ ਗਿਆ। ਇਨ੍ਹਾਂ ‘ਡੀ’ ਗ੍ਰੇਡ ਵਾਲੇ ਰੈਸਟੋਰੈਂਟਾਂ ਨੂੰ ਦੋ ਮਹੀਨੇ ਦਾ ਸਮਾਂ ਦੇ ਕੇ ਪ੍ਰਬੰਧ ਠੀਕ ਕਰਨ ਲਈ ਕਿਹਾ ਜਾਂਦਾ ਹੈ। ਪੰਜ ਰੈਸਟੋਰੈਂਟ ‘ਈ’ ਗ੍ਰੇਡ ਵਿੱਚ ਪਾਏ ਗਏ, ਜਿਨ੍ਹਾਂ ਦਾ ਮਤਲਬ ਹੈ ਕਿ ਉਹ ਬਿਲਕੁਲ ਬੰਦ ਹੋਣ ਦੇ ਕਿਨਾਰੇ ਹਨ। ਭਾਰਤੀ ਰੈਸਟੋਰੈਂਟਾਂ ‘ਚ ਬੀਕਾਨੇਰਵਾਲਾ ਐਕਸਪ੍ਰੈਸ, ਸਾਊਥ ਰੋਡ ਮੈਨੁਕਾਉ ਤੇ ਸ਼ਾਮਿਆਨਾ ਕੂਜ਼ੀਨ ਆਫ ਇੰਡੀਆ ਮੈਨੁਕਾਓ ਵੈਸਟ ਫੀਲਡ ਨੂੰ ਘਟੀਆ ਸਫਾਈ ਪ੍ਰਬੰਧਾਂ ਵਾਲੇ ਰੈਸਟੋਰੈਂਟਾਂ ਵਿੱਚ ਰੱਖਿਆ ਗਿਆ ਹੈ।
ਵਰਣਨ ਯੋਗ ਹੈ ਕਿ ਇਸ ਵੇਲੇ ਆਕਲੈਂਡ ਖੇਤਰ ਵਿੱਚ ਕੁੱਲ 8900 ਖਾਣ ਵਾਲੇ ਸਥਾਨ ਹਨ। ਸਾਫ ਸਫਾਈ ਦਾ ਖਿਆਲ ਨਾ ਰੱਖਣ ਕਾਰਨ ਭਵਿੱਖ ‘ਚ ਭਾਰਤੀ ਰੈਸਟੋਰੈਂਟ ਦੇ ਕਾਰੋਬਾਰ ‘ਤੇ ਅਸਰ ਪੈ ਸਕਦਾ ਹੈ।