ਭਾਰਤੀ ਮੂਲ ਦੇ ਪਰਵਾਰ ਦੇ ਪੰਜ ਜੀਆਂ ਦੀ ਪੈਟਰੌਲ ਬੰਬ ਹਮਲੇ ਵਿੱਚ ਮੌਤ


ਜੋਹਾਨਸਬਰਗ, 15 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਅਫਰੀਕਾ ਵਿੱਚ ਬੀਤੇ ਬੁੱਧਵਾਰ ਰਾਤ ਹਮਲਾਵਰਾਂ ਨੇ ਭਾਰਤੀ ਮੂਲ ਦੇ ਇੱਕ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਵਿੱਚ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ ਵੀ ਸ਼ਾਮਲ ਹਨ। ਪੁਲਸ ਮੁਤਾਬਕ ਹਮਲਾਵਰਾਂ ਨੇ ਪੀਟਰ ਮੈਰਿਟਸਬਰਗ ਦੇ ਲਾਰਚ ਰੋਡ ਦੇ ਭਾਰਤੀ ਮੂਲ ਦੇ ਅਜੀਜ ਮਾਂਜਰਾ ਦੇ ਘਰ ‘ਚ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀ। ਪੈਟਰੋਲ ਬੰਬ ਦੇ ਫਟਦੇ ਹੀ ਘਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਸਮੇਂ ਪਰਵਾਰ ਦੇ ਪੰਜ ਮੈਂਬਰਾਂ ਅਜੀਜ ਮਾਂਜਰਾ (45) ਉਨ੍ਹਾਂ ਦੀ ਪਤਨੀ ਗੌਰੀ ਬੀਬੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਮੁਹੰਮਦ ਰਿਜਵਾਨ (10), ਮੇਹਰੁਨਿਸਾ (14) ਅਤੇ ਜ਼ੁਬੀਨਾ (18) ਦੀ ਮੌਕੇ ‘ਤੇ ਮੌਤ ਹੋ ਗਈ।
ਅਜੀਜ 25 ਸਾਲ ਪਹਿਲਾਂ ਭਾਰਤ ਤੋਂ ਦੱਖਣੀ ਅਫਰੀਕਾ ਆਏ ਤੇ ਬਾਅਦ ‘ਚ ਇਥੇ ਵਸ ਗਏ। ਇਸ ਨਵੇਂ ਮਕਾਨ ਵਿੱਚ ਕਰੀਬ ਉਹ ਦੋ ਹਫਤੇ ਪਹਿਲਾਂ ਆਏ ਸਨ। ਉਨ੍ਹਾਂ ਦੀ ਗੁਆਂਢੀ ਮਹਿਲਾ ਨੇ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਪੁਲਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਕਰੀਬ ਦੋ ਵਜੇ ਉਸ ਨੇ ਆਪਣੇ ਮਕਾਨ ਦੀ ਛੱਤ ‘ਤੇ ਪੈਰਾਂ ਦੀ ਆਵਾਜ਼ ਸੁਣੀ, ਇਸ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਇਸ ਦੌਰਾਨ ਉਸ ਨੇ ਇੱਕ ਵਿਅਕਤੀ ਨੂੰ ਜ਼ੋਰ ਨਾਲ ਰੌਲਾ ਪਾਉਂਦੇ ਸੁਣਿਆ। ਇਸ ਦੇ ਨਾਲ ਹੀ ਗੁਆਂਢ ਦੇ ਮਕਾਨ ‘ਚੋਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮਹਿਲਾ ਨੇ ਦੱਸਿਆ ਕਿ ਮੈਂ ਕਾਫੀ ਡਰ ਗਈ ਸੀ। ਅਸੀਂ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਮਕਾਨ ‘ਚ ਲੱਗੀ ਅੱਗ ਨੂੰ ਬੁਝਾਇਆ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਕੇਸ ਦਰਜ ਕਰ ਕੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਤੋਂ ਜ਼ਿਆਦਾ ਹਾਲੇ ਅਸੀਂ ਕੁਝ ਨਹੀਂ ਕਹਿ ਸਕਦੇ।