ਭਾਰਤੀ ਮੂਲ ਦੇ ਪਰਵਾਰ ਦੀ ਧੀ ਨੂੰ ਅਮਰੀਕਾ ਦਾ ਸਰਵੁੱਚ ਸਾਇੰਸ ਐਵਾਰਡ

indrani das
ਵਾਸ਼ਿੰਗਟਨ, 17 ਮਾਰਚ (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਮਰੀਕੀ ਲੜਕੀ ਇੰਦਰਾਣੀ ਦਾਸ ਨੇ ਅਮਰੀਕਾ ਦਾ ਸਰਬ ਉਚ ਵਿਗਿਆਨ ਪੁਰਸਕਾਰ ਜਿੱਤਿਆ ਹੈ। ਇੰਦਰਾਣੀ ਨੂੰ ਦਿਮਾਗੀ ਸੱਟ ਅਤੇ ਬਿਮਾਰੀ ਦੇ ਇਲਾਜ ਨਾਲ ਜੁੜੀ ਖੋਜ ਲਈ ਰੀਜੇਨੇਰਨ ਸਾਇੰਸ ਟੇਲੈਂਟ ਸਰਚ ਵਿੱਚ 2.50 ਲੱਖ ਡਾਲਰ ਦਾ ਪਹਿਲਾ ਐਵਾਰਡ ਮਿਲਿਆ ਹੈ।
ਇਸ ਮੁਕਾਬਲੇ ‘ਚ ਭਾਰਤੀ ਮੂਲ ਦੇ ਅਰਜੁਨ ਰਮਾਨੀ ਅਤੇ ਅਰਚਨਾ ਵਰਮਾ ਨੂੰ ਕ੍ਰਮਵਾਰ ਤੀਜਾ ਅਤੇ ਪੰਜਵਾਂ ਸਥਾਨ ਮਿਲਿਆ ਹੈ। ਅਰਜੁਨ ਨੂੰ ਬਤੌਰ ਪੁਰਸਕਾਰ 1.50 ਲੱਖ ਡਾਲਰ ਦਿੱਤੇ ਗਏ। ਅਰਚਨਾ ਨੂੰ ਬਤੌਰ ਪੁਰਸਕਾਰ 90 ਹਜ਼ਾਰ ਡਾਲਰ ਦੀ ਰਕਮ ਦਿੱਤੀ ਗਈ। ਭਾਰਤੀ ਮੂਲ ਦੇ ਪ੍ਰਤੀਕ ਨਾਇਡੂ ਅਤੇ ਵ੍ਰਿੰਦਾ ਮਦਨ ਨੂੰ ਕ੍ਰਮਵਾਰ ਸੱਤਵਾਂ ਤੇ ਨੌਵਾਂ ਸਥਾਨ ਮਿਲਿਆ। ਇਨ੍ਹਾਂ ਦੇ ਇਲਾਵਾ ਫਾਈਨਲ ਸੂਚੀ Ḕਚ ਥਾਂ ਬਣਾਉਣ ਵਾਲੇ 40 ਬੱਚਿਆਂ ‘ਚ ਅੱਠ ਭਾਰਤੀ ਮੂਲ ਦੇ ਬੱਚੇ ਸ਼ਾਮਲ ਰਹੇ। ਮੁਕਾਬਲੇ ‘ਚ 1700 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਸੀ।
ਇਹ ਪੁਰਸਕਾਰ ਅਮਰੀਕਾ ਦਾ ਸਭ ਤੋਂ ਪੁਰਾਣਾ ਸਾਇੰਸ ਐਵਾਰਡ ਹੈ। ਜੂਨੀਅਰ ਨੋਬਲ ਕਿਹਾ ਜਾਣ ਵਾਲਾ ਇਹ ਐਵਾਰਡ ਸੁਸਾਇਟੀ ਫਾਰ ਸਾਇੰਸ ਐਂਡ ਪਬਲਿਕ (ਐਸ ਐਸ ਪੀ) ਵੱਲੋਂ ਦਿੱਤਾ ਜਾਂਦਾ ਹੈ। ਇਸ ਦੀ ਸ਼ੁਰੂਆਤ 1942 ਵਿੱਚ ਹੋਈ ਸੀ। ਉਸ ਸਮੇਂ ਇਸ ਦੀ ਸਪਾਂਸਰ ਵੇਸਟਿੰਗ ਹਾਊਸ ਕੰਪਨੀ ਸੀ। ਸਾਲ 1998 ਤੋਂ 2016 ਤੱਕ ਮਿਆਰੀ ਕੰਪਨੀ ਇੰਟੈਲ ਇਸ ਦੀ ਸਪਾਂਸਰ ਰਹੀ ਸੀ। ਇਸ ਸਾਲ ਮੈਡੀਕਲ ਕੰਪਨੀ ਰੀਜੇਨੇਰਨ ਇਸ ਦੀ ਸਪਾਂਸਰ ਰਹੀ ਸੀ। ਹੁਣ ਤੱਕ ਇਹ ਪੁਰਸਕਾਰ ਹਾਸਲ ਕਰਨ ਵਾਲੇ 12 ਬੱਚੇ ਅੱਗੇ ਚੱਲ ਕੇ ਨੋਬਲ ਪੁਰਸਕਾਰ ਜਿੱਤ ਚੁੱਕੇ ਹਨ।