ਭਾਰਤੀ ਬਾਲਗਾਂ ਵੱਲੋਂ ਵਿਦੇਸ਼ ਜਾਣ ਦੀ ਤਿਆਰੀ ਸਿਖਰਾਂ ਉੱਤੇ

indian students fly to foreign
ਯੂ ਐੱਨ ਓ, 15 ਜੁਲਾਈ (ਪੋਸਟ ਬਿਊਰੋ)- ਵਿਦੇਸ਼ ਉਡਾਰੀ ਦੀ ਯੋਜਨਾ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉੱਤੇ ਹੈ, ਅਮਰੀਕਾ ਅਤੇ ਯੂ ਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਵਿਕਾਸ ਸਥਾਨ ਹਨ। ਇਹ ਖੁਲਾਸਾ ਯੂ ਐੱਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ ਓ ਐੱਮ) ਨੇ ਆਪਣੀ ਇੱਕ ਰਿਪੋਰਟ ‘ਮਯਰਿੰਗ ਗਲੋਬਲ ਮਾਈਗ੍ਰੇਸ਼ਨ ਪੋਟੈਂਸ਼ਲ 2010-15’ ਵਿੱਚ ਸਾਲ 2010 ਤੋਂ 2015 ਦੌਰਾਨ ਸੰਸਾਰ ਪੱਧਰ ਉੱਤੇ ਲੋਕਾਂ ਦੇ ਪਰਵਾਸ ਬਾਰੇ ਇਰਾਦਿਆਂ ਦਾ ਅਧਿਐਨ ਕੀਤਾ ਹੈ। ਇਸ ਰਿਪੋਰਟ ਮੁਤਾਬਕ ਕੌਮਾਂਤਰੀ ਪੱਧਰ ਉੱਤੇ 1.3 ਫੀਸਦੀ ਬਾਲਗ ਜਾਂ 66 ਕਰੋੜ ਲੋਕਾਂ ਨੇ ਕਿਹਾ ਕਿ ਉਹ ਅਗਲੇ 12 ਮਹੀਨਿਆਂ ਵਿੱਚ ਪੱਕੇ ਪਰਵਾਸ ਕਰਨ ਦੀ ਯੋਜਨਾ ਬਣਾ ਰਹੇ ਹਨ। ਪਰਵਾਸ ਦਾ ਇਰਾਦਾ ਰੱਖਣ ਵਾਲਿਆਂ ਲਈ ਸਭ ਤੋਂ ਪਸੰਦੀ ਜਗ੍ਹਾ ਅਮਰੀਕਾ ਹੈ। ਇਸ ਪਿੱਛੋਂ ਇੰਗਲੈਂਡ, ਸਾਊਦੀ ਅਰਬ, ਫਰਾਂਸ, ਕੈਨੇਡਾ, ਜਰਮਨੀ ਤੇ ਦੱਖਣੀ ਅਫਰੀਕਾ ਦਾ ਨੰਬਰ ਹੈ। ਪਰਵਾਸ ਦੀ ਯੋਜਨਾ ਵਾਲਿਆਂ ਵਿੱਚੋਂ ਤਕਰੀਬਨ ਅੱਧੇ ਲੋਕ ਮਹਿਜ਼ 20 ਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚੋਂ ਪਹਿਲਾਂ ਨੰਬਰ ਨਾਈਜੀਰੀਆ ਦਾ ਹੈ। ਫਿਰ ਭਾਰਤ, ਕਾਂਗੋ, ਸੂਡਾਨ, ਬੰਗਲਾ ਦੇਸ਼ ਤੇ ਚੀਨ ਆਉਂਦਾ ਹੈ। ਭਾਰਤ ਦੇ 48 ਲੱਖ ਬਾਲਗ ਪਰਵਾਸ ਦੀ ਯੋਜਨਾ ਤੇ ਤਿਆਰੀ ਕਰ ਰਹੇ ਹਨ। 35 ਲੱਖ ਲੋਕ ਯੋਜਨਾ ਬਣਾ ਰਹੇ ਹਨ ਤੇ 13 ਲੱਖ ਤਿਆਰੀ ਕਰ ਰਹੇ ਹਨ। ਨਾਈਜੀਰੀਆ ਵਿੱਚ 51 ਲੱਖ ਲੋਕ ਪਰਵਾਸ ਦੀ ਤਿਆਰੀ ਵਿੱਚ ਹਨ। ਕਾਂਗੋ ਵਿੱਚ ਇਹ ਗਿਣਤੀ 41 ਲੱਖ ਅਤੇ ਚੀਨ ਤੇ ਬੰਗਲਾ ਦੇਸ਼ ਵਿੱਚ 27-27 ਲੱਖ ਹੈ। ਆਈ ਓ ਐੱਮ ਦੇ ਗਲੋਬਲ ਮਾਈਗ੍ਰੇਸ਼ਨ ਡੇਟਾ ਸੈਂਟਰ ਦੇ ਅੰਕੜਿਆਂ ਮੁਤਾਬਕ 2.30 ਕਰੋੜ ਲੋਕ ਪਰਵਾਸ ਲਈ ਸਰਗਰਮੀ ਨਾਲ ਤਿਆਰੀ ਕਰ ਰਹੇ ਹਨ।