ਭਾਰਤੀ ਫੌਜ ਨੇ ਸਾਲ 2017 ਵਿੱਚ ਜਵਾਬੀ ਕਾਰਵਾਈ ‘ਚ 138 ਪਾਕਿ ਫੌਜੀ ਮਾਰੇ


ਨਵੀਂ ਦਿੱਲੀ, 11 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਫੌਜ ਨੇ ਪਿਛਲੇ ਸਾਲ ਸਰਹੱਦ ‘ਤੇ ਜਵਾਬੀ ਗੋਲੀਬਾਰੀ ਅਤੇ ਸਰਜੀਕਲ ਹਮਲਿਆਂ ਦੀਆਂ ਕਾਰਵਾਈਆਂ ਵਿੱਚ ਪਾਕਿਸਤਾਨੀ ਫੌਝ ਦੇ 138 ਜਵਾਨਾਂ ਨੂੰ ਮਾਰ ਦਿੱਤਾ। ਕੇਂਦਰ ਸਰਕਾਰ ਨਾਲ ਜੁੜੀਆਂ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸੂਤਰਾਂ ਮੁਤਾਬਕ ਇਸੇ ਸਮੇਂ ਦੌਰਾਨ ਭਾਰਤੀ ਫੌਜ ਦੇ 28 ਜਵਾਨ ਵੀ ਮਾਰੇ ਗਏ ਸਨ।
ਜਾਣਕਾਰ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਆਮ ਤੌਰ ਉੱਤੇ ਆਪਣੇ ਜਵਾਨਾਂ ਦੀ ਮੌਤ ਨੂੰ ਮੰਨਦੀ ਨਹੀਂ ਤੇ ਕੁਝ ਕੇਸਾਂ ਵਿੱਚ ਉਨ੍ਹਾਂ ਨੂੰ ਸਿਵਲੀਅਨ ਨਾਗਰਿਕਾਂ ਦੀ ਮੌਤ ਦੱਸਦੀ ਹੈ। ਸਰਹੱਦ ‘ਤੇ ਲਗਾਤਾਰ ਭੜਕਾਉਣ ਦੀ ਕਾਰਵਾਈ ਕਰਦੇ ਰਹਿਣ ਵਾਲੇ ਪਾਕਿਸਤਾਨ ਦੇ ਖਿਲਾਫ ਇਸ ਨੂੰ ਇਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪਿਛਲੇ ਇਕ ਸਾਲ ‘ਚ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਤੇ ਜੰਮੂ ਕਸ਼ਮੀਰ ‘ਚ ਅੱਤਵਾਦੀ ਸਰਗਰਮੀਆਂ ਨਾਲ ਸਖਤੀ ਨਾਲ ਨਜਿੱਠਣ ਦੀ ਨੀਤੀ ਅਪਣਾਈ ਹੋਈ ਹੈ। ਸਰਹੱਦ ਪਾਰੋਂ ਗੋਲੀਬਾਰੀ ਤੇ ਦੂਜੀਆਂ ਘਟਨਾਵਾਂ ‘ਚ ਕੁੱਲ 70 ਭਾਰਤੀ ਫੌਜੀ ਜ਼ਖਮੀ ਹੋਏ। ਪਾਕਿਸਤਾਨ ਵਾਲੇ ਪਾਸੇ ਹੋਏ ਨੁਕਸਾਨ ਬਾਰੇ ਪੁੱਛੇ ਜਾਣ ‘ਤੇ ਫੌਜ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਂਜ ਫੌਜ ਦੇ ਬੁਲਾਰੇ ਕਰਨਲ ਅਮਨ ਅਨੰਦ ਨੇ ਕਿਹਾ ਕਿ ਭਾਰਤ ਜੰਗਬੰਦੀ ਦੀ ਉਲੰਘਣਾ ਦੀਆਂ ਕਾਰਵਾਈਆਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬ ਦੇ ਰਿਹਾ ਹੈ ਅਤੇ ਦਿੰਦਾ ਰਹੇਗਾ। ਸਰਕਾਰੀ ਅੰਕੜਿਆਂ ਅਨੁਸਾਰ ਪਾਕਿਸਤਾਨੀ ਫੌਜ ਨੇ 2017 ਵਿੱਚ 860 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਦ ਕਿ ਇਸ ਤੋਂ ਪਿਛਲੇ ਸਾਲ ਉਸ ਨੇ 221 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਨੇ ਆਪਣੇ ਜਵਾਨਾਂ ਦੇ ਮਾਰੇ ਜਾਣ ਨੂੰ ਸਵੀਕਾਰ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਨੇ ਕਾਰਗਿਲ ਦੇ ਯੁੱਧ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਪਾਕਿਸਤਾਨ ਨੇ ਭਾਰਤ ਵੱਲੋਂ ਸਬੂਤ ਦੇਣ ਦੇ ਬਾਵਜੂਦ ਆਪਣੇ ਜਵਾਨਾਂ ਦਾ ਜਾਨੀ ਨੁਕਸਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਸੂਤਰਾਂ ਨੇ 25 ਦਸੰਬਰ ਦੀ ਘਟਨਾ ਦਾ ਜ਼ਿਕਰ ਕੀਤਾ, ਜਦੋਂ ਪੰਜ ਫੌਜੀ ਕਮਾਂਡੋਜ਼ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਪਾਰ ਕੀਤੀ ਤੇ ਤਿੰਨ ਪਾਕਿਸਤਾਨੀ ਫੌਜੀ ਮਾਰ ਦਿੱਤੇ। ਪਾਕਿਸਤਾਨ ਨੇ ਪਹਿਲਾਂ ਟਵੀਟ ਕਰਕੇ ਇਨ੍ਹਾਂ ਮੌਤਾਂ ਨੂੰ ਮੰਨ ਲਿਆ, ਪਰ ਬਾਅਦ ‘ਚ ਪੋਸਟ ਨੂੰ ਹਟਾ ਦਿੱਤਾ। ਦੋ ਦਿਨ ਬਾਅਦ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਕਿ ਭਾਰਤੀ ਕਮਾਂਡੋਜ਼ ਨੇ ਕੰਟਰੋਲ ਰੇਖਾ ਪਾਰ ਕਰਕੇ ਇਕ ਚੌਕੀ ਢਾਹੀ ਅਤੇ ਉਸ ਦੇ ਤਿੰਨ ਫੌਜੀ ਮਾਰ ਦਿੱਤੇ।