ਭਾਰਤੀ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਰਾਜੀਵ ਕੁਮਾਰ ਬਣੇ

rajiv kumar
ਨਵੀਂ ਦਿੱਲੀ, 6 ਅਗਸਤ (ਪੋਸਟ ਬਿਊਰੋ)- ਲਖਨਊ ਯੂਨੀਵਰਸਿਟੀ ਤੋਂ ਪੀ ਐੱਚ ਡੀ ਕਰ ਚੁੱਕੇ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਡੀ-ਫਿਲ ਕਰਨ ਵਾਲੇ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਡਾਕਟਰ ਰਾਜੀਵ ਕੁਮਾਰ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਹੋਣਗੇ। ਉਹ ਹੁਣ ਤੱਕ ਆਰਥਿਕ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ (ਸੀ ਪੀ ਆਰ) ਵਿੱਚ ਸੀਨੀਅਰ ਫੈਲੋ ਹਨ। ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਕੰਮ ਕਰ ਚੁੱਕੇ ਰਾਜੀਵ ਕੁਮਾਰ ਹੁਣ ਅਰਵਿੰਦ ਪਾਨਗੜ੍ਹੀਆ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਨੀਤੀ ਆਯੋਗ ਦੇ ਮੀਤ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਦੁਬਾਰਾ ਅਧਿਆਪਨ ਕਾਰਜ ਲਈ ਅਮਰੀਕਾ ਜਾਣ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਸਰਕਾਰ ਨੇ ਕੁਮਾਰ ਨੂੰ ਮੀਤ ਪ੍ਰਧਾਨ ਅਹੁਦੇ ‘ਤੇ ਨਿਯੁਕਤ ਕਰਨ ਦੇ ਨਾਲ-ਨਾਲ ਏਮਜ਼ ਦੇ ਬਾਲ ਰੋਗ ਮਾਹਰ ਡਾਕਟਰ ਵੀ ਕੇ ਪਾਲ ਨੂੰ ਨੀਤੀ ਆਯੋਗ ਦਾ ਨਵਾਂ ਮੈਂਬਰ ਨਿਯੁਕਤ ਕੀਤਾ ਹੈ।
ਬਰੇਲੀ ਵਿੱਚ ਪੈਦਾ ਹੋਏ ਡਾਕਟਰ ਰਾਜੀਵ ਕੁਮਾਰ ਦੀ ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਵੱਕਾਰੀ ਮਾਡਰਨ ਸਕੂਲ, ਬਾਰਾਖੰਭਾ ਤੋਂ ਹੋਈ। ਇਸ ਤੋਂ ਬਾਅਦ ਉਨ੍ਹਾਂ ਲਖਨਊ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿਸ਼ੇ ‘ਚ ਐੱਮ ਏ ਅਤੇ ਪੀ ਐੱਚ ਡੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਕਸਫੋਰਡ ਯੂਨੀਵਰਸਿਟੀ ਤੋਂ ਡੀ-ਫਿੱਲ ਕੀਤੀ। ਡਾਕਟਰ ਕੁਮਾਰ ਨੇ ਕਿਹਾ ਕਿ ਲਖਨਊ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਓ ਰਿਹਾ ਹੈ। ਡਾਕਟਰ ਕੁਮਾਰ ਉਦਯੋਗ ਸੰਗਠਨ ਫਿੱਕੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਾਊਦੀ ਅਰਬ ਦੇ ਰਿਆਧ ਸ਼ਹਿਰ ਵਿੱਚ ਸਥਿਤ ਕਿੰਗ ਅਬਦੁੱਲਾ ਪੈਟਰੋਲੀਅਮ ਸਟੱਡੀਜ਼ ਐਂਡ ਰਿਸਰਚ ਸੈਂਟਰ ‘ਚ ਵੀ ਕੰਮ ਕੀਤਾ ਹੈ।