ਭਾਰਤੀ ਨਾਰੀ: ਰਿਸ਼ਤਿਆਂ ਦੀ ਅਟੁੱਟ ਡੋਰ

indian tridutional women
-ਅਨਿਲ ਗੁਪਤਾ
ਭਾਰਤੀ ਸਮਾਜ ‘ਚ ਪਤੀ-ਪਤਨੀ ਦੇ ਸਮਰਪਣ, ਵਿਸ਼ਵਾਸ ਤੇ ਉਮਰ ਭਰ ਸਾਥ ਨਿਭਾਉਣ ਦੀ ਮਾਣ-ਮੱਤੀ ਰਵਾਇਤ ਰਹੀ ਹੈ। ਸਵਿੱਤਰੀ ਸੱਤਿਆਵਾਨ ਵਰਗੀਆਂ ਕਥਾਵਾਂ ਸਦੀਆਂ ਤੋਂ ਭਾਰਤੀ ਰਿਸ਼ਤਿਆਂ ਦੀ ਮਹਿਮਾ ਉਜਾਗਰ ਕਰਦੀਆਂ ਰਹੀਆਂ ਹਨ। ਏਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਸਵਿੱਤਰੀ ਆਪਣੀ ਵਿਦਵਤਾ ਤੇ ਲਗਨ ਸਦਕਾ ਯਮਰਾਜ ਤੋਂ ਆਪਣੇ ਪਤੀ ਦੇ ਪ੍ਰਾਣ ਲੈ ਕੇ ਮੁੜੀ ਸੀ। ਅਜਿਹੇ ਪਤਾ ਨਹੀਂ ਹੋਰ ਕਿੰਨੇ ਕਿੱਸੇ ਔਰਤਾਂ ਦੇ ਤਿਆਗ ਨਾਲ ਜੁੜੇ ਹੋਏ ਹਨ। ਆਨੇ ਬਹਾਨੇ ਅਜਿਹੇ ਕਿੱਸੇ ਸਾਡੇ ਸਮਾਜ ‘ਚ ਰਿਸ਼ਤਿਆਂ ਦੀਆਂ ਡੂੰਘੀਆਂ ਜੜ੍ਹਾਂ ਨੂੰ ਉਜਾਗਰ ਕਰ ਜਾਂਦੇ ਹਨ, ਜਿਸ ਨਾਲ ਰਿਸ਼ਤਿਆਂ ਦਾ ਭਰੋਸਾ ਹੋਰ ਮਜ਼ਦੂਤ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਮੀਡੀਆ ਵਿੱਚ ਰਿਸ਼ਤਿਆਂ ਦੇ ਨਾਂਹ ਪੱਖੀ ਪਹਿਲੂ ਦਾ ਜੋ ਰੌਲਾ ਹੈ, ਉਸ ਨਾਲ ਅਜਿਹੀਆਂ ਪ੍ਰੇਰਕ ਘਟਨਾਵਾਂ ਦੱਬ ਹੋ ਕੇ ਰਹਿ ਜਾਂਦੀਆਂ ਹਨ।
ਅਜੋਕੇ ਫਾਸਟ ਫੂਡ ਵਰਗੇ ਰਿਸ਼ਤਿਆਂ ਦੇ ਇਸ ਦੌਰ ‘ਚ ਜਦੋਂ ਰਿਸ਼ਤੇ ਬਣਨ ਅਤੇ ਵਿਗੜਨ ਵਿੱਚ ਦੇਰ ਨਹੀਂ ਲੱਗਦੀ, ਭੋਪਾਲ ਦੀ ਇੱਕ ਘਟਨਾ ਭਾਰਤੀ ਸਭਿਆਚਾਰ ਦੀ ਅਨੋਖੀ ਮਿਸਾਲ ਨੂੰ ਸਜੀਵ ਕਰਦੀ ਹੈ। ਇਸ ਵਿੱਚ ਪਤਨੀ ‘ਤੇ ਅਤਿਆਚਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਪਤੀ ਨੂੰ ਉਹੀ ਪਤਨੀ ਸੁਪਰੀਮ ਕੋਰਟ ਤੋਂ ਛੁਡਾ ਲਿਆਈ ਹੈ। ਬਾਅਦ ਵਿੱਚ ਮਿਲੀ ਮੈਡੀਕਲ ਰਿਪੋਰਟ ਵਿੱਚ ਦੱਸਿਆ ਗਿਆ ਕਿ ਉਸ ਦਾ ਪਤੀ ਕਿਸੇ ਗੰਭੀਰ ਮਾਨਸਿਕ ਰੋਗ ਤੋਂ ਪੀੜਤ ਹੈ, ਜਿਸ ਕਾਰਨ ਉਹ ਅਜਿਹਾ ਅਸਾਧਾਰਨ ਵਰਤਾਓ ਕਰ ਰਿਹਾ ਸੀ।
ਭੋਪਾਲ ਦੇ ਲਵਿਤ ਰਾਵਤਾਨੀ ਵਿਰੁੱਧ ਉਸ ਦੀ ਪਤਨੀ ਪੁਸ਼ਪਾ ਨੇ ਹਾਈ ਕੋਰਟ ਵਿੱਚ ਅਤਿਆਚਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਤੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ‘ਤੇ ਗਲਤ ਦੋਸ਼ ਲਾ ਕੇ ਉਸ ਨੂੰ ਲਗਾਤਾਰ ਤੰਗ ਕਰਦਾ ਹੈ। ਜਬਲਪੁਰ ਹਾਈ ਕੋਰਟ ਨੇ ਇਸ ਦੋਸ਼ ਹੇਠ ਲਵਿਤ ਰਵਾਤਾਨੀ ਨੂੰ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ। ਇੱਕ ਦਿਨ ਅਚਾਨਕ ਪੁਸ਼ਪਾ ਨੂੰ ਆਪਣੇ ਪਤੀ ਦੀ ਮੈਡੀਕਲ ਰਿਪੋਰਟ ਮਿਲੀ, ਜਿਸ ਵਿੱਚ ਇਸ ਵੀ ਜ਼ਿਕਰ ਕੀਤਾ ਗਿਆ ਸੀ ਕਿ ਲਵਿਤ ਨੂੰ ਕੋਈ ਦਿਮਾਗੀ ਬਿਮਾਰੀ ਹੈ, ਜਿਸ ਕਾਰਨ ਉਹ ਅਸਾਧਾਰਨ ਵਰਤਾਓ ਕਰਦਾ ਹੈ। ਅਸਲ ‘ਚ ਉਸ ਨੂੰ ‘ਸ਼ਿਜ਼ੋਫ੍ਰੇਨੀਆ’ ਦੀ ਗੰਭੀਰ ਬਿਮਾਰੀ ਸੀ। ਇਸ ਤੋਂ ਬਾਅਦ ਪੁਸ਼ਪਾ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਆਪਣੇ ਪਤੀ ਦੀ ਗ੍ਰਿਫਤਾਰੀ ਬਾਰੇ ਬੇਚੈਨ ਹੋ ਗਈ। ਉਹ ਉਸ ਨੂੰ ਰਿਹਾਅ ਕਰਾਉਣ ਲਈ ਸੁਪਰੀਮ ਕੋਰਟ ਜਾ ਪਹੁੰਚੀ ਤੇ ਦੱਸਿਆ ਕਿ ਆਪਣੇ ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਤਾ ਲੱਗਾ ਹੈ ਕਿ ਉਸ ਦੇ ਪਤੀ ਨੂੰ ‘ਸ਼ਿਜ਼ੋਫ੍ਰੇਨੀਆ’ ਦੀ ਬਿਮਾਰੀ ਹੈ, ਇਸ ‘ਤੇ ਸੁਪਰੀਮ ਕੋਰਟ ਨੇ ਭੋਪਾਲ ਦੇ ਇੱਕ ਵੱਡੇ ਹਸਪਤਾਲ ਦੇ ਡਾਇਰੈਕਟਰ ਨੂੰ ਹੁਕਮ ਦਿੱਤਾ ਕਿ ਡਾਕਟਰਾਂ ਦਾ ਬੋਰਡ ਬਣਾ ਕੇ ਲਵਿਤ ਰਾਵਤਾਨੀ ਦੀ ਮਾਨਸਿਕ ਸਥਿਤੀ ਜਾਂਚੀ ਜਾਵੇ। ਬੋਰਡ ਨੇ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਉਸ ਨੂੰ ਮਾਨਸਿਕ ਬਿਮਾਰੀ ਹੈ।
ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਜੇ ਐਸ ਖਹਿਰ ਅਤੇ ਜਸਟਿਸ ਡੀ ਵਾਈ ਚੰਦਰਚੂੜ ਦੇ ਬੈਂਚ ਨੇ ਲਵਿਤ ਦੀ ਸਜ਼ਾ ਨੂੰ ਰੱਦ ਕਰਨ ਦੇ ਹੁਕਮ ਦੇ ਦਿੱਤੇ। ਇੰਨਾ ਹੀ ਨਹੀਂ, ਅਦਾਲਤ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਹਦਾਇਤ ਦਿੱਤੀ ਕਿ ਪੀੜਤ ਦੀ ਮਾਨਸਿਕ ਬਿਮਾਰੀ ਦਾ ਇਲਾਜ ਯਕੀਨੀ ਬਣਾਇਆ ਜਾਵੇ।
ਉਂਜ ਤਾਂ ਇਸ ਘਟਨਾ ਦੇ ਕਈ ਪਹਿਲੂ ਹਨ, ਜਿਵੇਂ ਸੁਪਰੀਮ ਕੋਰਟ ਦਾ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਲਵਿਤ ਨੂੰ ਰਿਹਾਅ ਕਰਨਾ, ਮੱਧ ਪ੍ਰਦੇਸ਼ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਪੀੜਤ ਦਾ ਇਲਾਜ ਕਰਨ ਲਈ ਕਹਿਣਾ, ਪਰ ਘਟਨਾ ਦਾ ਸਭ ਤੋਂ ਅਹਿਮ ਸਿੱਟਾ ਹੈ ਭਾਰਤੀ ਨਾਰੀ ਦੀ ਉਦਾਰ ਭਾਵਨਾ। ਜਿਹੜਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਜਿਸ ਨੂੰ ਪਤਨੀ ਨੇ ਜੇਲ੍ਹ ਭਿਜਵਾਇਆ, ਪਰ ਜਦੋਂ ਉਸ ਨੂੰ ਸੱਚਾਈ ਦਾ ਅਹਿਸਾਸ ਹੋਇਆ ਤਾਂ ਉਹ ਆਪਣੇ ਪਤੀ ਦੀ ਰਿਹਾਈ ਲਈ ਬੇਚੈਨ ਹੋ ਗਈ। ਪੁਸ਼ਪਾ ਦਾ ਸੁਪਰੀਮ ਕੋਰਟ ਪਹੁੰਚਣਾ ਤੇ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਉਸ ਦੇ ਮੋਹ ਅਤੇ ਜਾਗਰੂਕਤਾ ਦਾ ਹੀ ਪ੍ਰਤੀਕ ਹੈ। ਇਹ ਘਟਨਾ ਭਾਰਤੀ ਪਤੀ-ਪਤਨੀ ਦੇ ਸੱਚੇ ਪ੍ਰੇਮ ਦੀਆਂ ਉਚਾਈਆਂ ਦਾ ਚਿਤਰਣ ਕਰਦੀ ਹੈ।
ਅੱਜ ਜਦੋਂ ਆਏ ਦਿਨ ਦਾਜ ਦੇ ਝੂਠੇ ਮੁਕੱਦਮਿਆਂ ‘ਚ ਨੂੰਹਾਂ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਤੇ ਪਰਵਾਰਕ ਮੈਂਬਰਾਂ ‘ਤੇ ਦੋਸ਼ ਲਾਉਣ ਦੇ ਕੇਸ ਸਾਹਮਣੇ ਆਉਂਦੇ ਹਨ, ਇਹ ਘਟਨਾ ਇੱਕ ਸਕੂਨ ਦੇਣ ਵਾਲੇ ਹਵਾ ਦੇ ਬੁੱਲ੍ਹੇ ਵਾਂਗ ਹੈ, ਜੋ ਦੱਸਦੀ ਹੈ ਕਿ ਸੰਸਾਰੀਕਰਨ ਅਤੇ ਉਦਾਰੀਕਰਨ ਦੇ ਦੌਰ ਤੋਂ ਬਾਅਦ ਆਈ ਪੱਛਮੀ ਸਭਿਅਤਾ ਦੀ ਹਨੇਰੀ ਦੇ ਬਾਵਜੂਦ ਭਾਰਤੀ ਰਿਸ਼ਤਿਆਂ ਦਾ ਵੱਕਾਰ ਅਜੇ ਤੱਕ ਕਾਇਮ ਹੈ। ਭਾਰਤੀ ਸਮਾਜ ਵਿੱਚ ਪਤੀ-ਪਤਨੀ ਦੇ ਭਰੋਸੇ ਵਾਲੇ ਸੰਬੰਧਾਂ ਲਈ ਤਿਆਗ ਬਲੀਦਾਨ ਦੇ ਬਹੁਤ ਸਾਰੇ ਕਿੱਸੇ ਸੁਣਨ ਨੂੰ ਮਿਲਦੇ ਹਨ, ਪਰ ਬਦਲੇ ਹਾਲਾਤ ਅਤੇ ਸੰਦਰਭਾਂ ਵਿੱਚ ਇਹ ਘਟਨਾ ਰਿਸ਼ਤਿਆਂ ਪ੍ਰਤੀ ਨਵਾਂ ਭਰੋਸਾ ਜਗਾਉਂਦੀ ਹੈ।
ਭਾਰਤੀ ਜੀਵਨ ਦਰਸ਼ਨ ਪਤੀ-ਪਤਨੀ ਦੇ ਰਿਸ਼ਤਿਆਂ ਨੂੰ ਨਵੀਂ ਉਚਾਈ ਦਿੰਦਾ ਹੈ। ਇਹ ਸਿਰਫ ਦੇਹ ਸੁੱਖ ਤੇ ਲੋੜਾਂ ਪੂਰੀਆਂ ਕਰਨ ਤੱਕ ਹੀ ਸੀਮਿਤ ਨਹੀਂ ਹੈ। ਭੋਪਾਲ ਦੀ ਘਟਨਾ ਇਸੇ ਕੜੀ ‘ਚ ਇੱਕ ਨਵਾਂ ਅਧਿਆਏ ਹੈ।