ਭਾਰਤੀ ਖਿਡਾਰੀ ਅਮਰੀਕਾ ਵਿੱਚ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ

tanvir hussain
ਵਾਸ਼ਿੰਗਟਨ, 4 ਅਗਸਤ (ਪੋਸਟ ਬਿਊਰੋ)- ਭਾਰਤ ਦੇ ਇੱਕ 24 ਸਾਲ ਦੇ ਖਿਡਾਰੀ ਨੂੰ ਅਮਰੀਕਾ ਵਿੱਚ ਇੱਕ ਨਾਬਾਲਗ ਕੁੜੀ ਦੇ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਇਹ ਖਿਡਾਰੀ ਇੱਕ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਕਸ਼ਮੀਰ ਤੋਂ ਇਥੇ ਆਇਆ ਸੀ।
ਤਨਵੀਰ ਹੁਸੈਨ ਨਾਮੀ ਉਕਤ ਖਿਡਾਰੀ ਨੂੰ ਪਿਛਲੇ ਹਫਤੇ ਐਸੈਕਸ ਦੀ ਇੱਕ ਕਾਊਂਟੀ ਅਦਾਲਤ ਨੇ 12 ਸਾਲ ਦੀ ਇੱਕ ਕੁੜੀ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਮੰਨਿਆ। ਅਦਾਲਤ ਨੇ ਉਸ ਨੂੰ ਸੈਕਸ ਸ਼ੋਸ਼ਣ ਅਤੇ ਬਾਲ ਕਲਿਆਣ ਨੂੰ ਖਤਰਾ ਪਹੁੰਚਾਉਣ ਦੇ ਦੋਸ਼ਾਂ ਦਾ ਵੀ ਦੋਸ਼ੀ ਮੰਨਿਆ ਹੈ। ਉਸ ਨੂੰ ਇਸ ਸਾਲ ਮਾਰਚ ਵਿੱਚ ਇਸ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਸਥਾਨਕ ਡਿਵੇਮਾਊਂਟੇਨ ਰੀਕ੍ਰਿਏਸ਼ਨ ਸੈਂਟਰ ਵਿਖੇ ਵਰਲਡ ਸਨੋਸ਼ੂ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਉਹ ਆਇਆ ਸੀ। ਨਾਬਾਲਗ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਇਸ ਸਾਲ ਫਰਵਰੀ ਮਹੀਨੇ ਵਿੱਚ ਹੁਸੈਨ ਨੇ ਉਸ ਨੰ ਦੋ ਵਾਰ ਕਿੱਸ ਕੀਤਾ ਅਤੇ ਫੜ ਲਿਆ।
ਹੁਸੈਨ ਨੇ ਪਹਿਲਾਂ ਤਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਫਿਰ ਉਸ ਸਮਝੌਤੇ ਨੂੰ ਵੀ ਰੱਦ ਕਰ ਦਿੱਤਾ ਜਿਸ ਅਧੀਨ ਉਹ ਭਾਰਤ ਆ ਸਕਦਾ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਚਾਹੁੰਦਾ ਹੈ। ਹੁਸੈਨ ਦੇ ਵਕੀਲ ਨੇ ਕਿਹਾ ਕਿ ਉਹ ਦੁਖੀ ਹੈ ਕਿ ਉਸ ਨੂੰ ਦੱਸਣ ਤੋਂ ਪਹਿਲਾਂ ਇਸ ਖਬਰ ਨੂੰ ਮੀਡੀਆ ਲਈ ਜਾਰੀ ਕਰ ਦਿੱਤਾ ਗਿਆ। ਹੁਸੈਨ ਅਮਰੀਕਾ ਆਉਣ ਤੋਂ ਪਹਿਲਾਂ ਕਾਫੀ ਚਰਚਿਤ ਰਿਹਾ ਸੀ। ਦਿੱਲੀ ਵਿੱਚ ਅਮਰੀਕੀ ਦੂਤਘਰ ਨੇ ਉਸ ਨੂੰ ਵੀਜ਼ਾ ਦੇਣ ਤੋਂ ਵੀ ਇੱਕ ਵਾਰ ਨਾਂਹ ਕਰ ਦਿੱਤੀ ਸੀ।