ਭਾਰਤੀ ਕੁੜੀਆਂ ਨੇ ਚੀਨ ਨੂੰ ਹਰਾ ਕੇ ਏਸ਼ੀਆ ਹਾਕੀ ਚੈਂਪੀਅਨਸਿ਼ਪ ਜਿੱਤੀ


ਕਾਕਾਮਿਗਹਰਾ, 5 ਨਵੰਬਰ, (ਪੋਸਟ ਬਿਊਰੋ)- ਸ਼ੂਟਆਊਟ ਦੇ ਤਣਾਅ ਨਾਲ ਭਰਪੂਰ ਪਲਾਂ ਵਿੱਚ ਭਾਰਤ ਦੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਵੱਲੋਂ ਕੀਤੇ ਗਏ ਸ਼ਾਨਦਾਰ ਬਚਾਅ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਅੱਜ ਏਥੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਚੀਨ ਨੂੰ ਮਾਤ ਦੇ ਦਿੱਤੀ। ਟੀਮ ਦੀ ਕਪਤਾਨ ਰਾਣੀ ਨੇ ਜੇਤੂ ਗੋਲ ਦਾਗਿਆ ਤਾਂ ਇਸ ਤੋਂ ਬਾਅਦ ਸਵਿਤਾ ਪੂਨੀਆ ਨੇ ਗੋਲ ਪੋਸਟ ਅੱਗੇ ਚੱਟਾਨ ਵਾਂਗੂ ਤਣ ਕੇ ਪਹਿਰਾ ਦੇਂਦਿਆਂ ਚੀਨੀ ਖਿਡਾਰਨ ਦਾ ਹਮਲਾ ਬੇਕਾਰ ਕਰ ਦਿੱਤਾ। ਪੈਨਲਟੀ ਸ਼ੂਟਆਊਟ ਰਾਹੀਂ ਭਾਰਤ ਨੇ ਇਹ ਮੈਚ 5-4 ਦੇ ਫ਼ਰਕ ਨਾਲ ਜਿੱਤ ਲਿਆ। ਭਾਰਤੀ ਮਹਿਲਾ ਟੀਮ ਨੇ 13 ਸਾਲਾਂ ਪਿੱਛੋਂ ਏਸ਼ੀਆ ਕੱਪ ਜਿੱਤਿਆ ਹੈ। ਅੱਜ ਦੀ ਇਸ ਜਿੱਤ ਨਾਲ ਭਾਰਤੀ ਟੀਮ ਨੇ ਅਗਲੇ ਸਾਲ ਹੋ ਰਹੇ ਹਾਕੀ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਵਰਨਣ ਯੋਗ ਹੈ ਕਿ ਪਿਛਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਭਾਰਤ ਨਾਕਾਮ ਰਿਹਾ ਸੀ ਤੇ ਸਾਲ 2010 ਵਿੱਚ ਭਾਰਤੀ ਟੀਮ ਨੌਵੇਂ ਸਥਾਨ ਉੱਤੇ ਰਹੀ ਸੀ।
ਅੱਜ ਏਥੇ ਖੇਡੇ ਗਏ ਮੈਚ ਵਿੱਚ ਭਾਰਤ ਨੇ 25ਵੇਂ ਮਿੰਟ ਵਿੱਚ ਨਵਜੋਤ ਕੌਰ ਦੇ ਗੋਲ ਨਾਲ ਲੀਡ ਬਣਾ ਲਈ, ਪਰ ਚੀਨੀ ਖਿਡਾਰਨ ਤਿਆਨ ਤਿਆਨ ਨੇ 47ਵੇਂ ਮਿੰਟ ਵਿੱਚ ਗੋਲ ਦਾਗ ਕੇ ਬਰਾਬਰੀ ਕਰ ਦਿੱਤੀ। ਮਿਥੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਉੱਤੇ ਰਹੀਆਂ। ਇਸ ਦੇ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਕਪਤਾਨ ਰਾਣੀ ਦੋ ਗੋਲ ਕਰਨ ਵਿੱਚ ਕਾਮਯਾਬ ਰਹੀ। ਉਸ ਤੋਂ ਬਿਨਾ ਸ਼ੂਟਆਊਟ ਵਿੱਚ ਮੋਨਿਕਾ, ਲਿਲਿਮਾ ਮਿੰਜ ਤੇ ਨਵਜੋਤ ਨੇ ਗੋਲ ਕੀਤੇ। ਚੀਨੀ ਟੀਮ ਚਾਰ ਗੋਲ ਕਰਨ ਵਿੱਚ ਕਾਮਯਾਬ ਰਹੀ, ਪਰ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਇੱਕ ਗੋਲ ਰੋਕ ਲਿਆ, ਜਿਸ ਨਾਲ ਭਾਰਤੀ ਟੀਮ ਮੈਚ ਜਿੱਤ ਗਈ। ਸਵਿਤਾ ਨੂੰ ਇਸ ਟੂਰਨਾਮੈਂਟ ਦੀ ਸਰਵੋਤਮ ਗੋਲਕੀਪਰ ਚੁਣਿਆ ਗਿਆ ਹੈ।
ਅਸਲ ਵਿੱਚ ਪਹਿਲੇ ਕੁਆਰਟਰ ਵਿੱਚ ਇਕ ਵੀ ਗੋਲ ਨਹੀਂ ਸੀ ਹੋਇਆ, ਪਰ ਭਾਰਤ ਨੇ ਦੂਸਰੇ ਕੁਆਰਟਰ ਵਿੱਚ ਗੋਲ ਕਰ ਕੇ ਪੂਰੀ ਤੇਜ਼ੀ ਫੜੀ ਅਤੇ ਚੀਨ ਉੱਤੇ ਦਬਾਅ ਬਣਾਇਆ। ਚੀਨ ਨੇ 47ਵੇਂ ਮਿੰਟ ਵਿੱਚ ਵੀਡੀਓ ਰੈਫ਼ਰਲ ਨਾਲ ਪੈਨਲਟੀ ਕਾਰਨਰ ਲੈ ਕੇ ਪਹਿਲਾ ਗੋਲ ਕੀਤਾ। ਮੈਚ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਚੀਨ ਨੂੰ ਫਿਰ ਪੈਨਲਟੀ ਕਾਰਨਰ ਮਿਲਿਆ, ਪਰ ਸੁਨੀਤਾ ਲਾਕੜਾ ਨੇ ਖ਼ੂਬਸੂਰਤ ਤਰੀਕੇ ਨਾਲ ਬਚਾਅ ਕਰ ਲਿਆ।
ਅੱਜ ਖੇਡੇ ਗਏ ਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਏਸ਼ੀਆ ਕੱਪ ਜਿੱਤਣ ਉੱਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਦੇਸ਼ ਵਾਸੀ ਖੁਸ਼ ਹਨ।