ਭਾਰਤੀ ਇੰਜੀਨੀਅਰ ਕੁਚੀਭੋਤਲਾ ਦੇ ਕਾਤਲ ਨੂੰ 78 ਸਾਲਾਂ ਦੀ ਕੈਦ


ਵਾਸ਼ਿੰਗਟਨ, 6 ਮਈ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਅਦਾਲਤ ਨੇ ਕੱਲ੍ਹ ਸਾਬਕਾ ਨੇਵੀ ਅਫਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇੱਕ ਭਾਰਤ ਤੋਂ ਗਏ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਕੈਨਸਾਸ ਵਿੱਚ ਫੈਡਰਲ ਜੱਜ ਨੇ ਦੋਸ਼ੀ ਐਡਮ ਪੁਰਿੰਟਨ ਨੂੰ ਕਰੀਬ 78 ਸਾਲ ਕੈਦ ਦੀ ਸਜ਼ਾ ਦਿੱਤੀ ਹੈ। ਉਹ 100 ਦੀ ਉਮਰ ਤੱਕ ਪੈਰੋਲ ਹਾਸਲ ਨਹੀਂ ਕਰ ਸਕੇਗਾ। ਬੀਤੇ ਮਾਰਚ ਮਹੀਨੇ 52 ਸਾਲਾ ਪੁਰਿੰਟਨ ਨੇ ਕੁਚੀਭੋਤਲਾ ਦੇ ਕਤਲ ਦੇ ਦੋਸ਼ ਕਬੂਲ ਕਰ ਲਏ ਸਨ। ਵਰਨਣ ਯੋਗ ਹੈ ਕਿ ਪਿਛਲੇ ਸਾਲ 22 ਫਰਵਰੀ ਨੂੰ ਓਲੈਥ ਸਿਟੀ ਦੀ ਆਸਟਿਨਜ਼ ਬਾਰ ਐਂਡ ਗਰਿੱਲ ਵਿੱਚ ਪੁਰਿੰਟਨ ਨੇ ਦੋ ਭਾਰਤੀਆਂ ਨੂੰ ਦੇਖ ਕੇ ਕਿਹਾ ਸੀ, ‘ਸਾਡੇ ਦੇਸ਼ ਵਿੱਚੋਂ ਦਫਾ ਹੋ ਜਾਓ’ ਤੇ ਉਸ ਨੇ 32 ਸਾਲਾ ਕੁਚੀਭੋਤਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਨਾਲ ਖੜ੍ਹੇ ਉਸ ਦੇ ਦੋਸਤ ਅਲੋਕ ਮਡਸਾਨੀ ਨੂੰ ਫੱਟੜ ਕਰ ਦਿੱਤਾ ਸੀ।
ਇਨ੍ਹਾਂ ਤੋਂ ਇਲਾਵਾ ਪੁਰਿੰਟਨ ਨੂੰ ਫੈਡਰਲ ਕੋਰਟ ਵਿੱਚ ਇਸਤਗਾਸਾ ਵੱਲੋਂ ਲਾਏ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨਸਾਸ ਵਿੱਚ ਅਮਰੀਕੀ ਅਟਾਰਨੀ ਜਨਰਲ ਦੇ ਦਫਤਰ ਵੱਲੋਂ ਪਿਛਲੇ ਸਾਲ ਜੂਨ ਮਹੀਨੇ ਉਸ ਦੇ ਖਿਲਾਫ ਨਫਰਤੀ ਹਮਲੇ ਦੇ ਦੋਸ਼ ਲਾਗੂ ਕੀਤੇ ਗਏ ਸਨ। ਇਸ ਕੇਸ ਦੀ 21 ਮਈ ਨੂੰ ਸੁਣਵਾਈ ਹੋਵੇਗੀ। ਹੈਦਰਾਬਾਦ ਵਾਸੀ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਨੇ ਇਕ ਬਿਆਨ ਵਿੱਚ ਕਿਹਾ, ‘ਅੱਜ ਆਇਆ ਇਹ ਫੈਸਲਾ ਮੇਰੇ ਪਤੀ ਨੂੰ ਵਾਪਸ ਤਾਂ ਨਹੀਂ ਲਿਆ ਸਕੇਗਾ, ਪਰ ਇੱਕ ਸਖਤ ਸੰਦੇਸ਼ ਜ਼ਰੂਰ ਦੇਵੇਗਾ ਕਿ ਨਫਰਤ ਸਵੀਕਾਰ ਨਹੀਂ ਕੀਤਾ ਜਾ ਸਕਦੀ। ਮੈਂ ਜ਼ਿਲ੍ਹਾ ਅਟਾਰਨੀ ਦੇ ਦਫਤਰ ਅਤੇ ਓਲੈਥ ਪੁਲਸ ਦੇ ਯਤਨਾਂ ਬਦਲੇ ਉਨ੍ਹਾਂ ਦੀ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।’