ਭਾਰਤੀ ਅਮਰੀਕੀ ਪਾਰਲੀਮੈਂਟ ਮੈਂਬਰ ਨੇ ਅਮਰੀਕੀ ਨੀਤੀ ਦੇ ਪਾਜ ਉਧੇੜੇ

ro khannna
ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)-ਭਾਰਤੀ ਮੂਲ ਦੇ ਇੱਕ ਅਮਰੀਕੀ ਪਾਰਲੀਮੈਂਟ ਮੈਂਬਰ ਰੋਅ ਖੰਨਾ ਨੇ ਡੋਨਾਲਡ ਟਰੰਪ ਦੇ ਝੂਠੇ ਵਾਅਦਿਆਂ ਦਾ ਚਿੱਠਾ ਖੋਲ੍ਹਿਆ ਹੈ। ਰੋਅ ਖੰਨਾ ਨੇ ਕਿਹਾ ਕਿ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਉਸਾਰੀ ਲਈ ਕੀਤੇ ਵਾਅਦਿਆਂ ਨੂੰ ਪੂਰਾ ਕਰਨਗੇ ਪਰ ਇਹ ਸਭ ਅਸਫਲ ਰਿਹਾ।
ਓਬਾਮਾ ਪ੍ਰਸ਼ਾਸਨ ਦੇ ਸਮੇਂ ਵਣਜ ਮੰਤਰਾਲੇ ਵਿੱਚ ਉੱਪ ਮੰਤਰੀ ਰਹੇ 40 ਸਾਲਾ ਪਾਰਲੀਮੈਂਟ ਮੈਂਬਰ ਖੰਨਾ ਨੇ ਕਿਹਾ, ‘ਇਹ ਟੁੱਟੇ ਹੋਏ ਵਾਅਦਿਆਂ ਦਾ ਰਾਸ਼ਟਰਪਤੀ ਦਫਤਰ ਹੈ।’ ਅਮਰੀਕਾ ਵਿੱਚ ਭਾਰਤੀ ਆਈ ਟੀ ਪੇਸ਼ੇਵਰਾਂ ਦਾ ਗੜ੍ਹ ਮੰਨੇ ਜਾਣ ਵਾਲੀ ਸਿਲੀਕਾਨ ਵੈੱਲੀ ਦੀ ਅਗਵਾਈ ਕਰਨ ਵਾਲੇ ਖੰਨਾ ਨੇ ਕਿਹਾ ਕਿ ਟਰੰਪ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ, ‘ਟਰੰਪ ਨੇ ਹੈਲਥ ਕੇਅਰ ਦੇ ਘੇਰੇ ਦਾ ਵਿਸਥਾਰ ਅਤੇ ਕੀਮਤਾਂ ਘੱਟ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਅਜਿਹਾ ਪ੍ਰਸਤਾਵ ਰੱਖਿਆ ਸੀ, ਜਿਸ ਵਿੱਚ ਸਿਹਤ ਸੰਬੰਧੀ ਦਾਇਰੇ ਵਿੱਚ ਕਟੌਤੀ ਹੋਵੇਗੀ ਅਤੇ ਪ੍ਰੀਮੀਅਮ ਵਧ ਜਾਵੇਗਾ। ਉਨ੍ਹਾਂ ਨੇ ਮਜ਼ਦੂਰ ਪਰਿਵਾਰਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ, ਵਾਲ ਸਟਰੀਟ ਦਾ ਨਹੀਂ। ਉਨ੍ਹਾਂ ਨੇ ਬੱਜਟ ਵਿੱਚ ਅਜਿਹਾ ਪ੍ਰਸਤਾਵ ਰੱਖਿਆ ਜਿਸ ਨਾਲ ਮਜ਼ਦੂਰ ਪਰਿਵਾਰਾਂ ਦੇ ਵਿੱਤੀ ਗੁਜ਼ਾਰੇ ਵਿੱਚ ਕਮੀ ਹੋਵੇਗੀ ਅਤੇ ਵਾਲ ਸਟਰੀਟ ਲਈ ਟੈਕਸ ਵਿੱਚ ਛੋਟ ਮਿਲੇਗੀ। ਉਨ੍ਹਾਂ ਕਿਹਾ, ‘ਜੇ ਟਰੰਪ ਮੁੜ ਨਿਰਮਾਣ ਦੇ ਖੇਤਰ ਵਿੱਚ ਨੌਕਰੀਆਂ ਪੈਦਾ ਕਰਨ ਨੂੰ ਲੈ ਕੇ ਗੰਭੀਰ ਹਨ ਤਾਂ ਉਹ ਨਿਰਮਾਣ ਵਿੱਚ ਮੁੜ ਸਾਂਝੀਦਾਰੀ ਵਧਾਉਣਗੇ।’