ਭਾਰਤੀਆਂ ਲਈ ਹੁਣ ਅਸੁਰੱਖਿਅਤ ਬਣਦਾ ਜਾ ਰਿਹਾ ਹੈ ਅਮਰੀਕਾ

america
-ਯੋਗੇਂਦਰ ਯੋਗੀ
ਅਮਰੀਕਾ ‘ਚ ਰਹਿ ਰਹੇ ਭਾਰਤੀਆਂ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਖੁਸ਼ੀਆਂ ਦਾ ਇਹ ਅਮਰੀਕੀ ਸੰਸਾਰ ਉਨ੍ਹਾਂ ਲਈ ਇੱਕ ਦਿਨ ਨਰਕ ਬਣ ਜਾਵੇਗਾ ਤੇ ਉਥੇ ਉਨ੍ਹਾਂ ਨੂੰ ਡਰ-ਡਰ ਕੇ ਜੀਣਾ ਪਵੇਗਾ, ਭਵਿੱਖ ਦੀ ਜਿਹੜੀ ਸੁਰੱਖਿਆ ਅਤੇ ਸੁੱਖਾਂ ਖਾਤਰ ਆਪਣੀ ਸਰਜ਼ਮੀਂ ਛੱਡ ਕੇ ਪਰਾਏ ਵਤਨ ਨੂੰ ਆਪਣਾ ਬਣਾਇਆ ਸੀ, ਉਹੀ ਉਨ੍ਹਾਂ ਲਈ ਖਤਰਾ ਬਣ ਜਾਵੇਗਾ। ਇਸ ਵਿਦੇਸ਼ੀ ਧਰਤੀ ਉੱਤੇ ਮਿਹਨਤਕਸ਼ ਲੋਕਾਂ ਦੀਆਂ ਖੁਸ਼ੀਆਂ ਨੂੰ ਅਮਰੀਕਾ ਦੀ ਨਵੀਂ ਟਰੰਪ ਸਰਕਾਰ ਦੀਆਂ ਨੀਤੀਆਂ ਨਾਲ ਗ੍ਰਹਿਣ ਲੱਗਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਹੀ ਪਰਵਾਸੀਆਂ ਪ੍ਰਤੀ ਸਖਤੀ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਚੋਣ ਭਾਸ਼ਣਾਂ ਵਿੱਚ ਉਨ੍ਹਾਂ ਦੀਆਂ ਤਲਖੀਆਂ ਤੋਂ ਸਾਫ ਹੋ ਗਿਆ ਸੀ ਕਿ ਆਪਣੀ ਮਿਹਨਤ ਨਾਲ ਬੁਲੰਦੀਆਂ ਛੂਹਣ ਵਾਲੇ ਪਰਵਾਸੀਆਂ ਦੇ ਬੁਰੇ ਦਿਨ ਆਉਣ ਵਾਲੇ ਹਨ। ਟਰੰਪ ਨੇ ਚੋਣ ਪ੍ਰਚਾਰ ਦੌਰਾਨ ਪਰਵਾਸੀਆਂ ਦੇ ਰੋਜ਼ਗਾਰ, ਤਰੱਕੀ ਤੇ ਸਾਧਨਾਂ ਪ੍ਰਤੀ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਉੱਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਪਾਬੰਦੀ ਲਾ ਦਿੱਤੀ। ਹਾਲਾਂਕਿ ਇਹ ਕੇਸ ਅਜੇ ਉਥੇ ਅਦਾਲਤ ਵਿੱਚ ਵਿਚਾਰ-ਅਧੀਨ ਹੈ। ਵਿਦੇਸ਼ੀਆਂ ਵਿਰੁੱਧ ਟਰੰਪ ਦੀ ਮੁਹਿੰਮ ਨੇ ਮੂਲ ਅਮਰੀਕੀਆਂ ਦੇ ਦਿਲੋ-ਦਿਮਾਗ ‘ਚ ਜ਼ਹਿਰ ਭਰਨ ਦਾ ਕੰਮ ਕੀਤਾ। ਰਾਸ਼ਟਰਪਤੀ ਚੋਣਾਂ ਤੋਂ ਫੌਰਨ ਬਾਅਦ ਹੁਣ ਤੱਕ ਉਥੇ ਨਸਲੀ ਹਿੰਸਾ ਦੀਆਂ 28 ਘਟਨਾਵਾਂ ਹੋ ਚੁੱਕੀਆਂ ਹਨ। ਹਾਲਾਂਕਿ ਕੁੱਲ 867 ਅਜਿਹੀਆਂ ਘਟਨਾਵਾਂ ਹੋਈਆਂ, ਪਰ ਉਨ੍ਹਾਂ ਦੇ ਪੁੱਖਤਾ ਸਬੂਤ ਨਹੀਂ ਹਨ। ਇਹ ਤੈਅ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਕਿਤੇ ਨਾ ਕਿਤੇ ਨਸਲਵਾਦ ਦੀ ਭੜਕੀ ਚੰਗਿਆੜੀ ਮੌਜੂਦ ਹੈ।
ਪਿਛਲੇ ਇੱਕ ਪੰਦਰਵਾੜੇ ਵਿੱਚ ਇੰਜੀਨੀਅਰ ਸ੍ਰੀਨਿਵਾਸ ਅਤੇ ਵਪਾਰੀ ਹਰਨੀਸ਼ ਪਟੇਲ ਨੂੰ ਨਸਲੀ ਪਾਗਲਪਨ ਦੇ ਕਾਤਲਾਂ ਹੱਥੋਂ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਇਸ ਤੋਂ ਲਗਭਗ ਇੱਕ ਹਫਤੇ ਬਾਅਦ ਡੋਨਾਲਡ ਟਰੰਪ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ। ਇਸ ਤੋਂ ਟਰੰਪ ਸਰਕਾਰ ਦੀ ਮਾਨਸਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤੀਜੀ ਘਟਨਾ ਵਿੱਚ ਇੱਕ ਸਿੱਖ ਨੌਜਵਾਨ ‘ਤੇ ਵਾਸ਼ਿੰਗਟਨ ਵਿੱਚ ਪਿਸਤੌਲ ਨਾਲ ਜਾਨਲੇਵਾ ਹਮਲਾ ਕੀਤਾ ਗਿਆ।
ਅਮਰੀਕੀ ਸਰਕਾਰ ਦੇ ਕਠੋਰ ਕਾਰਵਾਈ ਕਰਨ ਦੀ ਥਾਂ ਉਦਾਸੀਨ ਰਹਿਣ ਨਾਲ ਅਜਿਹੇ ਹਮਲਿਆਂ ਦਾ ਖਦਸ਼ਾ ਹੋਰ ਵਧ ਗਿਆ ਹੈ। ਹਾਲਤ ਇਹ ਹੈ ਕਿ ਪਰਵਾਸੀ ਲੋਕਾਂ ਨੂੰ ਸੁੰਨਸਾਨ ਰਸਤਿਆਂ ਉੱਤੇ ਇਕੱਲੇ ਨਾ ਜਾਣ, ਜਨਤਕ ਥਾਵਾਂ ‘ਤੇ ਕਿਸੇ ਨਾਲ ਨਾ ਉਲਝਣ ਅਤੇ ਭਾਰਤੀ ਭਾਸ਼ਾ ਵਿੱਚ ਗੱਲਬਾਤ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਸਥਿਤੀਆਂ ਤੋਂ ਬਾਅਦ ਕੀ ਹੁਣ ਇਹ ਮੰਨਿਆ ਜਾਵੇ ਕਿ ਕਦੇ ਅਮਰੀਕਾ ਵਿੱਚ ਜਾਣ ਤੇ ਉਥੇ ਵੱਸਣ ਦਾ ਸੁਫਨਾ ਟੁੱਟਣ ਲੱਗਾ ਹੈ? ਅਮਰੀਕਾ ਹੁਣ ਓਨਾ ਸੁਰੱਖਿਅਤ ਨਹੀਂ ਰਹਿ ਗਿਆ ਤੇ ਨਸਲਵਾਦੀਆਂ ਦੀਆਂ ਅੱਖਾਂ ਵਿੱਚ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕ ਰੜਕਣ ਲੱਗੇ ਹਨ। ਉਥੇ ਵਰਣ ਤੇ ਰੰਗ ਭੇਦ ਸਿਰ ਚੜ੍ਹ ਕੇ ਬੋਲਣ ਲੱਗਾ ਹੈ।
ਇਸ ਸੌੜੀ ਸੋਚ ਵਿੱਚ ਯਕੀਨ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਭਾਰਤੀ ਉਨ੍ਹਾਂ ਦੇ ਹੱਕਾਂ ਉੱਤੇ ਕੁੰਡਲੀ ਮਾਰੀ ਬੈਠੇ ਹਨ, ਉਨ੍ਹਾਂ ਦੇ ਰੁਜ਼ਗਾਰ ਤੇ ਸੋਮਿਆਂ ਉੱਤੇ ਗੈਰਾਂ ਦਾ ਕਬਜ਼ਾ ਵਧ ਰਿਹਾ ਹੈ। ਨਿਯਮਾਂ ਨਾਲ ਬੱਝੀ ਯੋਗਤਾ ਦੀ ਮੁਕਾਬਲੇਬਾਜ਼ੀ ਵਿੱਚ ਪੱਛੜਨ ਦਾ ਗੁੱਸਾ ਨਸਲੀ ਹਿੰਸਾ ਦੇ ਜ਼ਰੀਏ ਕੱਢਿਆ ਜਾ ਰਿਹਾ ਹੈ।
ਅਮਰੀਕਾ Ḕਚ ਸਖਤ ਹੁੰਦੇ ਜਾ ਰਹੇ ਵੀਜ਼ਾ ਕਾਨੂੰਨ ਨਾਲ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਹਾਲਾਂਕਿ ਓਥੇ ਦਿਨੋ ਦਿਨ ਵਧ ਰਹੇ ਖੌਫ ਭਰੇ ਮਾਹੌਲ ਕਾਰਨ ਯੂਰਪੀ ਯੂਨੀਅਨ ਦੇ ਦੂਜੇ ਦੇਸ਼ ਆਈ ਟੀ ਅਤੇ ਹੋਰਨਾਂ ਖੇਤਰਾਂ ਦੀ ਬੌਧਿਕ ਪ੍ਰਤਿਭਾ ਲਈ ਪਲਕਾਂ ਵਿਛਾਉਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਤੈਅ ਹੈ ਕਿ ਤਰੱਕੀ ਕਾਰਨ ਭੜਕੀ ਈਰਖਾ ਤੇ ਨਫਰਤ ਦੀ ਅੱਗ ਦੇਰ ਸਵੇਰ ਦੂਜੇ ਵਿਕਸਿਤ ਦੇਸ਼ਾਂ ਤੱਕ ਫੈਲੇ ਬਿਨਾਂ ਨਹੀਂ ਰਹੇਗੀ। ਅਸਲ ਵਿੱਚ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਲੱਗਣ ਲੱਗੇਗਾ ਕਿ ਭਾਰਤੀ ਉਨ੍ਹਾਂ ਦੇ ਹਿੱਤਾਂ ਨੂੰ ਠੇਸ ਪਹੁੰਚਾਉਣ ਆ ਰਹੇ ਹਨ। ਆਸਟਰੇਲੀਆ ਅਤੇ ਬ੍ਰਿਟੇਨ ਵਿੱਚ ਉਂਝ ਵੀ ਨਸਲੀ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਸ਼ਾਇਦ ਹੋਰਨਾਂ ਦੇਸ਼ਾਂ ਵਿੱਚ ਵੀ ਅਜਿਹੇ ਹੀ ਹਾਲਾਤ ਬਣ ਜਾਣ। ਫਿਰ ਤਾਂ ਇੱਕੋ ਬਦਲ ਬਚਦਾ ਹੈ ਤੇ ਉਹ ਹੈ ਘਰ ਵਾਪਸੀ ਦਾ।
ਇਹ ਤੈਅ ਹੈ ਕਿ ਜੋ ਜਨਤਕ ਸਹੂਲਤਾਂ ਤੇ ਮਾਹੌਲ ਪੱਛਮੀ ਦੇਸ਼ਾਂ ਵਿੱਚ ਮੌਜੂਦ ਹੈ, ਉਹੋ ਜਿਹੇ ਹਾਲਾਤ ਭਾਰਤ ਵਿੱਚ ਅਜੇ ਨਹੀਂ ਹਨ, ਪਰ ਦੂਜਿਆਂ ਵੱਲੋਂ ਨਕਾਰਨ ਦੀ ਸਥਿਤੀ ਵਿੱਚ ਆਪਣੇ ਦੇਸ਼ ਨਾਲੋਂ ਬਿਹਤਰ ਹੋਰ ਕੋਈ ਬਦਲ ਨਹੀਂ ਹੋ ਸਕਦਾ। ਇਥੇ ਸਹੂਲਤਾਂ ਦੀ ਕਮੀ ਬੇਸ਼ੱਕ ਹੋਵੇ, ਘੱਟੋ ਘੱਟ ਨਸਲੀ ਹਿੰਸਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸਵਾਲ ਇਹ ਵੀ ਹੈ ਕਿ ਸਵੈ-ਮਾਣ ਗੁਆ ਕੇ ਪੱਛਮੀ ਦੇਸ਼ਾਂ ਵਿੱਚ ਰਿਹਾ ਜਾ ਸਕਦਾ ਹੈ? ਜੇ ਭਰਪੂਰ ਸਹੂਲਤਾਂ ਵੀ ਮਿਲਦੀਆਂ ਹਨ ਤਾਂ ਉਸ ਦੀ ਕੀਮਤ ਸਵੈ-ਮਾਣ ਨਾਲ ਸਮਝੌਤਾ ਕਰ ਕੇ ਜਾਂ ਹਿੰਸਾ ਨਾਲ ਤਾਂ ਨਹੀਂ ਚੁਕਾਈ ਜਾ ਸਕਦੀ। ਅਮਰੀਕਾ ਹੋਵੇ ਜਾਂ ਕੋਈ ਹੋਰ ਵਿਕਸਿਤ ਦੇਸ਼, ਭਾਰਤੀਆਂ ਨੇ ਆਪਣੀ ਯੋਗਤਾ ਦਾ ਝੰਡਾ ਹਰ ਖੇਤਰ ਵਿੱਚ ਲਹਿਰਾਇਆ ਹੈ ਤੇ ਇਨ੍ਹਾਂ ਦੇਸ਼ਾਂ ਦੀ ਤਰੱਕੀ ਵਿੱਚ ਭਾਰਤੀਆਂ ਦਾ ਜ਼ਬਰਦਸਤ ਯੋਗਦਾਨ ਰਿਹਾ ਹੈ। ਇਹ ਵੀ ਜ਼ਰੂਰ ਹੈ ਕਿ ਦਹਾਕਿਆਂ ਤੋਂ ਵਸੇ ਵਸਾਏ ਆਪਣੇ ਘਰਾਂ ਨੂੰ ਛੱਡ ਕੇ ਨਵੀਂ ਦੁਨੀਆ ਵਸਾਉਣੀ ਸੌਖੀ ਨਹੀਂ। ਲੰਮੇ ਅਰਸੇ ਤੱਕ ਕਿਤੇ ਰਹਿਣ ਨਾਲ ਉਥੇ ਭਾਵਨਾਵਾਂ ਤੇ ਜੀਵਨਸ਼ੈਲੀ ਵੀ ਉਸ ਖੇਤਰ ਵਿਸ਼ੇਸ਼ ਨਾਲ ਜੁੜ ਜਾਂਦੀ ਹੈ, ਪਰ ਜਦੋਂ ਹਾਲਾਤ ਉਲਟ ਹੋ ਜਾਣ ਤਾਂ ਸਮਝੌਤਾ ਕਰਨ ਵਿੱਚ ਭਲਾਈ ਹੈ। ਜੀਵਨਸ਼ੈਲੀ ਵਿੱਚ ਖੁਦ ਤਬਦੀਲੀ ਕੀਤੀ ਜਾ ਸਕਦੀ ਹੈ ਤੇ ਵਿਛੜਨ ਦੀਆਂ ਭਾਵਨਾਵਾਂ ਦੇ ਜ਼ਖਮ ਵੀ ਆਪਣਿਆਂ ਦੀ ਚਾਹਤ ਨਾਲ ਸਮਾਂ ਪਾ ਕੇ ਭਰ ਜਾਂਦੇ ਹਨ।