ਭਾਜਪਾ-ਸ਼ਿਵ ਸੈਨਾ ਦੇ ਵੱਖੋ-ਵੱਖ ਹੋਣ ਦਾ ਲਾਭ ਕਾਂਗਰਸ-ਐਨ ਸੀ ਪੀ ਨੂੰ ਮਿਲ ਸਕਦੈ

-ਕਲਿਆਣੀ ਸ਼ੰਕਰ
ਹਰ ਤਰ੍ਹਾਂ ਦੀ ਨੋਕ-ਝੋਕ ਤੋਂ ਬਾਅਦ ਸ਼ਿਵ ਸੈਨਾ ਨੇ ਆਖਰ ਭਾਜਪਾ ਤੋਂ ਅੱਡ ਹੋਣ ਦਾ ਫੈਸਲਾ ਲੈ ਲਿਆ ਹੈ। ਪਿਛਲੇ ਹਫਤੇ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪਾਰਟੀ ਨੇ ਮਤਾ ਪਾਸ ਕੀਤਾ ਕਿ 2019 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਹ ਇਕੱਲੀ ਮੈਦਾਨ ਵਿੱਚ ਉਤਰੇਗੀ। ਲੰਮੇ ਸਮੇਂ ਤੋਂ ਵਿਚਾਰਕ ਸਾਥੀ ਰਹੀਆਂ ਦੋਵਾਂ ਪਾਰਟੀਆਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਇੱਕ ਦੂਜੇ ਉਤੇ ਗਾਲੀ ਗਲੋਚ ਦੀ ਖੂਬ ਵਾਛੜ ਕੀਤੀ ਹੈ। ਤ੍ਰਾਸਦੀ ਦੇਖੋ ਕਿ ਮੌਕਾਪ੍ਰਸਤੀ ਦੀ ਸਿਆਸਤ ਕਰਦਿਆਂ ਵੀ ਸ਼ਿਵ ਸੈਨਾ ਇਸ ਗਠਜੋੜ ਵਾਲੀ ਸੂਬਾ ਸਰਕਾਰ ਵਿੱਚ ਟਿਕੀ ਹੋਈ ਹੈ ਅਤੇ ਐੱਨ ਡੀ ਏ ਦਾ ਹਿੱਸਾ ਵੀ ਬਣੀ ਹੋਈ ਹੈ। ਸੰਯੋਗ ਨਾਲ 18 ਪਾਰਲੀਮੈਂਟ ਮੈਂਬਰਾਂ ਨਾਲ ਉਹ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਵਿੱਚ ਦੂਸਰੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਹੈ।
ਬਹੁਤ ਸਾਰੇ ਲੋਕਾਂ ਨੂੰ ਇਹ ਆਸ ਹੈ ਕਿ ਚੋਣਾਂ ਨੇੜੇ ਆਉਣ ਉਤੇ ਸ਼ਿਵ ਸੈਨਾ ਸਰਕਾਰ ‘ਚੋਂ ਬਾਹਰ ਆ ਜਾਵੇਗੀ। ਸੱਤਾ ਦਾ ਸੁੱਖ ਅਜਿਹੀ ਗੂੰਦ ਹੈ, ਜੋ ਬਾਕੀ ਕਾਰਜਕਾਲ ਦੌਰਾਨ ਸ਼ਿਵ ਸੈਨਾ ਨੂੰ ਸਰਕਾਰ ਨਾਲ ਜੋੜੀ ਰੱਖੇਗਾ। ਪਿਛਲੀ ਇੱਕ ਚੌਥਾਈ ਸਦੀ ਤੋਂ ਵੱਧ ਸਮੇਂ ਤੋਂ ਦੋਵੇਂ ਪਾਰਟੀਆਂ ਬਹੁਤ ਉਤਰਾਅ-ਚੜ੍ਹਾਅ ਭਰੇ ਗਠਜੋੜ ਬਣਾ ਚੁੱਕੀਆਂ ਹਨ। ਭਵਿੱਖ ਨੂੰ ਦੇਖਦਿਆਂ ਜਿੱਥੇ ਸ਼ਿਵ ਸੈਨਾ ਦਾ ਇੱਕ ਧੜਾ ਭਾਜਪਾ ਨਾਲ ਗੁਪਤ ਪੀਂਘਾਂ ਚੜ੍ਹਾ ਰਿਹਾ ਹੈ, ਉਥੇ ਦੂਜਾ ਧੜਾ ਸ਼ਰਦ ਪਵਾਰ ਦੀ ਐੱਨ ਸੀ ਪੀ (ਨੈਸ਼ਨਲਿਸਟ ਕਾਂਗਰਸ ਪਾਰਟੀ) ਉਤੇ ਡੋਰੇ ਪਾ ਰਿਹਾ ਹੈ।
ਭਾਜਪਾ-ਸ਼ਿਵ ਸੈਨਾ ਗਠਜੋੜ ਟੁੱਟਣ ਦੀ ਵਜ੍ਹਾ ਕੀ ਹੈ? ਅਧਿਕਾਰਤ ਤੌਰ ‘ਤੇ ਸ਼ਿਵ ਸੈਨਾ ਇਹ ਬਹਾਨਾ ਬਣਾ ਰਹੀ ਹੈ ਕਿ ਭਾਜਪਾ ਹਿੰਦੂਵਾਦ ਦੀ ਵਿਚਾਰਧਾਰਾ ਦੇ ਸਾਂਝੇ ਪ੍ਰੋਗਰਾਮ ਤੋਂ ਦੂਰ ਹਟ ਰਹੀ ਹੈ। ਸ਼ਿਵ ਸੈਨਾ ਨੂੰ ਬਾਲ ਠਾਕਰੇ ਨੇ ਸਾਲ 1966 ਵਿੱਚ ਲਾਂਚ ਕੀਤਾ ਸੀ। ਹਿੰਦੂਵਾਦ ਅਤੇ ਇਲਾਕਾਵਾਦ ਦਾ ਝੰਡਾ ਵੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਚੁੱਕਿਆ ਸੀ। ਉਸ ਤੋਂ 23 ਸਾਲਾਂ ਬਾਅਦ ਹੋਂਦ ਵਿੱਚ ਆਈ ਭਾਜਪਾ ਨੇ 1989 ਵਿੱਚ ਹਿੰਦੂਵਾਦ ਦਾ ਇਹੋ ਪੈਂਤੜਾ ਅਪਣਾ ਲਿਆ। ਹਿੰਦੂਵਾਦ ਦੇ ਮੁੱਦੇ ‘ਤੇ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਭਾਜਪਾ ਦੇ ਸਵਰਗੀ ਨੇਤਾ ਪ੍ਰਮੋਦ ਮਹਾਜਨ ਨੇ ਕਰਾਇਆ ਸੀ। ਸ਼ਿਵ ਸੈਨਾ ਦੇ ਜੀਵਨ ਕਾਲ ਵਿੱਚ ਕਈ ਮੀਲ ਪੱਥਰ ਆਏ ਹਨ, ਕਿਉਂਕਿ ਇਸ ਦੇ ਬਾਨੀ ਬਾਲਾ ਸਾਹਿਬ ਠਾਕਰੇ ਲੱਖਾਂ ਸ਼ਿਵ ਸੈਨਿਕਾਂ ਲਈ ਕਈ ਸਾਲਾਂ ਤੱਕ ਆਈਕਨ ਬਣੇ ਰਹੇ ਤੇ ਮਹਾਰਾਸ਼ਟਰ ਦੀ ਸਿਆਸਤ ਨੂੰ ਪ੍ਰਭਾਵਤ ਕਰਦੇ ਰਹੇ। ਸ਼ਿਵ ਸੈਨਿਕਾਂ ਵਿੱਚ ਮੁੱਖ ਤੌਰ ‘ਤੇ ਨੌਜਵਾਨ ਸਨ। 1990 ਦੇ ਦਹਾਕੇ ਵਿੱਚ ਸ਼ਿਵ ਸੈਨਾ ਨੇ ਆਪਣੇ ਗੌਰਵ ਦੀਆਂ ਬੁਲੰਦੀਆਂ ਨੂੰ ਛੂਹਿਆ ਅਤੇ 1995 ਵਿੱਚ ਇੱਕ ਜੂਨੀਅਰ ਸਹਿਯੋਗੀ ਵਜੋਂ ਭਜਾਪਾ ਨਾਲ ਮਿਲ ਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ, ਪਰ ਅਗਲੇ ਇੱਕ ਦਹਾਕੇ ਦੌਰਾਨ ਸ਼ਿਵ ਸੈਨਾ ਨੂੰ ਨਿਘਾਰ ਦਾ ਮੂੰਹ ਦੇਖਣਾ ਪਿਆ। ਬਾਲ ਠਾਕਰੇ ਦੇ ਜਿਊਂਦੇ-ਜੀਅ ਪਾਰਟੀ ਦੋਫਾੜ ਹੋ ਗਈ, ਜਦੋਂ ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਨੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਨਾਂਅ ਨਾਲ ਵੱਖਰੀ ਪਾਰਟੀ ਬਣਾ ਲਈ। ਬਾਲ ਠਾਕਰੇ ਵੱਲੋਂ ਨਾਮਜ਼ਦ ਵਾਰਸ ਊਧਮ ਠਾਕਰੇ ਦੀ ਅਗਵਾਈ ਹੇਠ ਹੀ ਸ਼ਿਵ ਸੈਨਾ ਚੱਲਦੀ ਰਹੀ ਤੇ ਬਾਲ ਠਾਕਰੇ ਦੀ ਮੌਤ ਤੋਂ ਬਾਅਦ ਇਹ ਇੱਕ ਕ੍ਰਿਸ਼ਮਈ ਨੇਤਾ ਤੋਂ ਵਾਂਝੀ ਹੋ ਗਈ।
ਬਦਲਦੇ ਜ਼ਮਾਨੇ ਦੀਆਂ ਬਦਲਦੀਆਂ ਉਮੀਦਾਂ ਨਾਲ ਸ਼ਿਵ ਸੈਨਾ ਨੇ ਨਵੇਂ ਪੈਂਤੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਪਰ ਪਾਰਟੀ ਆਪਣੀ ਪੁਰਾਣੀ ਵਿਚਾਰਧਾਰਾ ਤੋਂ ਪਿੱਛਾ ਛੁਡਾਉਣ ਵਿੱਚ ਸਫਲ ਨਹੀਂ ਹੋ ਰਹੀ ਅਤੇ 21ਵੀਂ ਸਦੀ ਮੁਤਾਬਕ ਖੁਦ ਨੂੰ ਆਧੁਨਿਕ ਨਹੀਂ ਬਣਾ ਸਕੀ। ਸ਼ਿਵ ਸੈਨਾ ਦੀ ਤਾਕਤ ਇਸ ਦੇ ਕਾਡਰ, ਭਾਵ ਸ਼ਿਵ ਸੈਨਿਕਾਂ ਵਿੱਚ ਹੈ, ਜੋ ਬਾਲ ਠਾਕਰੇ ਪ੍ਰਤੀ ਧਾਰਮਿਕ ਸ਼ਰਧਾ ਵਰਗੀ ਵਫਾਦਾਰੀ ਰੱਖਦੇ ਆਏ ਹਨ।
2014 ਵਿੱਚ ਜਦੋਂ ਤੋਂ ਭਾਜਪਾ ਲੋਕ ਸਭਾ ਵਿੱਚ ਬਹੁਮਤ ਹਾਸਲ ਕਰ ਕੇ ਕੇਂਦਰ ਵਿੱਚ ਸੱਤਾ ‘ਚ ਆਈ ਹੈ (ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੀ), ਉਦੋਂ ਤੋਂ ਸ਼ਿਵ ਸੈਨਾ ਨੇ ਠੰਢੇ ਹਉਕੇ ਭਰਨੇ ਸ਼ੁਰੂ ਕੀਤੇ ਹੋਏ ਹਨ। ਸ਼ਿਵ ਸੈਨਾ ਇਸ ਗੱਲ ਤੋਂ ਨਿਰਾਸ਼ ਹੈ ਕਿ ਭਾਜਪਾ ਇੱਕ ਜੂਨੀਅਰ ਸਹਿਯੋਗੀ ਤੋਂ ਉਪਰ ਉਠਦਿਆਂ ਮਹਾਰਾਸ਼ਟਰ ਦੀ ਗਠਜੋੜ ਸਰਕਾਰ ਵਿੱਚ ਸੀਨੀਅਰ ਭਾਈਵਾਲ ਬਣ ਗਈ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਬਾਰੇ ਸ਼ਿਵ ਸੈਨਾ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ ਸੀ। ਇਸ ਦੇ ਬਾਵਜੂਦ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਕੇਂਦਰ ਵਿੱਚ ਮੋਦੀ ਸਰਕਾਰ ਵਿੱਚ ਭਾਈਵਾਲ ਬਣੀ ਹੋਈ ਹੈ ਤੇ ਮਹਾਰਾਸ਼ਟਰ ਵਿੱਚ ਵੀ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਨੇ ਜੂਨੀਅਰ ਸਹਿਯੋਗੀ ਵਜੋਂ ਸ਼ਾਮਲ ਹੈ।
ਸ਼ਿਵ ਸੈਨਾ ਇਸ ਗੱਲੋਂ ਦੁਖੀ ਸੀ ਕਿ ਇਸ ਦੇ ਨੁੁਮਾਇੰਦੇ ਅਨੰਤ ਗੀਤੇ ਨੂੰ ਮੋਦੀ ਸਰਕਾਰ ਵਿੱਚ ਕੋਈ ਮਲਾਈਦਾਰ ਵਿਭਾਗ ਨਹੀਂ ਮਿਲਿਆ। ਜੰਮੂ ਕਸ਼ਮੀਰ ਵਿੱਚ ਭਾਜਪਾ ਵੱਲੋ ਪੀ ਡੀ ਪੀ ਨਾਲ ਹੱਥ ਮਿਲਾਏ ਜਾਣ ਨੂੰ ਸ਼ਿਵ ਸੈਨਾ ਨੇ ਪਸੰਦ ਨਹੀਂ ਕੀਤਾ ਸੀ। ਅਜਿਹੀਆਂ ਕਈ ਛੋਟੀਆਂ-ਮੋਟੀਆਂ ਸ਼ਿਕਾਇਤਾਂ ਹਨ, ਜਿਨ੍ਹਾਂ ਕਾਰਨ ਦੋਵਾਂ ਵਿਚਾਲੇ ਫੁੱਟ ਵਧਣ ਲੱਗੀ। ਇਨ੍ਹਾਂ 51 ਸਾਲਾਂ ਵਿੱਚ ਸ਼ਿਵ ਸੈਨਾ ਨੇ ਵੀ ਹੋਰ ਸਿਆਸੀ ਪਾਰਟੀਆਂ ਵਾਂਗ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਇਸ ਦਾ ਮੌਜੂਦਾ ਉਦੇਸ਼ ਮਹਾਰਾਸ਼ਟਰ ਵਿੱਚ ਟਿਕੇ ਰਹਿਣਾ ਹੈ, ਪਰ ਭਾਜਪਾ ਨਾਲ ਮਿਲ ਕੇ ਨਹੀਂ।
ਦੂਜੇ ਪਾਸੇ ਦੋਵਾਂ ਪਾਰਟੀਆਂ ਵਿਚਾਲੇ ਰਿਸ਼ਤਾ ਉਦੋਂ ਵਰਗਾ ਨਹੀਂ ਰਿਹਾ, ਜਦੋਂ ਬਾਲਾ ਸਾਹਿਬ ਠਾਕਰੇ ਅਤੇ ਭਾਜਪਾ ਨੇਤਾ ਵਾਜਪਾਈ-ਅਡਵਾਨੀ ਵਿਚਾਲੇ ਬਿਹਤਰ ਤਾਲਮੇਲ ਹੁੰਦਾ ਸੀ। ਹੁਣ ਉਧਵ ਠਾਕਰੇ ਮੋਦੀ ਦੀ ਆਲੋਚਨਾ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।
ਤੀਜੀ ਗੱਲ ਸ਼ਿਵ ਸੈਨਾ ਐੱਨ ਡੀ ਏ ਦੀਆਂ ਬਹੁਤ ਸਾਰੀਆਂ ਸਥਾਨਕ ਜਾਂ ਕੌਮੀ ਨੀਤੀਆਂ ਨਾਲ ਸਹਿਮਤ ਨਹੀਂ ਹੈ। ਜਦੋਂ 1998 ਵਿੱਚ ਇਸ ਦਾ ਗਠਨ ਹੋਇਆ ਸੀ, ਇਹ ਐੱਨ ਡੀ ਏ ਦੀ ਮੁੱਖ ਭਾਈਵਾਲ ਰਹੀ। ਜੈਤਾਪੁਰ ਨਿਊਕਲੀਅਰ ਪਾਵਰ ਪ੍ਰੋਜੈਕਟ, ਭੋਂ ਪ੍ਰਾਪਤੀ ਬਿੱਲ, ਮੈਟਰੋ-3 ਪ੍ਰੋਜੈਕਟ ਅਤੇ ਗਊ ਮਾਸ ਵਿਵਾਦ ਸਮੇਤ ਕਈ ਮੁੱਦੇ ਹਨ, ਜਿਨ੍ਹਾਂ ਤੋਂ ਸ਼ਿਵ ਸੈਨਾ ਨਾਰਾਜ਼ ਹੈ, ਕਿਉਂਕਿ ਭਾਜਪਾ ਨੇ ਕਾਂਗਰਸ ਨੇਤਾ ਨਾਰਾਇਣ ਰਾਣੇ ਨੂੰ ਆਪਣੇ ਨਾਲ ਮਿਲਾ ਲਿਆ ਹੈ, ਜੋ ਪਹਿਲਾਂ ਸ਼ਿਵ ਸੈੀਿਨਕ ਸਨ। ਯੂ ਪੀ ਅਤੇ ਗੁਜਰਾਤ ਵਿੱਚ ਦੋਵਾਂ ਪਾਰਟੀਆਂ ਨੇ ਅੱਡ ਅੱਡ ਚੋਣਾਂ ਲੜੀਆਂ, ਪਰ ਇਸ ਦਾ ਖਾਸ ਅਸਰ ਨਹੀਂ ਪਿਆ, ਕਿਉਂਕਿ ਉਥੇ ਇਹ ਇੱਕ ਦੂਜੀ ਦੀਆਂ ਵੋਟਾਂ ਖਰਾਬ ਕਰਨ ਦੇ ਯੋਗ ਨਹੀਂ ਹਨ।
ਚੌਥੀ ਗੱਲ, ਭਾਜਪਾ ਮਹਾਰਾਸ਼ਟਰ ਨੂੰ ਗੁਆਂਢੀ ਰਾਜਾਂ ਗੁਜਰਾਤ ਤੇ ਮੱਧ ਪ੍ਰਦੇਸ਼ ਵਾਂਗ ਆਪਣਾ ਪੱਕਾ ਗੜ੍ਹ ਬਣਾਉਣਾ ਚਾਹੁੰਦੀ ਹੈ। ਸ਼ਿਵ ਸੈਨਾ ਨੂੰ ਇਹੋ ਗੱਲ ਚੁੱਭਦੀ ਹੈ, ਕਿਉਂਕਿ ਇਸ ਨਾਲ ਉਸ ਦਾ ਵੋਟਰ ਆਧਾਰ ਵੰਡਿਆ ਜਾਵੇਗਾ। ਇਸ ਰਾਜ ਵਿੱਚ ਚਾਰ ਪ੍ਰਮੁੱਖ ਪਾਰਟੀਆਂ ਹਨ; ਕਾਂਗਰਸ, ਭਾਜਪਾ, ਸ਼ਿਵ ਸੈਨਾ ਅਤੇ ਐੱਨ ਸੀ ਪੀ। ਹੁਣ ਐੱਨ ਸੀ ਪੀ ਦੇ ਨੇਤਾ ਸ਼ਰਦ ਪਵਾਰ, ਜੋ ਗੈਰ ਭਾਜਪਾ ਗਠਜੋੜ ਬਣਾਉਣ ਲਈ ਯਤਨਸ਼ੀਲ ਹਨ, ਇਸ ਗੱਲ ਬਾਰੇ ਆਸਵੰਦ ਹਨ ਕਿ ਸ਼ਿਵ ਸੈਨਾ ਅਤੇ ਭਾਜਪਾ ਇਕੱਠੇ ਚੋਣਾਂ ਨਹੀਂ ਲੜਨਗੀਆਂ। ਸ਼ਹਿਰੀ ਹਲਕਿਆਂ ਵਿੱਚ ਭਾਜਪਾ ਲਈ ਚੰਗੀ ਸੋਚ ਹੈ, ਪਰ ਦਿਹਾਤੀ ਦਿ੍ਰਸ਼ ਅਜਿਹਾ ਨਹੀਂ। ਮਰਾਠਾ ਲਹਿਰ ਨੇ ਦਲਿਤ ਲਹਿਰ ਨੂੰ ਨੀਵੀਂ ਕਰ ਦਿੱਤਾ ਹੈ ਤਾਂ ਕਿਸਾਨੀ ਮੁੱਦਾ, ਨੌਕਰੀਆਂ ਤੇ ਮਹਿੰਗਾਈ ਚੋਣਾਂ ਦੇ ਮੁੱਖ ਮੁੱਦੇ ਹੋਣਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਇਸ ਸੂਬੇ ਦੀਆਂ ਚੋਣਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਉਣਾ ਚਾਹੁੰਦੇ ਹਨ। ਜੇ ਕਾਂਗਰਸ ਅਤੇ ਐੱਨ ਸੀ ਪੀ ਅਗਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਹੋ ਜਾਣ ਤਾਂ ਗਣਿਤ ਵੱਖਰਾ ਹੋਵੇਗਾ। ਇਸੇ ਤਰ੍ਹਾਂ ਜੇ ਭਾਜਪਾ ਤੇ ਸ਼ਿਵ ਸੈਨਾ ਇੱਕ ਹੋ ਕੇ ਚੋਣਾਂ ਲੜਦੀਆਂ ਹਨ ਤਾਂ ਇਹ ਦੋਵਾਂ ਲਈ ਜ਼ਿਆਦਾ ਸੀਟਾਂ ਜਿੱਤਣ ਦਾ ਮੌਕਾ ਹੋਵੇਗਾ, ਪਰ ਜੇ ਅੱਡ-ਅੱਡ ਚੋਣਾਂ ਲੜਦੀਆਂ ਹਨ ਤਾਂ ਉਨ੍ਹਾਂ ਦੀਆਂ ਵੋਟਾਂ ਵੰਡ ਹੋਣ ਦਾ ਲਾਭ ਯਕੀਨੀ ਤੌਰ ‘ਤੇ ਕਾਂਗਰਸ-ਐੱਨ ਸੀ ਪੀ ਨੂੰ ਮਿਲੇਗਾ।