ਭਾਜਪਾ ਵਾਲੇ ਚੋਣਾਂ ਤਾਂ ਜਿੱਤ ਜਾਣਗੇ, ਪਰ ਭਰੋਸਾ ਗੁਆ ਲੈਣਗੇ

bjp
-ਸੰਜੇ ਦਿਵੇਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰ ਕੇ ਦੇਸ਼ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਿਆਸੀ ਕਲਚਰ ਵਿੱਚ ਤਬਦੀਲੀ ਦੇ ਆਪਣੇ ਵਾਅਦੇ ਉੱਤੇ ਕਾਇਮ ਹਨ। ਉਹ ਨਿਰਾਸ਼ਾ ਦੇ ਬੱਦਲਾਂ ਨੂੰ ਖਿੰਡਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਤੀਜੇ ਪਸੰਦ ਹਨ ਅਤੇ ਇਸ ਦੇ ਲਈ ਸਿਆਸੀ ਲੀਡਰਸ਼ਿਪ ਨਾਲ ਕੰਮ ਨਾ ਚੱਲੇ ਤਾਂ ਉਹ ਨੌਕਰਸ਼ਾਹਾਂ ਨੂੰ ਵੀ ਆਪਣੀ ਟੀਮ ਵਿੱਚ ਸ਼ਾਮਲ ਕਰ ਸਕਦੇ ਹਨ।
ਭਾਰਤੀ ਸਿਆਸਤ ਦੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪ੍ਰਯੋਗ ਕਿੰਨੇ ਲਾਹੇਵੰਦ ਹੋਣਗੇ, ਇਹ ਤਾਂ ਸਮਾਂ ਦੱਸੇਗਾ, ਪਰ ਆਮ ਆਦਮੀ ਉਨ੍ਹਾਂ ਨੂੰ ਅੱਜ ਵੀ ਭਰੋਸੇ ਨਾਲ ਦੇਖ ਰਿਹਾ ਹੈ। ਇਹੋ ਨਰਿੰਦਰ ਮੋਦੀ ਦੀ ਤਾਕਤ ਹੈ ਕਿ ਲੋਕਾਂ ਦਾ ਭਰੋਸਾ ਉਨ੍ਹਾਂ ‘ਤੇ ਕਾਇਮ ਹੈ। ਇਹ ਵੀ ਇੱਕ ਕੌੜਾ ਸੱਚ ਹੈ ਕਿ ਤਿੰਨ ਸਾਲ ਬੀਤ ਗਏ ਹਨ ਅਤੇ ਸਰਕਾਰ ਕੋਲ ਦੋ ਸਾਲ ਬਾਕੀ ਹਨ, ਨਾਲ ਇਹ ਸਹੂਲਤ ਵੀ ਹੈ ਕਿ ਵਿਰੋਧੀ ਧਿਰ ਅੱਜ ਵੀ ਮੁੱਦਿਆਂ ਦੇ ਆਧਾਰ ‘ਤੇ ਕੋਈ ਨਵਾਂ ਬਦਲ ਦੇਣ ਦੀ ਬਜਾਏ ਮੋਦੀ ਦੀ ਆਲੋਚਨਾ ਕਰਨ ਨੂੰ ਹੀ ਤਰਜੀਹ ਦੇ ਰਹੀ ਹੈ। ਭਾਜਪਾ ਨੇ ਜਿਸ ਤਰ੍ਹਾਂ ਆਪਣਾ ਸਮਾਜਕ ਤੇ ਭੂਗੋਲਿਕ ਆਧਾਰ ਵਧਾਇਆ ਹੈ, ਕਾਂਗਰਸ ਉਸੇ ਤੇਜ਼ੀ ਨਾਲ ਆਪਣੀ ਜ਼ਮੀਨ ਛੱਡ ਰਹੀ ਹੈ। ਸਾਰੀਆਂ ਖੇਤਰੀ ਪਾਰਟੀਆਂ ਭਾਜਪਾ ਦੀ ਛੱਤਰੀ ਹੇਠਾਂ ਹੀ ਆਪਣੇ ਭਵਿੱਖ ਨੂੰ ਸੁਰੱਖਿਅਤ ਮੰਨ ਕੇ ਚੱਲ ਰਹੀਆਂ ਹਨ।
ਭਾਜਪਾ ਦੇ ਅੰਦਰ ਜਾਂ ਬਾਹਰ ਨਰਿੰਦਰ ਮੋਦੀ ਸਾਹਮਣੇ ਕੋਈ ਚੁਣੌਤੀ ਨਹੀਂ ਹੈ। ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਰਣਨੀਤੀ ਤਹਿਤ ਭਾਜਪਾ ਕੋਲ ਇੱਕ-ਇੱਕ ਕਰ ਕੇ ਸੂਬਾ ਸਰਕਾਰਾਂ ਆ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਹਾਲ ਦੀ ਘੜੀ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸੰਕਟ ਇਹ ਹੈ ਕਿ ਕਾਂਗਰਸ ਆਪਣੇ ਅੰਦਰੂਨੀ ਕਲੇਸ਼ ‘ਚੋਂ ਨਿਕਲਣ ਨੂੰ ਤਿਆਰ ਨਹੀਂ। ਕੇਂਦਰ ਸਰਕਾਰ ਦੀਆਂ ਨਾਕਾਮੀਆਂ ‘ਤੇ ਗੱਲ ਕਰਦਿਆਂ ਕਾਂਗਰਸ ਦਾ ਆਤਮ ਵਿਸ਼ਵਾਸ ਗਾਇਬ ਜਿਹਾ ਹੈ। ਵਿਰੋਧੀ ਧਿਰ ਵਜੋਂ ਕਾਂਗਰਸੀ ਨੇਤਾਵਾਂ ਦੀ ਜੋ ਭੂਮਿਕਾ ਹੈ, ਉਹ ਸਹੀ ਨਹੀਂ ਕਹੀ ਜਾ ਸਕਦੀ। ਹਿੰਦੀ ਭਾਸ਼ੀ ਖੇਤਰਾਂ ਵਿੱਚ ਕਾਂਗਰਸ ਅਜੇ ਲੀਡਰਸ਼ਿਪ ਤੋਂ ਖਾਲੀ ਹੈ। ਵਿਰੋਧੀ ਧਿਰ ਨੂੰ ਜਿਸ ਤਰ੍ਹਾਂ ਸੱਤਾ ਪੱਖ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਸ ਨੂੰ ਘੇਰਨਾ ਚਾਹੀਦਾ ਹੈ, ਉਸ ਦੀ ਝਲਕ ਕਿਤੇ ਨਜ਼ਰ ਨਹੀਂ ਆ ਰਹੀ।
ਆਪਣੀਆਂ ਸਾਰੀਆਂ ਹੱਦਾਂ ਦੇ ਬਾਵਜੂਦ ਮੋਦੀ ਤੇ ਉਨ੍ਹਾਂ ਦੀ ਸਰਕਾਰ ਸਿਰਫ ਧਨਾਢਾਂ ਦਾ ਲਾਭ ਉਠਾ ਕੇ ਕਾਂਗਰਸ ਨਾਲੋਂ ਜ਼ਿਆਦਾ ਨੰਬਰ ਹਾਸਲ ਕਰ ਰਹੀ ਹੈ। ਦੇਖੀਏ ਤਾਂ ਦੇਸ਼ ਦੇ ਸਾਰੇ ਮੋਰਚਿਆਂ ‘ਤੇ ਸਰਕਾਰ ਦੀ ਅਸਫਲਤਾ ਵੀ ਨਜ਼ਰ ਆਉਂਦੀ ਹੈ, ਪਰ ਕਾਂਗਰਸ ਨੇ ਲੋਕਾਂ ਦਾ ਜੋ ਭਰੋਸਾ ਤੋੜਿਆ, ਉਸ ਕਾਰਨ ਭਾਜਪਾ ਹੀ ਇੱਕੋ-ਇੱਕ ਬਦਲ ਲੱਗਦੀ ਹੈ। ਭਾਜਪਾ ਨੇ ਇਸ ਦੌਰ ਦੀ ਸਿਆਸਤ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਅਮਿਤ ਸ਼ਾਹ ਦੀ ਅਗਵਾਈ ਹੇਠ ਅਤੇ ਉਨ੍ਹਾਂ ਦੀ ਲਗਾਤਾਰ ਸਰਗਰਮੀ ਨੇ ਭਾਜਪਾ ਦੀ ‘ਸੁਸਤ ਫੌਜ’ ਨੂੰ ਵੀ ਚੁਸਤ-ਦਰੁਸਤ ਕਰ ਦਿੱਤਾ ਹੈ, ਜਦ ਕਿ ਕਾਂਗਰਸ ਵਿੱਚ ਇਸ ਦੀ ਘਾਟ ਨਜ਼ਰ ਆਉਂਦੀ ਹੈ।
ਗਾਂਧੀ ਪਰਵਾਰ ਨਾਲ ਜੁੜੇ ਨੇਤਾ ਆਪਣੇ ਸੱਤਾ ਹੱਥੋ ਜਾਣ ਤੋਂ ਬਾਅਦ ਵੀ ਜ਼ਮੀਨ ‘ਤੇ ਨਹੀਂ ਉਤਰੇ। ਉਨ੍ਹਾਂ ਦੀ ਰਾਜ ਕਰਨ ਦੀ ਇੱਛਾ ਹੈ, ਪਰ ਸਮਾਜ ਨਾਲ ਜੁੜਨ ਦੀ ਨਾ ਉਨ੍ਹਾਂ ਵਿੱਚ ਇੱਛਾ ਨਜ਼ਰ ਆਉਂਦੀ ਹੈ ਤੇ ਨਾ ਤਿਆਰੀ। ਅਜਿਹੀ ਸਥਿਤੀ ਵਿੱਚ ਕਾਂਗਰਸ ਅੱਜ ਡੂੰਘੇ ਸੰਕਟਾਂ ਵਿੱਚ ਘਿਰੀ ਹੋਈ ਹੈ।
ਭਾਜਪਾ ਜਿੱਥੇ ਵਿਚਾਰਧਾਰਾ ਨੂੰ ਲੈ ਕੇ ਧਾਰਦਾਰ ਢੰਗ ਨਾਲ ਅੱਗੇ ਵਧ ਰਹੀ ਹੈ ਤੇ ਉਸ ਨੇ ਆਪਣੇ ਹਿੰਦੂਵਾਦੀ ਵਿਚਾਰਾਂ ਨੂੰ ਲੈ ਕੇ ਬਚੀ ਖੁਚੀ ਝਿਜਕ ਵੀ ਛੱਡ ਦਿੱਤੀ ਹੈ, ਉਥੇ ਕਾਂਗਰਸ ਤੋਂ ਇਹ ਵੀ ਤੈਅ ਨਹੀਂ ਹੋ ਰਿਹਾ ਕਿ ਉਸ ਦੀ ਵਿਚਾਰਧਾਰਾ ਦੀ ਦਿਸ਼ਾ ਕੀ ਹੋਵੇ? ਪੰਡਿਤ ਨਹਿਰੂ ਨੇ ਆਪਣੇ ਸਮੇਂ ਵਿੱਚ ਜਿਹੜੇ ਕਮਿਊਨਿਸਟਾਂ ਦੇ ਚਰਿੱਤਰ ਨੂੰ ਸਮਝ ਕੇ ਉਨ੍ਹਾਂ ਤੋਂ ਦੂਰੀ ਬਣਾਈ ਸੀ, ਉਨ੍ਹਾਂ ਹੀ ‘ਅਲਟਰਾ ਲੈਫਟ’ ਤਾਕਤਾਂ ਨਾਲ ਖੜ੍ਹੇ ਹੋਣ ਵਿੱਚ ਰਾਹੁਲ ਗਾਂਧੀ ਨੂੰ ਅੱਜ ਕੋਈ ਸੰਕੋਚ ਨਹੀਂ। ਐਂਟੋਨੀ ਕਮੇਟੀ ਦੀ ਰਿਪੋਰਟ ਕਾਂਗਰਸ ਦੇ ਅਸਲੀ ਸੰਕਟਾਂ ਵੱਲ ਇਸ਼ਾਰਾ ਕਰਦੀ ਹੈ। ਅਜਿਹੀ ਸਥਿਤੀ ਵਿੱਚ ਮੋਦੀ ਦੇ ਜੇਤੂ ਰੱਥ ਨੂੰ ਰੋਕਣ ਵਾਲਾ ਵਿਰੋਧੀ ਧਿਰ ਵਿੱਚ ਕੋਈ ਵੀ ਨੇਤਾ ਨਜ਼ਰ ਨਹੀਂ ਆ ਰਿਹਾ।
ਬਿਹਾਰ ਦੇ ਨਿਤੀਸ਼ ਕਮਾਰ ਕਾਂਡ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਜੋ ਮਨੋਵਿਗਿਆਨਕ ਸੱਟ ਮਾਰੀ ਹੈ, ਉਸ ਦਾ ਅਸਰ ਵਿਰੋਧੀ ਧਿਰ ‘ਤੇ ਅਜੇ ਕਾਫੀ ਦੇਰ ਰਹੇਗਾ। ਵਿਰੋਧੀ ਧਿਰ ਦੇ ਨੇਤਾ ਆਪਣੀਆਂ ਧਾਰਨਾਵਾਂ ‘ਚੋਂ ਬਾਹਰ ਆਉਣ ਲਈ ਤਿਆਰ ਨਹੀਂ ਤੇ ਨਾ ਉਨ੍ਹਾਂ ਵਿੱਚ ਸਮੂਹਿਕ ਲੀਡਰਿਸ਼ਪ ਬਾਰੇ ਕੋਈ ਸੋਚ ਨਜ਼ਰ ਆਉਂਦੀ ਹੈ।
ਇਸ ਦੌਰ ਵਿੱਚ ਮੋਦੀ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਸੋਚਣਾ ਪਵੇਗਾ ਕਿ ਦੇਸ਼ ਵਿੱਚ ਜਦ ਰਚਨਾਤਮਕ ਵਿਰੋਧੀ ਧਿਰ ਨਹੀਂ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਮੋਦੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ, ਉਸ ਦਿਸ਼ਾ ਵਿੱਚ ਉਨ੍ਹਾਂ ਦੀ ਸਰਕਾਰ ਕਿੰਨਾ ਕੇ ਅੱਗੇ ਵਧੀ ਹੈ? ਖਾਸ ਕਰ ਕੇ ਰੋਜ਼ਗਾਰਾਂ ਦੀ ਸਿਰਜਣਾ ਤੇ ਭਿ੍ਰਸ਼ਟਾਚਾਰ ਵਿਰੁੱਧ ਲੜਾਈ ਦੇ ਸਵਾਲ ‘ਤੇ? ਮਹਿੰਗਾਈ ਦੇ ਸਵਾਲ ‘ਤੇ? ਲੋਕਾਂ ਦੀ ਜ਼ਿੰਦਗੀ ਵਿੱਚ ਕਿੰਨੀਆਂ ਰਾਹਤਾਂ ਤੇ ਕਿੰਨੀਆਂ ਮੁਸ਼ਕਲਾਂ ਆਈਆਂ ਹਨ, ਉਨ੍ਹਾਂ ਨੂੰ ਇਸ ਦਾ ਹਿਸਾਬ ਵੀ ਦੇਣਾ ਪਵੇਗਾ।
ਸਿਆਸੀ ਮੈਦਾਨ ਵਿੱਚ ਮਿਲਦੀਆਂ ਸਫਲਤਾਵਾਂ ਦੇ ਅਰਥ ਕਈ ਵਾਰ ਇਹ ਹੁੰਦੇ ਹਨ ਕਿ ਸਾਹਮਣੇ ਕੋਈ ਬਦਲ ਨਹੀਂ ਹੁੰਦਾ। ਕਈ ਵਾਰ ਮਜ਼ਬੂਤ ਜਥੇਬੰਦਕ ਆਧਾਰ ਵੀ ਤੁਹਾਡੇ ਕੰਮ ਆਉਂਦਾ ਹੈ। ਇਸ ਦਾ ਅਰਥ ਇਹ ਨਹੀਂ ਕਿ ਸਾਰੇ ਲੋਕ ਸੁਖੀ ਹਨ ਅਤੇ ਚਾਰੇ ਪਾਸੇ ਵਿਕਾਸ ਦੀ ਗੰਗਾ ਵਗ ਰਹੀ ਹੈ। ਸਿਆਸਤ ਦੇ ਮੈਦਾਨ ਵਿੱਚੋਂ ਨਿਕਲੇ ਅਰਥਾਂ ਨਾਲ ਲੋਕਾਂ ਦੇ ਅਸਲੀ ਜੀਵਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਵਿੱਚ ਦੋ ਰਾਵਾਂ ਨਹੀਂ ਕਿ ਮੋਦੀ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ ਤੇ ਅਜਿਹੇ ਸ਼ਾਹ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ, ਪਰ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਸਾਰਿਆਂ ਦੀ ਇਸ ਹੱਡਤੋੜ ਮਿਹਨਤ ਨਾਲ ਕੀ ਦੇਸ਼ ਦੇ ਆਮ ਆਦਮੀ ਦੀ ਕਿਸਮਤ ਬਦਲ ਰਹੀ ਹੈ? ਕੀ ਮਜ਼ਦੂਰ, ਕਿਸਾਨ, ਨੌਜਵਾਨ ਵਿਦਿਆਰਥੀ, ਔਰਤਾਂ, ਕਾਰੋਬਾਰੀ ਖੁਦ ਨੂੰ ਸੁਖੀ ਮਹਿਸੂਸ ਕਰਦੇ ਹਨ? ਸਿਆਸੀ ਮੰਚ ‘ਤੇ ਤਬਦੀਲੀ ਤੋਂ ਬਾਅਦ ਹੁਣ ਲੋਕਾਂ ਦੀ ਕਿਸਮਤ ਬਦਲਦੀ ਨਜ਼ਰ ਆਉਣੀ ਚਾਹੀਦੀ ਹੈ। ਮੋਦੀ-ਸ਼ਾਹ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ, ਪਰ ਕੀ ਉਨ੍ਹਾਂ ਦੇ ਨਤੀਜੇ ਜ਼ਮੀਨ ‘ਤੇ ਨਜ਼ਰ ਆ ਰਹੇ ਹਨ? ਇਸ ‘ਤੇ ਵਿਚਾਰ ਕਰਨਾ ਪਵੇਗਾ।
ਦੇਸ਼ ਦੇ ਕੁਝ ਸ਼ਹਿਰਾਂ ਦੀ ਚਮਕਦੀ ਤਰੱਕੀ ਇਸ ਦੇਸ਼ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ। ਸਾਨੂੰ ਉਜੜੇ ਪਿੰਡਾਂ, ਹੜ੍ਹ ਕਾਰਨ ਹਰ ਸਾਲ ਉਜੜਦੇ ਪਰਵਾਰਾਂ, ਖੁਦਕੁਸ਼ੀ ਕਰ ਰਹੇ ਕਿਸਾਨਾਂ ਬਾਰੇ ਸੋਚਣਾ ਪਵੇਗਾ ਤੇ ਉਨ੍ਹਾਂ ਦੇ ਨਤੀਜੇ ਜ਼ਮੀਨ ‘ਤੇ ਨਜ਼ਰ ਆ ਰਹੇ ਹਨ? ਇਸ ‘ਤੇ ਵਿਚਾਰ ਕਰਨਾ ਪਵੇਗਾ। ਦੇਸ਼ ਦੇ ਕੁਝ ਸ਼ਹਿਰਾਂ ਦੀ ਚਮਕਦੀ ਤਰੱਕੀ ਇਸ ਦੇਸ਼ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ। ਸਾਨੂੰ ਉਜੜਦੇ ਪਿੰਡਾਂ, ਹੜ੍ਹ ਕਾਰਨ ਹਰ ਸਾਲ ਉਜੜਦੇ ਪਰਵਾਰਾਂ, ਖੁਦਕੁਸ਼ੀ ਕਰ ਰਹੇ ਕਿਸਾਨਾਂ ਬਾਰੇ ਸੋਚਣਾ ਪਵੇਗਾ ਕਿ ਉਨ੍ਹਾਂ ਨੌਜਵਾਨਾਂ ਬਾਰੇ ਵੀ, ਜਿਹੜੇ ਨੌਕਰੀਆਂ ਦੀ ਉਡੀਕ ਵਿੱਚ ਹੌਲੀ-ਹੌਲੀ ਬੁਢਾਪੇ ਵੱਲ ਜਾ ਰਹੇ ਹਨ। ਇਲਾਜ ਦੀ ਘਾਟ ਕਾਰਨ ਮਰਦੇ ਬੱਚੇ ਇੱਕ ਸਵਾਲ ਬਣ ਕੇ ਸਾਡੇ ਸਾਹਮਣੇ ਹਨ। ਆਪਣੇ ਬਚਪਨ ਨੂੰ ਜੇ ਅਸੀਂ ਇੰਨਾ ਅਸੁਰੱਖਿਅਤ ਭਵਿੱਖ ਦਿੱਤਾ ਹੈ ਤਾਂ ਅਗਾਂਹ ਕੀ ਹੋਵੇਗਾ?
ਅਜਿਹੇ ਕਈ ਸਵਾਲ ਸਾਡੇ ਸਮਾਜ ਤੇ ਸਰਕਾਰਾਂ ਦੇ ਸਾਹਮਣੇ ਹਨ। ਸਰਕਾਰ ਦੇ ਨਵੇਂ ਸਿਪਾਹਸਲਾਰਾਂ ਨੂੰ ਜ਼ਿਆਦਾ ਤੇਜ਼ੀ ਨਾਲ ਨਤੀਜੇ ਦੇਣ ਵਾਲੀਆਂ ਯੋਜਨਾਵਾਂ ‘ਤੇ ਕੰਮ ਕਰਨ ਦੀ ਲੋੜ ਹੈ, ਨਹੀਂ ਤਾਂ ਇੱਕ ਮੌਕਾ ਸਮਝੋ ਕੇਂਦਰ ਸਰਕਾਰ ਦੇ ਹੱਥੋਂ ਉਂਝ ਹੀ ਨਿਕਲ ਜਾਵੇਗਾ। ਇਸ ਵਿੱਚ ਨੁਕਸਾਨ ਸਿਰਫ ਇਹ ਹੋਵੇਗਾ ਕਿ ਤੁਸੀਂ ਚੋਣਾਂ ਤਾਂ ਜਿੱਤ ਜਾਓਗੇ, ਪਰ ਭਰੋਸਾ ਗੁਆ ਬੈਠੋਗੇ।