ਭਾਜਪਾ ਵਾਲਿਆਂ ਨੇ ਨਸ਼ੇ ਦੇ ਮੁੱਦੇ ਉੱਤੇ ਮੋਤੀ ਮਹਿਲ ਤੋਂ ਵਾਹਵਾ ਦੂਰ ਜਾ ਕੇ ਪੁਤਲਾ ਫੂਕਿਆ


* ਅਕਾਲੀਆਂ ਵੱਲੋਂ ਕੋਟਕਪੂਰੇ ਤੋਂ ਰੋਸ ਮਾਰਚ
ਪਟਿਆਲਾ, 2 ਜੁਲਾਈ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਯੂਨਿਟ ਦੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਅੱਜ ‘ਨਿਊ ਮੋਤੀ ਮਹਿਲ’ ਤੋਂ ਚੋਖਾ ਦੂਰ ਜਾ ਕੇ ਫੂਕਿਆ।
ਪਟਿਆਲਾ ਦੇ ਲੋਕ ਜਾਣਦੇ ਹਨ ਕਿ ਰਾਜਸੀ ਧਿਰਾਂ ਦੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਜਾਂ ਪੁਤਲਾ ਫੂਕਣ ਦਾ ਕੰਮ ਆਮ ਕਰ ਕੇ ਫੁਹਾਰਾ ਚੌਕ, ਅਨਾਰਦਾਨਾ ਚੌਕ, ਬੱਸ ਸਟੈਂਡ, ਮਿੰਨੀ ਸਕੱਤਰੇਤ ਜਾਂ ਮਹਿਲ ਦੇ ਨੇੜੇ ਵਾਈ ਪੀ ਐੱਸ ਚੌਕ ਉੱਤੇ ਹੁੰਦਾ ਹੈ, ਪਰ ਭਾਜਪਾ ਨੇ ਅੱਜ ਮੁੱਖ ਮੰਤਰੀ ਦਾ ਪੁਤਲਾ ਫੂਕਣ ਲਈ ਸ਼ਹਿਰ ਦਾ ਵੱਖਰਾ ਕੋਨਾ ਗੁਰਬਖ਼ਸ਼ ਕਲੋਨੀ ਦਾ ਚੌਕ ਜਾ ਚੁਣਿਆ, ਜੋ ‘ਨਿਊ ਮੋਤੀ ਮਹਿਲ’ ਤੋਂ ਕਾਫ਼ੀ ਦੂਰ ਹੈ। ਉਨ੍ਹਾ ਨੇ ਅਮਰਿੰਦਰ ਸਿੰਘ ਦੇ ਪੁਤਲੇ ਨੂੰ ਸਜਾਵਟੀ ਰੂਪ ਦੇ ਕੇ ਬੱਚਿਆਂ ਦੇ ਖਿਡਾਉਣੇ ਵਾਂਗ ਬਣਾ ਰੱਖਿਆ ਸੀ। ਭਾਜਪਾ ਦੇ ਸੂਬਾ ਆਗੂਆਂ ਨੇ ਨਸ਼ਿਆਂ ਦੇ ਮੁੱਦੇ ਤੋਂ ਮੁੱਖ ਮੰਤਰੀ ਨੂੰ ਘੇਰਨ ਲਈ ਅੱਜ ਪੰਜਾਬ ਭਰ ਵਿੱਚ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਦੌਰਾਨ ਕੁਝ ਸਥਾਨਕ ਭਾਜਪਾ ਆਗੂਆਂ ਨੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਐੱਸ ਕੇ ਦੇਵ ਉੱਤੇ ਦੋਸ਼ ਲਾਇਆ ਕਿ ਮਹਿਲ ਤੋਂ ਦੂਰ ਜਾ ਕੇ ਪੁਤਲਾ ਫੂਕਣ ਪਿੱਛੇ ਉਸ ਦੇ ਮਨ ਵਿੱਚ ਕੋਈ ਡਰ ਨਜ਼ਰ ਆਉਂਦਾ ਹੈ। ਭਾਜਪਾ ਦੇ ਇੱਕ ਆਗੂ ਨੇ ਦੱਸਿਆ ਕਿ ਇੱਕ ਧਿਰ ਨੇ ਪੁਤਲਾ ਅਨਾਰਦਾਨਾ, ਫੁਹਾਰਾ ਚੌਕ ਜਾਂ ਵਾਈ ਪੀ ਐੱਸ ਚੌਕ ਉੱਤੇ ਫੂਕਣ ਨੂੰ ਕਿਹਾ ਸੀ, ਪਰ ਜ਼ਿਲ੍ਹਾ ਲੀਡਰਸ਼ਿਪ ਨੇ ਰੱਦ ਕਰ ਕੇ ਗੁਰਬਖ਼ਸ਼ ਕਲੋਨੀ ਦਾ ਰੁਖ਼ ਕਰ ਲਿਆ। ਇਸ ਥਾਂ ਦੀ ਚੋਣ ਉੱਤੇ ਭਾਜਪਾ ਦੋ ਗੁੱਟਾਂ ਵਿੱਚ ਵੰਡੀ ਗਈ।
ਦੂਸਰੇ ਪਾਸੇ ਅਕਾਲੀ ਆਗੂਆਂ ਨੇ ਅੱਜ ਨਸ਼ਿਆਂ ਵਿਰੁੱਧ ਕੋਟਕਪੂਰਾ ਤੋਂ ਫਰੀਦਕੋਟ ਤੱਕ 14 ਕਿਲੋਮੀਟਰ ਪੈਦਲ ਰੋਸ ਮਾਰਚ ਕਰ ਕੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਪਾਰਲੀਮੈਂਟਰੀ ਸੈਕਟਰੀ ਮਨਤਾਰ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਹਨ ਤੇ ਸਰਕਾਰ ਇਸ ਬਾਰੇ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਅਕਾਲੀ ਦਲ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢੇਗਾ।