ਭਾਜਪਾ ਨੇਤਾ ਸ਼ੀਤਲ ਅੰਗੁਰਾਲ ਤੇ ਦੀਪਕ ਲੂਥਰਾ ਸਮੇਤ ਨੌਂ ਜਣਿਆਂ ਉੱਤੇ ਕੇਸ ਦਰਜ

sheetal angural case
ਜਲੰਧਰ, 19 ਮਈ (ਪੋਸਟ ਬਿਊਰੋ)- ਭਾਜਪਾ ਨੇਤਾ ਆਸ਼ੂ ਸਾਂਪਲਾ ਉੱਤੇ ਸ਼ੋਸ਼ਣ ਦਾ ਦੋਸ਼ ਲਾਉਣ ਨਾਲ ਚਰਚਾ ਵਿੱਚ ਆਈ ਮਿੰਟੀ ਕੌਰ ਦੇ ਬਿਆਨਾਂ ਉੱਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ, ਪ੍ਰਦੀਪ ਖੁੱਲਰ ਅਤੇ ਮਿੰਟੀ ਨੂੰ ਮੂੰਹ ਬੋਲੀ ਬੇਟੀ ਦੱਸਣ ਵਾਲੇ ਦੀਪਕ ਲੂਥਰਾ ਸਮੇਤ ਕੁੱਲ ਨੌਂ ਜਣਿਆਂ ਉੱਤੇ ਥਾਣਾ ਡਵੀਜ਼ਨ ਨੰਬਰ ਛੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਹੋਰਨਾਂ ਉੱਤੇ ਦੋਸ਼ ਲੱਗੇ ਹਨ, ਉਨ੍ਹਾਂ ਵਿੱਚ ਅਸ਼ਵਨੀ ਬਬੂਟਾ, ਦਿਨੇਸ਼ ਵਰਮਾ, ਰਾਜੀਵ ਚੋਪੜਾ, ਅੰਮ੍ਰਿਤ ਧਨੋਆ, ਸੋਨੂ ਦਿਨਕਰ, ਵਿਕਾਸ ਕਪਿਲਾ ਸ਼ਾਮਲ ਹਨ। ਇਨ੍ਹਾਂ ਉੱਤੇ ਦੋਸ਼ ਹਨ ਕਿ ਉਨ੍ਹਾਂ ਨੇ ਮਿੰਟੀ ਦੇ ਨਿੱਜੀ ਵੀਡੀਓ ਸੋਸ਼ਲ ਮੀਡੀਆ ਉੱਤੇ ਮੈਸੇਜ ਵਾਇਰਲ ਕੀਤੇ, ਬਲੈਕਮੇਲਰ ਅਤੇ ਚਰਿੱਤਰਹੀਣ ਮਹਿਲਾ ਕਿਹਾ।
ਮਿੰਟੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦਾ ਅਤੇ ਅਸ਼ੂੁ ਸਾਂਪਲਾ ਦਾ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਵਿੱਚ ਦੀਪਕ ਲੂਥਰਾ ਤੇ ਸ਼ੀਤਲ ਅੰਗੁਰਾਲ ਨੇ ਉਸ ਉੱਤੇ ਕਈ ਦੋਸ਼ ਲਾਏ ਸਨ। ਉਸ ਨੇ ਕਿਹਾ ਕਿ ਇਸ ਦੇ ਬਾਅਦ ਦੀਪਕ ਲੂਥਰਾ ਨੇ ਫੇਸਬੁਕ ਉੱਤੇ ਉਸ ਦੀ ਇੱਕ ਵੀਡੀਓ, ਜੋ ਨਿੱਜੀ ਸੀ, ਵਾਇਰਲ ਕਰ ਦਿੱਤੀ। ਉਸ ਵੀਡੀਓ ਦੇ ਵਾਇਰਲ ਹੋਣ ਨਾਲ ਉਸ ਦੀ ਬਦਨਾਮੀ ਹੋਈ ਹੈ। ਉਸ ਨੇ ਵੀਡੀਓ ਵਾਇਰਲ ਕਰਨ ਦੇ ਲਈ ਸ਼ੀਤਲ ਅੰਗੁਰਾਲ ਦਾ ਵੀ ਨਾਂਅ ਲਿਆ ਸੀ। ਸ਼ਿਕਾਇਤ ਉੱਤੇ ਕਾਰਵਾਈ ਨਾ ਹੋਣ ਦਾ ਦੋਸ਼ ਲਾ ਕੇ ਮਿੰਟੀ ਨੇ ਬੀਤੇ ਦਿਨੀਂ ਪੁਲਸ ਕਮਿਸ਼ਨਰ ਦੇ ਘਰ ਦੇ ਬਾਹਰ ਦੇਰ ਰਾਤ ਨੂੰ ਧਰਨਾ ਲਾ ਦਿੱਤਾ। ਕੱਲ੍ਹ ਪੁਲਸ ਨੇ ਮਿੰਟੀ ਦੇ ਬਿਆਨਾਂ ‘ਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਦੀਪਕ ਲੂਥਰਾ ‘ਤੇ ਕੇਸ ਦਰਜ ਕੀਤਾ।
ਥਾਣਾ ਛੇ ਦੇ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਮਿੰਟੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਐੱਸ ਆਈ ਟੀ ਦੇ ਸਾਹਮਣੇ ਆਸ਼ੂ ਦੇ ਸਮਰਥਕ ਪੇਸ਼ ਹੋਏ। ਮਿੰਟੀ ਨੇ ਸ਼ਿਕਾਇਤ ਵਿੱਚ ਸ਼ੇਰੂ ਨਾਂਅ ਦੇ ਵਿਅਕਤੀ ਦਾ ਵੀ ਜ਼ਿਕਰ ਕੀਤਾ ਸੀ, ਜਿਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਏ ਡੀ ਸੀ ਪੀ, ਡੀ ਸੁਡਰਵਿਲੀ ਨੇ ਦੱਸਿਆ ਕਿ ਸ਼ੇਰੂ ਤੋਂ ਪੁੱਛਗਿੱਛ ਕਰ ਕੇ ਉਸ ਦੇ ਬਿਆਨ ਦਰਜ ਕਰ ਲਏ ਹਨ। ਦੂਸਰੇ ਪਾਸੇ ਸ਼ੀਤਲ ਅੰਗੁਰਾਲ ਅਤੇ ਦੀਪਕ ਲੂਥਰਾ ਉੱਤੇ ਕੇਸ ਦਰਜ ਨਾ ਹੋਣ ‘ਤੇ ਜਦੋਂ ਮਿੰਟੀ ਨੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਤਾਂ ਉਥੇ ਪਹੁੰਚੇ ਅਧਿਕਾਰੀਆਂ ਨੇ ਕਾਰਵਾਈ ਦੇ ਭਰੋਸਾ ਦੇਣ ਉੱਤੇ ਮਿੰਟੀ ਉਠੀ ਅਤੇ ਧਮਕੀ ਦਿੱਤੀ ਸੀ ਕਿ ਉਹ ਦੋਬਾਰਾ ਧਰਨੇ ‘ਤੇ ਬੈਠ ਸਕਦੀ ਹੈ। ਕੱਲ੍ਹ ਮਿੰਟੀ ਨੇ ਮੀਡੀਆ ਨੂੰ ਮੈਸੇਜ ਜਾਰੀ ਕਰ ਕੇ ਦੱਸਿਆ ਸੀ ਕਿ ਜੇ ਕਾਰਵਾਈ ਨਾ ਹੋਈ ਤਾਂ ਉਹ ਕਮਿਸ਼ਨਰ ਪੁਲਸ ਦੇ ਦਫਤਰ ਦੇ ਬਾਹਰ ਕਾਲੀ ਪੱਟੀ ਬੰਨ੍ਹ ਕੇ ਧਰਨੇ ‘ਤੇ ਬੈਠ ਜਾਏਗੀ।