ਭਾਜਪਾ ਨੇਤਾ ਦੀਪਕ ਤੇਲੂ ਨੂੰ ਗੋਲੀ ਮਾਰਨ ਦੇ ਕੇਸ ਵਿੱਚ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਗ੍ਰਿਫਤਾਰ


ਜਲੰਧਰ, 2 ਫਰਵਰੀ (ਪੋਸਟ ਬਿਊਰੋ)- ਇੱਕ ਰਿਟਾਇਰਮੈਂਟ ਪਾਰਟੀ ਦੇ ਦੌਰਾਨ ਹੋਏ ਝਗੜੇ ਵਿੱਚ ਭਾਜਪਾ ਨੇਤਾ ਦੀਪਕ ਤੇਲੂ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਣ ਪਿੱਛੋਂ ਹਾਲੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ। ਤੱਥਾਂ ਦਾ ਖੁਲਾਸਾ ਕਰਨ ਪਿੱਛੋਂ ਪੁਲਸ ਨੇ ਵਿਪਨ ਸੱਭਰਵਾਲ ਦੇ ਬਿਆਨਾਂ ਉੱਤੇ ਸੁਭਾਸ਼ ਸੋਂਧੀ, ਉਸ ਦੇ ਬੇਟੇ ਅਤੇ ਭਰਾਵਾਂ ਸਮੇਤ 10 ਲੋਕਾਂ ਇਰਾਦਾ ਕਤਲ ਦਾ ਕੇਸ ਦਰਜ ਕਰ ਕੇ ਸੁਭਾਸ਼ ਸੋਂਧੀ ਅਤੇ ਰਾਜੂ ਖੋਸਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਕੱਲ੍ਹ ਰਾਤ ਅਲੀ ਮੁਹੱਲਾ ਦੇ ਵਸਨੀਕ ਸੁਦੇਸ਼ ਕੁਮਾਰ ਦੇ ਨੌਕਰੀ ਤੋਂ ਰਿਟਾਇਰ ਹੋਣ ‘ਤੇ ਉਨ੍ਹਾਂ ਦੇ ਪਰਵਾਰ ਨੇ ਬੈਦਰਨਾਥ ਰੋਡ ‘ਤੇ ਪਾਰਟੀ ਰੱਖੀ ਸੀ, ਜਿੱਥੇ ਸੁਭਾਸ਼ ਸੋਂਧੀ ਤੇ ਵਿਪਨ ਸੱਭਰਵਾਲ ਵਿਚਾਲੇ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ। ਇਸ ਪਿੱਛੋਂ ਵਿਪਨ ਸੱਭਰਵਾਲ ਚਲਾ ਗਿਆ। ਅੱਧੀ ਰਾਤ ਸਮੇਂ ਜਦੋਂ ਭਾਜਪਾ ਨੇਤਾ ਦੀਪਕ ਤੇਲੂ ਆਪਣੇ ਜੀਜੇ ਵਿਪਨ ਸੱਭਰਵਾਲ ਨੂੰ ਘਰ ਛੱਡਣ ਗਿਆ ਤਾਂ ਉਸ ਨੂੰ ਸੁਭਾਸ਼ ਸੋਂਧੀ ਅਤੇ ਉਸ ਦੇ ਸਾਥੀਆਂ ਨੇ ਘੇਰ ਲਿਆ ਤੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਦੀਪਕ ਤੇਲੂ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੇ ਢਿੱਡ ਵਿੱਚ ਗੋਲੀ ਲੱਗੀ ਹੈ। ਕਮਿਸ਼ਨਰੇਟ ਪੁਲਸ ਨੇ ਵਿਪਨ ਸੱਭਰਵਾਲ ਦੇ ਬਿਆਨਾਂ ‘ਤੇ ਸੁਭਾਸ਼ ਸੋਂਧੀ, ਉਸ ਦੇ ਬੇਟੇ ਹਿਮਾਂਸ਼ੂ ਸੋਂਧੀ, ਅੰਕੁਸ਼ ਸੋਂਧੀ, ਭਰਾ ਧਰਮਿੰਦਰ ਸੋਂਧੀ, ਸੁਰਿੰਦਰ, ਰਾਜੂ ਖੋਸਲਾ, ਕਿੰਦਾ ਗੋਬਾ, ਸਿਕੰਦਰ ਅਤੇ ਰਾਹੁਲ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਪਨ ਸੱਭਰਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਸਾਥੀਆਂ ਨਾਲ ਰਿਟਾਇਰਮੈਂਟ ਪਾਰਟੀ ਵਿੱਚ ਗਿਆ ਤਾਂ ਉਥੇ ਸੁਭਾਸ਼ ਸੋਂਧੀ, ਉਸ ਦੇ ਬੇਟੇ ਤੇ ਹੋਰ ਲੋਕ ਵੀ ਸਨ। ਪਾਰਟੀ ਤੋਂ ਬਾਹਰ ਆਉਂਦੇ ਹੀ ਉਸ ਨੂੰ ਧਮਕੀ ਦਿੱਤੀ ਗਈ ਕਿ ਨਿਗਮ ਚੋਣਾਂ ਵਿੱਚ ਉਸ ਨੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਦੀ ਮਦਦ ਕੀਤੀ ਹੈ। ਇਸ ਗੱਲ ‘ਤੇ ਉਹ ਉਸ ਨਾਲ ਝਗੜਨ ਲੱਗੇ। ਵਿਪਨ ਦਾ ਕਹਿਣਾ ਹੈ ਕਿ ਉਹ ਉਥੋਂ ਅਬਾਦਪੁਰਾ ਵਿੱਚ ਸ੍ਰੀ ਗੁਰੁੂ ਰਵਿਦਾਸ ਪ੍ਰਕਾਸ਼ ਦਿਵਸ ਦੇ ਪ੍ਰੋਗਰਾਮ ਵਿੱਚ ਚਲਾ ਗਿਆ, ਜਿੱਥੇ ਉਨ੍ਹਾਂ ਦਾ ਜੀਜਾ ਦੀਪਕ ਤੇਲੂ ਮਿਲਿਆ ਅਤੇ ਉਸ ਨੂੰ ਸਾਰੀ ਘਟਨਾ ਦੱਸੀ। ਰਾਤ ਸਮੇਂ ਦੀਪਕ ਤੇਲੂ ਉਸ ਨੂੰ ਘਰ ਛੱਡ ਕੇ ਜਦੋਂ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਸੁਭਾਸ਼ ਸੋਂਧੀ, ਉਸ ਦੇ ਬੇਟੇ ਅਤੇ ਭਰਾਵਾਂ ਅਤੇ ਹੋਰ ਸਾਥੀਆਂ ਨੇ ਘੇਰ ਲਿਆ। ਸੱਭਰਵਾਲ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਫੋਨ ‘ਤੇ ਦੀਪਕ ਤੇਲੂ ਨੂੰ ਘੇਰ ਲੈਣ ਬਾਰੇ ਦੱਸਿਆ। ਉਹ ਮੌਕੇ ‘ਤੇ ਪਹੁੰਚਿਆ ਤਾਂ ਸੁਭਾਸ਼ ਸੋਂਧੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਦਿੱਤੇ, ਜਿਸ ਤੋਂ ਦੀਪਕ ਤੇਲੂ ਦੇ ਪੇਟ ਵਿੱਚ ਗੋਲੀ ਲੱਗੀ। ਜਦ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਵੀ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂੇ ਨੇ ਆਪਣੀ ਜਾਨ ਬਚਾਈ ਅਤੇ ਦੀਪਕ ਤੇਲੂ ਨੂੰ ਹਸਪਤਾਲ ਦਾਖਲ ਕਰਾਇਆ।