ਭਾਜਪਾ ਦੇ ਸਰਵੇ ਵਿੱਚ ਉਸ ਦੀ ਦੁਸ਼ਮਣ ਨੰਬਰ ਵਨ ਕਾਂਗਰਸ ਹੀ ਨਿਕਲੀ

bjp
ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਦਿੱਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਭਾਵੇਂ ਜਿੱਤ ਹਾਸਲ ਨਾ ਕਰ ਸਕੇ, ਪਰ ਉਹ ਜਿੱਤ ਦੀ ਦਹਿਲੀਜ਼ ‘ਤੇ ਅਤੇ ਉਸ ਨੂੰ ਲੰਘਣ ਵਾਲਿਆਂ ਲਈ ਰੁਕਾਵਟ ਦੇ ਰੂਪ ਵਿੱਚ ਜ਼ਰੂਰ ਉਭਰ ਸਕਦੀ ਹੈ। ਭਾਜਪਾ ਦੇ ਅੰਦਰੂਨੀ ਸਰਵੇ ਵਿੱਚ ਇਹ ਗੱਲ ਉਜਾਗਰ ਹੋਈ ਹੈ, ਜਿਸ ਵਿੱਚ ਕਾਂਗਰਸ ਨਾਲ ਭਾਜਪਾ ਨੇ ਆਪਣੀ ਸਿੱਧੀ ਟੱਕਰ ਮੰਨੀ ਹੈ। ਸਰਵੇ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਉਧਰ ਸਰਵੇ ਵਿੱਚ ਕਾਂਗਰਸ ਨੂੰ ਦੂਸਰੇ ਨੰਬਰ ‘ਤੇ ਮੰਨਿਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਹਿ ਹੈ ਕਿ ਅਜੇ ਤੱਕ ਕਾਂਗਰਸ ਨੂੰ ਬੁਰੀ ਹਾਲਾਤ ਵਿੱਚ ਮੰਨਦੇ ਹੋਏ ਇਸ ਨੂੰ ਚੋਣ ਵਿੱਚੋਂ ਬਾਹਰ ਮੰਨਿਆ ਜਾ ਰਿਹਾ ਸੀ, ਪਰ ਖੁਦ ਭਾਜਪਾ ਦੇ ਸਰਵੇ ਨੇ ਇਹ ਗੱਲ ਝੂਠੀ ਸਾਬਤ ਕਰ ਦਿੱਤੀ ਹੈ। ਸਰਵੇ ਭਾਜਪਾ ਦੇ ਕੇਂਦਰੀ ਅਗਵਾਈ ਦੇ ਹੁਕਮ ‘ਤੇ ਹੋ ਰਿਹਾ ਹੈ। ਭਾਜਪਾ ਹਾਈ ਕਮਾਨ ਦੇ ਹੁਕਮ ਦੇ ਬਾਅਦ ਮੌਜੂਦਾ ਕੌਂਸਲਰਾਂ ਦਾ ਟਿਕਟ ਕੱਟਣ ਦਾ ਫਰਮਾਨ ਸੁਣਾਏ ਜਾਣ ‘ਤੇ ਪਾਰਟੀ ਵਿੱਚ ਵਿਰੋਧ ਵੀ ਹੋਣ ਲੱਗਾ ਹੈ। ਇਥੋਂ ਤੱਕ ਕਿ ਕੁਝ ਦਿੱਗਜ ਨੇਤਾਵਾਂ ਨੇ ਹਾਈ ਕਮਾਨ ਦੇ ਸਾਹਮਣੇ ਫੈਸਲੇ ‘ਤੇ ਸਵਾਲ ਚੁੱਕਦੇ ਹੋਏ ਉਸ ਨੂੰ ਬਦਲਣ ਲਈ ਕਿਹਾ ਹੈ। ਅਜਿਹੇ ‘ਚ ਪਾਰਟੀ ਹਾਈ ਕਮਾਨ ਵਲੋਂ ਫੈਸਲਾ ਨਾ ਬਦਲਣ ਬਾਰੇ ਸਪੱਸ਼ਟ ਕਹਿਣ ਦੇ ਨਾਲ ਪਾਰਟੀ ਦੀ ਦਿੱਲੀ ਦੇ ਲੋਕਾਂ ਵਿੱਚ ਕੀ ਸਥਿਤੀ ਹੈ ਤੇ ਮੌਜੂਦਾ ਕੌਂਸਲਰਾਂ ਨੂੰ ਚੋਣ ਨਾ ਲੜਨ ਦਾ ਫੈਸਲਾ ਪਾਰਟੀ ਲਈ ਠੀਕ ਹੋਵੇਗਾ ਜਾਂ ਨਹੀਂ ਅਤੇ ਨਵੇਂ ਅਰਜ਼ੀਕਰਤਾਵਾਂ ‘ਚੋਂ ਕਿੰਨ੍ਹਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ? ਇਨ੍ਹਾਂ ਸਾਰੀਆਂ ਗੱਲਾਂ ‘ਤੇ ਭਾਜਪਾ ਦੇ ਕੇਂਦਰੀ ਅਗਵਾਈ ਦੇ ਹੁਕਮ ਦੇ ਬਾਅਦ ਮਹਾਰਾਸ਼ਟਰ ਦੀ ਟੀਮ ਸਰਵੇ ਕਰ ਰਹੀ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਸਰਵੇ ਵਿੱਚ ਕਾਂਗਰਸ ਨੂੰ ਦੂਸਰੇ ਨੰਬਰ ‘ਤੇ ਮੰਨੇ ਜਾਣ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਤ੍ਰਿਕੋਣੀ ਮੁਕਾਬਲਾ ਵੀ ਹੋ ਸਕਦਾ ਹੈ। ਹਾਲਾਂਕਿ ਕਾਂਗਰਸ ਦੀ ਮਜ਼ਬੂਤੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਦਾ ਹਸ਼ਰ ਕਾਫੀ ਬੁਰਾ ਵੀ ਹੋ ਸਕਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸੀਟਾਂ ਤੇ ਜੇ ਗੌਰ ਕਰੀਏ ਤਾਂ ਉਹ ਕਦੇ ਕਾਂਗਰਸ ਦੇ ਕੈਡਰ ਵੋਟਰਾਂ ਵਾਲੇ ਇਲਾਕੇ ਦੇ ਤੌਰ ‘ਤੇ ਮੰਨੀਆਂ ਜਾਂਦੀਆਂ ਸਨ, ਜਦ ਕਿ ਭਾਜਪਾ ਦੇ ਖਾਤੇ ਵਿੱਚ ਪਿਛਲੇ ਨਿਗਮ ਚੋਣਾਂ ਦੇ ਸਮਾਨ ਸੀਟਾਂ ਮਿਲਣ ਦੀ ਉਮੀਦ ਪ੍ਰਗਟਾਈ ਗਈ ਹੈ।